ਐਲਾਨ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਆਪਣੇ ਖ਼ਿਲਾਫ ਝੂਠੇ ਕੇਸ ਵਿਚ ਜ਼ਮਾਨਤ ਦੀ ਅਰਜ਼ੀ ਨਹੀਂ ਦੇਣਗੇ
ਬੂਥਾਂ ਉੱਤੇ ਕਬਜ਼ੇ ਕਰਵਾਉਣ ਵਾਲੇ ਕਾਂਗਰਸੀ ਆਗੂਆਂ ਅਤੇ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ
ਜ਼ਿਲਾ• ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਮੇ ਸ਼ਰਾਰਤ ਹੋਣ ਦਾ ਖਦਸ਼ਾ ਜਤਾਇਆ ਅਤੇ ਵੀਡਿਓਗ੍ਰਾਫੀ ਦੀ ਮੰਗ ਕੀਤੀ
ਚੰਡੀਗੜ•/20 ਸਤੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਖ਼ਿਲਾਫ ਜ਼ਿਲ•ਾ ਪਰਿਸ਼ਦ ਅਤੇ ਪੰਚਾਇਤੀ ਸਮਿਤੀ ਚੋਣਾਂ ਦੌਰਾਨ ਬੂਥਾਂ ਉੱਤੇ ਕਬਜ਼ੇ ਕਰਵਾਉੁਣ ਲਈ ਤੁਰੰਤ ਕੇਸ ਦਰਜ ਕਰਨ ਅਤੇ ਉਸ ਨੂੰ ਗਿਰਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਹੱਕਾਂ ਵਾਸਤੇ ਲੜਾਈ ਜਾਰੀ ਰੱਖੇਗੀ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਖ਼ਿਲਾਫ ਸਿਆਸੀ ਬਦਲੇਖੋਰੀ ਤਹਿਤ ਦਰਜ ਕੀਤੇ ਝੂਠੇ ਕੇਸ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਨਹੀਂ ਦੇਣਗੇ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁਕਤਸਰ ਦੇ ਐਸਐਸਪੀ, ਜੋ ਕਿ ਮੁੱਖ ਮੰਤਰੀ ਦੇ ਓਐਸਡੀ ਸੋਨੂੰ ਢੇਸੀ ਦਾ ਸਕਾ ਭਰਾ ਹੈ, ਨੇ ਆਪਣੇ ਸਿਆਸੀ ਆਕਾਵਾਂ ਦਾ ਹੁਕਮ ਵਜਾਉਂਦਿਆਂ ਜ਼ਿਲ•ਾ ਪੁਲਿਸ ਨੂੰ ਕਾਂਗਰਸੀ ਵਰਕਰਾਂ ਦੀ ਬੂਥਾਂ ਉੱਤੇ ਕਬਜ਼ੇ ਕਰਨ ਵਿਚ ਮੱਦਦ ਕਰਨ ਲਈ ਨਿਰਦੇਸ਼ ਦਿੱਤੇ ਸਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਕੁੱਲ 54 ਬੂਥਾਂ ਵਿਚੋਂ ਜਿੱਥੇ ਦੁਬਾਰਾ ਪੋਲਿੰਗ ਦੇ ਹੁਕਮ ਦਿੱਤੇ ਗਏ ਸਨ, ਵਿਚੋਂ 36 ਬੂਥ ਮੁਕਤਸਰ ਜ਼ਿਲ•ੇ ਵਿਚੋਂ ਅਤੇ 11 ਇਕੱਲੇ ਲੰਬੀ ਹਲਕੇ ਵਿਚੋਂ ਸਨ। ਉਹਨਾਂ ਕਿਹਾ ਕਿ ਇੰਨੀ ਵੱਡੀ ਪੱਧਰ ਉੱਤੇ ਬੂਥਾਂ ਉੱਤੇ ਕਬਜ਼ੇ ਕੀਤੇ ਜਾਣ ਦੇ ਬਾਵਜੂਦ ਕਿਸੇ ਇੱਕ ਵੀ ਕਾਂਗਰਸੀ ਵਰਕਰ ਜਾਂ ਅਧਿਕਾਰੀ ਖ਼ਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਇਹ ਗੱਲ ਮਨਜੀਤ ਢੇਸੀ ਨੂੰ ਦੋਸ਼ੀ ਠਹਿਰਾਉਂਦੀ ਹੈ ਅਤੇ ਉਸ ਨੂੰ ਜਮਹੂਰੀਅਤ ਦੀ ਆਵਾਜ਼ ਕੁਚਲਣ ਅਤੇ ਮੁਕਤਸਰ ਜ਼ਿਲ•ੇ ਵਿਚ ਬਦਮਾਸ਼ਾਂ ਨੂੰ ਗੁੰਡਦਗਰਦੀ ਨਾ ਨੰਗਾ ਨਾਚ ਨੱਚਣ ਦੀ ਖੁੱਲ• ਦੇਣ ਲਈ ਢੁੱਕਵੀਂ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਸਮੁੱਚੇ ਮਾਮਲੇ ਦੀਆਂ ਤਹਾਂ ਖੋਲ•ਦਿਆਂ ਸਰਦਾਰ ਗਰੇਵਾਲ ਨੇ ਕਿਹਾ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਬੂਥਾਂ ਉੱਤੇ ਕਬਜ਼ਿਆਂ ਦੀ ਸੂਚਨਾ ਮਿਲਣ 'ਤੇ ਅੱਠ ਵਾਰ ਸੂਬੇ ਦੇ ਡੀਜੀਪੀ ਅਤੇ 2 ਵਾਰ ਆਈਜੀ ਨੂੰ ਫੋਨ ਕਰਨ ਪਿੱਛੋਂ ਮੁਕਤਸਰ ਵਿਚ ਕਿਲਿਆਂਵਾਲੀ ਵਿਖੇ ਘਟਨਾ ਵਾਲੀ ਥਾਂ ਉੱਤੇ ਪੁੱਜੇ ਸਨ। ਉਹਨਾਂ ਕਿਹਾ ਕਿ ਜਦੋਂ ਸੂਬੇ ਦੀ ਪੁਲਿਸ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਸਰਦਾਰ ਬਾਦਲ ਨੇ ਲੋਕਾਂ ਕੋਲ ਜਾਣਾ ਹੀ ਮੁਨਾਸਿਬ ਸਮਝਿਆ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਸਨ।
ਅਕਾਲੀ ਦਲ ਦੇ ਪ੍ਰਧਾਨ ਖਿਲਾਫ ਦਰਜ ਕੀਤੇ ਝੂਠ ਅਤੇ ਮਨਘੜਤ ਕੇਸ ਬਾਰੇ ਦੱਸਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸ਼ਿਕਾਇਤਕਰਤਾ ਜਤਿੰਦਰਪਾਲ ਕਾਂਗਰਸੀ ਉਮੀਦਵਾਰ ਰਵਿੰਦਰਪਾਲ ਰੰਮੀ ਦਾ ਸਕਾ ਭਰਾ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਐਫਆਈਆਰ ਵਿਚ ਕੋਈ ਨੁਕਸਾਨ ਪਹੁੰਚਾਏ ਜਾਣ ਦਾ ਜ਼ਿਕਰ ਨਹੀਂ ਹੈ ਅਤੇ ਨਾ ਹੀ ਕੋਈ ਮੈਡੀਕਲ ਰਿਪੋਰਟ ਲਾਈ ਗਈ ਹੈ ਜਦਕਿ ਇਹ ਧਾਰਾ ਸ਼ਾਮਿਲ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇੱਥੋਂ ਤਕ ਕਿ ਕਲਪਿਤ ਪੀੜਤ ਵੀ ਮੌੜ ਦੇ ਵਿਖਾਏ ਗਏ ਹਨ, ਜਿਸ ਨਾਲ ਸਾਡੀ ਇਸ ਦਲੀਲ ਦੀ ਪੁਸ਼ਟੀ ਹੁੰਦੀ ਹੈ ਕਿ ਲੰਬੀ ਵਿਚ ਬੂਥਾਂ ਉੱਤੇ ਕਬਜ਼ੇ ਕਰਨ ਲਈ ਬਾਹਰੋਂ ਲੋਕ ਸੱਦੇ ਗਏ ਸਨ। ਸ਼ਿਕਾਇਤਕਰਤਾ ਨੇ ਅੱਗੇ ਕਿਹਾ ਹੈ ਕਿ ਉਹ ਜ਼ਿਆਦਾਤਰ ਹਮਲਾਵਰਾਂ ਨੂੰ ਜਾਣਦਾ ਹੈ ਜਦਕਿ ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਨੇ ਅਕਾਲੀ ਦਲ ਖ਼ਿਲਾਫ ਚਲਾਈ ਸਿਆਸੀ ਬਦਲੇਖੋਰੀ ਦੀ ਮੁਹਿੰਮ ਤਹਿਤ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਵਿਰੁੱਧ ਕੇਸ ਦਰਜ ਕਰਨ ਦੀ ਯੋਜਨਾ ਘੜੀ ਹੋਈ ਸੀ। ਅਸੀਂ ਅਜਿਹੇ ਹਥਕੰਡਿਆਂ ਅੱਗੇ ਹਾਰ ਨਹੀਂ ਮੰਨਾਂਗੇ ਅਤੇ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਲਈ ਆਪਣੀ ਲੜਾਈ ਜਾਰੀ ਰੱਖਾਂਗੇ।
ਸੀਨੀਅਰ ਨੇਤਾ ਡਾਕਟਰ ਦਲਜੀਤ ਚੀਮਾ ਨੇ ਖੁਲਾਸਾ ਕੀਤਾ ਕਿ ਜ਼ਿਆਦਾਤਰ ਉਹਨਾਂ ਬੂਥਾਂ ਉੱਤੇ ਕਬਜ਼ੇ ਉੱਥੇ ਹੋਏ ਹਨ, ਜਿੱਥੋਂ ਅਕਾਲੀ ਵਰਕਰਾਂ ਨੂੰ ਬੂਥਾਂ ਵਿਚੋਂ ਕੱਢ ਦਿੱਤਾ ਗਿਆ। ਇਹ ਘਟਨਾਵਾਂ 164 ਥਾਂਵਾਂ ਉੱਤੇ ਵਾਪਰੀਆਂ ਸਨ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਪਏ ਦਬਾਅ ਕਰਕੇ ਐਸਈਸੀ ਨੂੰ 54 ਥਾਵਾਂ ਉੱਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦੇਣੇ ਪਏ। ਉਹਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਗੁੰਡਾਗਰਦੀ ਕਰਨ ਲਈ ਕਿਸੇ ਕਾਂਗਰਸੀ ਮੰਤਰੀ, ਵਿਧਾਇਕ ਜਾਂ ਵਰਕਰ ਖ਼ਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਿਹਨਾਂ ਮਾਮਲਿਆਂ ਵਿਚ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਜਿਵੇਂ ਕਿ 14 ਸਤੰਬਰ ਨੂੰ ਲੰਬੀ ਵਿਚ ਏਐਸਆਈ ਦਲਜੀਤ ਸਿੰਘ ਖ਼ਿਲਾਫ ਸ਼ਿਕਾਇਤ ਦਿੱਤੀ ਗਈ ਸੀ, ਉਹਨਾਂ ਮਾਮਲਿਆਂ ਵਿਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਮੰਤਰੀ ਬ੍ਰਹਮ ਮਹਿੰਦਰਾ ਦਾ ਨਿੱਜੀ ਸਹਾਇਕ ਕ੍ਰਮਵਾਰ ਬੂਥਾਂ ਉੱਤੇ ਕਬਜ਼ੇ ਕਰਦੇ ਅਤੇ ਜਾਅਲੀ ਵੋਟਾਂ ਭੁਗਤਾਉਂਦੇ ਵੇਖੇ ਗਏ ਸਨ।
ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਇਹ ਸਾਰੀ ਜਾਣਕਾਰੀ ਰਾਜ ਚੋਣ ਕਮਿਸ਼ਨ ਨੂੰ ਦੇ ਰਿਹਾ ਹੈ ਤਾਂ ਕਿ ਇਸ ਵਾਸਤੇ ਜ਼ਿੰਮੇਵਾਰੀ ਤਹਿ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਹੈ ਕਿ ਵੋਟਾਂ ਦੀ ਗਿਣਤੀ ਵੇਲੇ ਵੱਧ ਗੜਬੜੀਆਂ ਕੀਤੀਆਂ ਜਾਣਗੀਆਂ, ਕਿਉਂਕਿ ਅਧਿਕਾਰੀਆਂ ਨੇ ਅਕਾਲੀ ਦਲ ਦੇ ਉਮੀਦਵਾਰ ਤੋਂ ਚੋਣ ਨਤੀਜਿਆਂ ਵਾਲੇ ਫਾਰਮਾਂ ਉੱਤੇ ਪਹਿਲਾਂ ਹੀ ਦਸਤਖ਼ਤ ਕਰਵਾ ਲਏ ਹਨ। ਉਹਨਾਂ ਕਿਹਾ ਕਿ ਇਹ ਫਾਰਮ ਦੁਬਾਰਾ ਜਾਰੀ ਕੀਤੇ ਜਾਣੇ ਚਾਹੀਦੇ ਹਨ। ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਹੋਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਐਸਐਸਪੀ ਢੇਸੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਸਰਕਾਰਾਂ ਇਸ ਅਧਿਕਾਰੀ ਪ੍ਰਤੀ ਬਹੁਤ ਹੀ ਦਰਿਆਦਿਲੀ ਵਿਖਾਉਂਦੀਆਂ ਰਹੀਆਂ ਹਨ ਅਤੇ ਸਪੋਟਰਸ ਕੋਟੇ ਤਹਿਤ ਇੱਕ ਕਾਂਸਟੇਬਲ ਵਜੋਂ ਭਰਤੀ ਹੋ ਕੇ ਉਹ ਕਿਸ ਤਰ•ਾਂ ਐਸਐਸਪੀ ਬਣ ਚੁੱਕਿਆ ਹੈ ਜਦਕਿ ਖੇਡਾਂ ਵਿਚ ਵੀ ਉਸ ਨੇ ਕੋਈ ਵੱਡੀ ਮੱਲ ਨਹੀਂ ਮਾਰੀ ਹੈ। ਉਹਨਾਂ ਦੱਸਿਆ ਕਿ ਢੇਸੀ ਨੂੰ ਇੱਕ ਸਾਲ ਵਿਚ ਦੋ ਤਰੱਕੀਆਂ ਦੇ ਕੇ ਏਐਸਆਈ ਅਤੇ ਫਿਰ 2002 ਵਿਚ ਇੰਸਪੈਕਟਰ ਬਣਾ ਦਿੱਤਾ ਗਿਆ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਹਾਜ਼ਿਰ ਸਨ।