ਚੰਡੀਗੜ੍ਹ/23 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਸ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਦੀ ਕੇਂਦਰੀ ਜਾਂਚ ਏਜੰਸੀ ਕੋਲੋ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਇੱਕ ਕਰੀਬੀ ਸਾਥੀ ਵੱਲੋਂ ਵਿਕਰੀ ਦੀ ਮਨਜ਼ੂਰੀ ਲਏ ਬਗੈਰ ਝੋਨੇ ਦੇ ਬਰੀਡਰ ਬੀਜ ਤਿਆਰ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਬੇਹੱਦ ਉੱਚੀਆਂ ਕੀਮਤਾਂ ਉੱਤੇ ਵੇਚਣ ਦਾ ਖੁਲਾਸਾ ਹੋਇਆ ਹੈ।
ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਸ ਘੁਟਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ 11 ਮਈ ਨੂੰ ਖੇਤੀਬਾੜੀ ਵਿਭਾਗ ਵੱਲੋਂ ਦਰਜ ਕਰਵਾਈ ਐਫਆਈਆਰ ਦੇ ਬਾਵਜੂਦ ਇੱਕ ਕੁਲਫੀਆਂ ਵੇਚਣ ਵਾਲੇ ਤੋਂ ਬੀਜ ਉਤਪਾਦਕ ਬਣੇ ਲੱਕੀ ਢਿੱਲੋਂ ਖ਼ਿਲਾਫ ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਉਸ ਨੂੰ ਸੁਖਜਿੰਦਰ ਰੰਧਾਵਾ ਦੀ ਪੁਸ਼ਤਪਨਾਹੀ ਹਾਸਿਲ ਹੈ। ਉਹਨਾਂ ਲੱਕੀ ਢਿੱਲੋਂ ਦੀ ਤੁਰੰਤ ਗਿਰਫਤਾਰੀ ਅਤੇ ਲੱਕੀਜ਼ ਸੀਡ ਫੈਕਟਰੀ ਵਿਖੇ ਤਾਇਨਾਤ ਸੀਡ ਇੰਸਪੈਕਟਰ ਨੂੰ ਤੁਰੰਤ ਮੁਅੱਤਲ ਕਰਨ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਪੀਏਯੂ ਲੁਧਿਆਣਾ ਦੇ ਉਹਨਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ ਕਿ ਜਿਹਨਾਂ ਨੇ ਅੱਗੇ ਭਾਰੀ ਉਤਪਾਦਨ ਲਈ ਬਰੀਡਰ ਸੀਡ ਜਾਰੀ ਕੀਤਾ ਸੀ। ਉਹਨਾਂ ਕਿਹਾ ਕਿ ਜਾਂਚ ਏਜੰਸੀ ਨੂੰ ਇਸ ਬੀਜ ਘੁਟਾਲੇ ਵਿਚ ਮੰਤਰੀ ਦੀ ਭੂਮਿਕਾ ਦੀ ਵੀ ਜਾਂਚ ਕਰਨੀ ਚਾਹੀਦੀ ਹੈ , ਕਿਉਂਕਿ ਦੋਸ਼ੀ ਪੰਜਾਬ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਵੀ ਜਾਣਦਾ ਹੈ, ਜਿਸ ਨੇ ਕਿਸਾਨ-ਪੱਖੀ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਅਜੇ ਤਕ ਇਹ ਮੁੱਦਾ ਨਹੀਂ ਉਠਾਇਆ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਕਿਸਾਨਾਂ ਨੂੰ ਇਸ ਨਕਲੀ ਬੀਜ ਦਾ ਇਸਤੇਮਾਲ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਬਦਲੇ ਵਿਚ ਉਹਨਾਂ ਨੂੰ ਬੀਜਣ ਲਈ ਕੋਈ ਹੋਰ ਬੀਜ ਮੁਫ਼ਤ ਦੇਣਾ ਚਾਹੀਦਾ ਹੈ।
ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਣਕਾਰੀ ਕਿ ਇੱਕ ਨਕਲੀ ਬੀਜ, ਜਿਸ ਨੂੰ ਪੀਏਯੂ ਲੁਧਿਆਣਾ ਨੇ ਪ੍ਰਮਾਣਿਤ ਨਹੀਂ ਕੀਤਾ ਹੈ, ਨੂੰ ਪੀਆਰ-128 ਅਤੇ ਪੀਆਰ-129 ਵੰਨਗੀਆਂ ਵਜੋਂ ਮਾਰਕੀਟ ਵਿਚ ਉਤਾਰਨ ਮਗਰੋਂ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ, ਤੋਂ ਬਾਅਦ ਵਿਭਾਗ ਨੇ ਲੁਧਿਆਣਾ ਵਿਖੇ ਇੱਕ ਐਫਆਈਆਰ ਦਰਜ ਕਰਵਾਈ ਸੀ। ਉਹਨਾਂ ਕਿਹਾ ਕਿ ਇਹ ਦੋਵੇਂ ਕਿਸਮਾਂ ਬਰੀਡਰ ਕਿਸਮਾਂ ਹਨ, ਜਿਹਨਾਂ ਨੂੰ ਪ੍ਰਾਈਵੇਟ ਏਜੰਸੀਆਂ ਜ਼ਰੀਏ ਵੇਚਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਇਹਨਾਂ ਨੂੰ ਪੀਏਯੂ ਵੱਲੋਂ ਬੇਹੱਦ ਘੱਟ ਮਾਤਰਾ ਵਿਚ 70 ਰੁਪਏ ਪ੍ਰਤੀ ਕਿਲੋ ਦੇ ਭਾਅ ਵੇਚਿਆ ਜਾਂਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਲੁਧਿਆਣਾ ਵਿਚ ਬਰਾੜ ਸੀਡ ਫਾਰਮ ਉੱਤੇ ਇੱਕ ਛਾਪਾ ਮਾਰਿਆ ਗਿਆ ਸੀ ਅਤੇ ਪੀਆਰ-129 ਵੰਨਗੀ ਦਾ 750 ਕੁਇੰਟਲ ਤੋਂ ਵੱਧ ਬੀਜ ਅਤੇ ਪੀਆਰ-128 ਵੰਨਗੀ ਦਾ 100 ਕੁਇੰਟਲ ਬੀਜ ਜ਼ਬਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਬਿਲ ਬੁੱਕ ਤੋਂ ਇਹ ਵੀ ਖੁਲਾਸਾ ਹੋਇਆ ਸੀ ਕਿ ਇਹ ਬੀਜ ਕਰਨਾਲ ਸੀਡ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸੰਬੰਧੀ ਕੀਤੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਰਨਾਲ ਸੀਡ ਫੈਕਟਰੀ ਅਸਲ ਵਿਚ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਵੀਰੋਕੇ ਵਿਖੇ ਲਗਾਈ ਹੋਈ ਸੀ ਅਤੇ ਇਸ ਦਾ ਮਾਲਿਕ ਸੁਖਜਿੰਦਰ ਰੰਧਾਵਾ ਦਾ ਕਰੀਬੀ ਸਾਥੀ ਲੱਕੀ ਢਿੱਲੋਂ ਸੀ। ਉਹਨਾਂ ਕਿਹਾ ਕਿ ਇਹ ਸੀਡ ਕੰਪਨੀ ਸਿਰਫ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਅਜੇ ਤਕ ਬਿਨਾਂ ਕੋਈ ਬੋਰਡ ਲਗਾਏ ਗੁਪਤ ਤੌਰ ਤੇ ਕੰਮ ਕਰਦੀ ਸੀ। ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ, ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਰਨਾਲ ਸੀਡ ਕੰਪਨੀ ਵਿਖੇ ਤਿਆਰ ਹੁੰਦੇ ਬੀਜਾਂ ਨੂੰ ਪ੍ਰਮਾਣਿਕ ਘੋਸ਼ਿਤ ਕਰਨ ਵਾਲਾ ਸੀਡ ਇੰਸਪੈਕਟਰ ਵੀ ਮੰਤਰੀ ਦੇ ਪਿੰਡ ਧਾਰੋਵਾਲੀ ਦਾ ਸੀ ਅਤੇ ਉਸ ਨੂੰ 2018 ਵਿਚ ਭਰਤੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸੀਡ ਇੰਂਸਪੈਕਟਰ ਦੀ ਮਿਲੀਭੁਗਤ ਕਰਕੇ ਇਹ ਹੋਇਆ ਕਿ ਕਰਨਾਲ ਸੀਡਜ਼ ਦੇ ਸਾਰੇ ਬੈਗਾਂ ਉੱਤੇ ਟੈਗ ਲੱਗੇ ਹੁੰਦੇ ਹਨ ਤਾਂ ਕਿ ਇਸ ਗੈਰਕਾਨੰਨੀ ਧੰਦੇ ਉੱਤੇ ਪਰਦਾ ਪਾਇਆ ਜਾ ਸਕੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਬਿਲਕੁੱਲ ਸਾਫ ਹੈ ਕਿ ਇਹਨਾਂ ਬੀਜਾਂ ਦੇ ਉਤਪਾਦਕ ਅਤੇ ਵੇਚਣ ਵਾਲਿਆਂ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜੋ ਕਿ ਪਹਿਲਾਂ ਹੀ ਇੱਕ ਵਿੱਤੀ ਸੰਕਟ ਵਿਚੋਂ ਲੰਘ ਰਹੇ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਇਸ ਮਹਾਂਮਾਰੀ ਦੇ ਸਮੇਂ ਵਿਚ ਵੀ ਕਾਂਗਰਸ ਪਾਰਟੀ ਇੱਕ ਤੋਂ ਬਾਅਦ ਦੂਜਾ ਘੁਟਾਲਾ ਕਰਕੇ ਕਿਸਾਨਾਂ ਨੂੰ ਠੱਗਣ 'ਚ ਰੁੱਝੀ ਹੈ। ਇਹ ਚਾਹੇ ਸ਼ਰਾਬ ਘੁਟਾਲਾ ਹੋਵੇ, ਰੇਤ ਮਾਈਨਿੰਗ ਜਾਂ ਪੀਪੀਈ ਕਿਟਾਂ ਦਾ ਘੁਟਾਲਾ ਹੋਵੇ। ਉਹਨਾਂ ਨੇ ਇਸ ਤਰ੍ਹਾਂ ਠੱਗੇ ਜਾ ਚੁੱਕੇ ਕਿਸਾਨਾਂ ਨੂੰ ਅੱਗੇ ਆ ਕੇ ਸ਼ਿਕਾਇਤਾਂ ਦਰਜ ਕਰਾਉਣ ਲਈ ਆਖਿਆ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਪੀਆਰ-128 ਅਤੇ ਪੀਆਰ-129 ਦੇ ਬੀਜਾਂ ਦਾ ਬਿਨਾਂ ਮਨਜ਼ੂਰੀ ਲਏ ਭਾਰੀ ਮਾਤਰਾ ਵਿਚ ਉਤਪਾਦਨ ਕੀਤਾ ਗਿਆ ਹੈ। ਹੁਣ ਇਹ ਜਾਣਨ ਦੀ ਲੋੜ ਹੈ ਕਿ ਇਹਨਾਂ ਬੀਜਾਂ ਦਾ ਕਿੰਨਾ ਕੁ ਉਤਪਾਦਨ ਕੀਤਾ ਗਿਆ ਹੈ ਜਦਕਿ ਇਹ ਦੋਵੇਂ ਕਿਸਮਾਂ ਅਜੇ ਬਰੀਡਰ ਸੀਡ ਸਟੇਜ ਉਤੇ ਹਨ ਅਤੇ ਪੀਏਯੂ ਲੁਧਿਆਣਾ ਕੋਲ ਇਹਨਾਂ ਦਾ ਬਹੁਤ ਹੀ ਸੀਮਤ ਭੰਡਾਰ ਹੈ।
ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਹਾਜ਼ਿਰ ਸਨ।