ਅੰਮ੍ਰਿਤਸਰ/22 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਮੰਤਰਾਲੇ ਬਚਾਉਣ ਲਈ ਇੱਕ ਕਾਲੇ ਬੱਕਰੇ ਦੀ ਬਲੀ ਦੇਣ ਸਮੇਤ ਕਾਲੇ ਜਾਦੂ ਵਿਚ ਯਕੀਨ ਰੱਖਣ ਵਾਲੇ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਲਿਖਣ ਉੱਤੇ ਚੰਡੀਗੜ੍ਹ ਦੇ ਪੱਤਰਕਾਰ ਜੈ ਸਿੰਘ ਛਿੱਬਰ ਖ਼ਿਲਾਫ ਦਰਜ ਕੀਤੇ ਝੂਠੇ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਨਵਾਂ ਸ਼ਹਿਰ ਦੇ ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਦੀ ਇੱਕ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਵਿਵਾਦਗ੍ਰਸਤ ਮੰਤਰੀ ਨੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਤਿੰਨ ਹੋਰ ਪੱਤਰਕਾਰਾਂ ਬਾਰੇ ਦੱਸਿਆ ਜਿਹਨਾਂ ਖ਼ਿਲਾਫ ਚੰਨੀ ਝੂਠੇ ਕੇਸ ਦਰਜ ਕਰਵਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲਗਭਗ ਹਰ ਜ਼ਿਲ੍ਹੇ ਅੰਦਰ ਸੈਕਸ਼ਨ 188 ਅਤੇ 505 ਤਹਿਤ ਪੱਤਰਕਾਰਾਂ ਖ਼ਿਲਾਫ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸਨਪ੍ਰੀਤ ਮਾਂਗਟ ਦੀ ਪਰਿਵਾਰ ਸਮੇਤ ਸਾਰੇ ਪੱਤਰਕਾਰਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ।
ਪੰਜਾਬ ਵਿਚ ਪ੍ਰੈਸ ਦੀ ਆਜ਼ਾਦੀ ਉੱਤੇ ਹਮਲੇ ਨੂੰ ਐਮਰਜੰਸੀ ਦੌਰਾਨ ਇੰਦਰਾ ਗਾਂਧੀ ਵੱਲੋਂ ਪੱਤਰਕਾਰਾਂ ਉੱਤੇ ਕੀਤੇ ਹਮਲੇ ਬਰਾਬਰ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੱਤਰਕਾਰਾਂ ਨੂੰ ਅਜਿਹੇ ਡਰਾਵੇ ਬਰਦਾਸ਼ਤਯੋਗ ਨਹੀਂ ਹਨ। ਉਹਨਾਂ ਨੇ ਮੀਡੀਆ ਨੂੰ ਵੀ ਇਸ ਅੱਤਿਆਚਾਰ ਦੇ ਖ਼ਿਲਾਫ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਚੰਨੀ ਦੇ ਇਸ਼ਾਰੇ ਉੱਤੇ ਰੋਪੜ ਪੁਲਿਸ ਨੇ ਨਾ ਸਿਰਫ ਅੱਜ ਸਵੇਰੇ ਛਿੱਬਰ ਦੇ ਚੰਡੀਗੜ੍ਹ ਵਾਲੇ ਘਰ ਉੱਤੇ ਛਾਪਾ ਮਾਰਿਆ, ਸਗੋਂ ਉਸ ਦੀ ਨਿੱਕੀ ਬੇਟੀ ਨਾਲ ਵੀ ਬਦਸਲੂਕੀ ਕੀਤੀ।
ਜੈ ਸਿੰਘ ਛਿੱਬਰ ਖ਼ਿਲਾਫ ਦਰਜ ਕੀਤੇ ਕੇਸ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੱਤਰਕਾਰ ਨੇ ਚੰਨੀ ਦਾ ਨਾਂ ਵੀ ਨਹੀਂ ਸੀ ਲਿਖਿਆ, ਇਸ ਦੇ ਬਾਵਜੂਦ ਉਸ ਖ਼ਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਛਿੱਬਰ ਨੇ ਚੰਨੀ ਦੀਆਂ ਕਾਲਾ ਜਾਦੂ ਕਰਨ ਵਾਲੀਆਂ ਗਤੀਵਿਧੀਆਂ ਦਾ ਬਿਓਰਾ ਦਿੱਤਾ ਸੀ ਅਤੇ ਇਹ ਵੀ ਦੱਸਿਆ ਕਿ ਉਸ ਨੇ ਇੱਕ ਤਾਂਤਰਿਕ ਦੇ ਕਹਿਣ ਉੱਤੇ ਆਪਣੇ ਘਰ ਦੇ ਸਾਹਮਣੇ ਸੜਕ ਬਣਾਉਣ ਲਈ ਇੱਕ ਪਾਰਕ ਉੱਤੇ ਕਬਜ਼ਾ ਕਰ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਚੰਨੀ ਦੀਆਂ ਗਰਮੀਆਂ ਵਿਚ ਸ਼ਾਲ ਲੈ ਕੇ ਇੱਕ ਹਾਥੀ ਕੋਲ ਖੜ੍ਹੇ ਦੀਆਂ ਤਸਵੀਰਾਂ ਵੇਖੀਆਂ ਹਨ। ਹੁਣ ਜਾਪਦਾ ਹੈ ਕਿ ਉਹ ਆਪਣਾ ਮੰਤਰਾਲਾ ਬਚਾਉਣ ਲਈ ਇੱਕ ਕਾਲੇ ਬੱਕਰੇ ਦੀ ਬਲੀ ਦੇਣ ਲਈ ਵੀ ਤਿਆਰ ਸੀ।
ਕਾਂਗਰਸੀ ਮੰਤਰੀ ਖ਼ਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਚਰਨਜੀਤ ਚੰਨੀ ਇਸ ਤੋਂ ਪਹਿਲਾਂ ਇੱਕ ਮਹਿਲਾ ਆਈਏਐਸ ਅਧਿਕਾਰੀ ਨੂੰ ਪ੍ਰੇਸ਼ਾਨ ਕਰ ਚੁੱਕਿਆ ਹੈ, ਜਿਸ ਨੇ ਮੰਤਰੀ ਖ਼ਿਲਾਫ 'ਮੀ ਟੂ' ਮੁਹਿੰਮ ਤਹਿਤ ਸ਼ਿਕਾਇਤ ਕੀਤੀ ਸੀ। ਉਹਨਾਂ ਕਿਹਾ ਕਿ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਰਾਹੁਲ ਗਾਂਧੀ ਨੇ ਚੰਨੀ ਨੂੰ ਬਚਾ ਲਿਆ ਸੀ ਅਤੇ ਸੂਬਾ ਸਰਕਾਰ ਨੇ ਇਸ ਕੇਸ ਦੀ ਜਾਂਚ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਚੰਨੀ ਨੂੰ ਇੱਕ ਆਦਤਨ ਅਪਰਾਧੀ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮੰਤਰੀ ਚਮਕੌਰ ਸਾਹਿਬ ਵਿਚ ਤਿੰਨ ਪੱਤਰਕਾਰਾਂ ਸੱਜਣ ਸਿੰਘ ਸੈਣੀ, ਮਨਜੀਤ ਸਿੰਘ ਸੈਣੀ ਅਤੇ ਇਕਬਾਲ ਸਿੰਘ ਖ਼ਿਲਾਫ ਵੀ ਝੂਠੇ ਕੇਸ ਦਰਜ ਕਰਵਾ ਚੁੱਕਿਆ ਹੈ। ਉਹਨਾਂ ਕਿਹਾ ਕਿ ਉਹ ਨਿਯੁਕਤੀਆਂ ਕਰਨ ਸਮੇਂ ਸਿੱਕਾ ਉਛਾਲ ਕੇ ਫੈਸਲੇ ਲੈਂਦਾ ਹੈ ਅਤੇ ਭਾਰਤੀ ਨੈਸ਼ਨਲ ਕਾਂਗਰਸ ਉਤੇ ਆਪਣੀ ਪੀਐਚਡੀ ਦੀ ਪ੍ਰੀਖਿਆ ਵਿਚ ਫੇਲ੍ਹ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਗਰੇਸ ਅੰਕ ਦੇ ਕੇ ਪਾਸ ਕੀਤਾ ਸੀ।
ਸਰਦਾਰ ਮਜੀਠੀਆ ਨੇ ਦੱਸਿਆ ਕਿ ਪੱਤਰਕਾਰ ਸਨਪ੍ਰੀਤ ਮਾਂਗਟ ਨੂੰ ਮਾਈਨਿੰਗ ਮਾਫੀਆ ਦੁਆਰਾ ਕਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਤਲ ਬਾਰੇ ਸਿਰਫ ਪੋਸਟ ਮਾਰਟਮ ਦੀ ਰਿਪੋਰਟ ਤੋਂ ਹੀ ਖੁਲਾਸਾ ਹੋਇਆ ਹੈ, ਜਿਸ ਵਿਚ ਪੱਤਰਕਾਰ ਉੱਤੇ ਤੇਜ਼ ਹਥਿਆਰਾਂ ਨਾਲ 14 ਹਮਲੇ ਕੀਤੇ ਜਾਣ ਬਾਰੇ ਪਤਾ ਚੱਲਿਆ ਹੈ ਜਦਕਿ ਨਵਾਂਸ਼ਹਿਰ ਪੁਲਿਸ ਨੇ ਇਸ ਮੌਤ ਨੂੰ ਇੱਕ ਹਾਦਸਾ ਕਹਿ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ।