ਕਿਹਾ ਕਿ ਗੈਰਕਾਨੂੰਨੀ ਸੰਮਨਾਂ ਦੇ ਬਾਵਜੂਦ ਸਰਦਾਰ ਬਾਦਲ ਜਾਂਚ ਵਿਚ ਸਹਿਯੋਗ ਦੇਣਗੇ
ਚੰਡੀਗੜ•/13 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪੁਲਿਸ ਦੇ ਆਈਜੀ ਅਤੇ ਸਿਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਪੇਸ਼ੀ ਬਾਰੇ ਕੀਤੀਆਂ ਗੈਰ-ਪੇਸ਼ਾਵਰ, ਨਾਜਾਇਜ਼ ਅਤੇ ਸਿਆਸੀ ਮੌਕਾਪ੍ਰਸਤੀ ਨਾਲ ਲਬਰੇਜ਼ ਟਿੱਪਣੀਆਂ ਵਿਰੁੱਧ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਇਸ ਬਾਰੇ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਬੇਅਦਬੀ ਕੇਸਾਂ ਦੀ ਜਾਂਚ ਦੇ ਸੰਬੰਧ ਸਰਦਾਰ ਪਰਕਾਸ਼ ਸਿੰਘ ਬਾਦਲ,ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹੋਰ ਜਿਸ ਕਿਸੇ ਦੀ ਲੋੜ ਹੋਵੇਗੀ, ਉਹ ਪੁਲਿਸ ਜਾਂ ਸਿਟ ਦੁਆਰਾ ਸੱਦੇ ਜਾਣ ਉੱਤੇ ਪੂਰਾ ਸਹਿਯੋਗ ਦੇਣਗੇ। ਉਹਨਾਂ ਕਿਹਾ ਕਿ ਅਸੀਂ ਇਸ ਜਾਂਚ ਵਾਸਤੇ ਪੂਰਨ ਸਹਿਯੋਗ ਕਰਨ ਲਈ ਵਚਨਬੱਧ ਹਾਂ, ਕਿਉਂਕਿ ਸਰਕਾਰ ਨਾਲੋਂ ਵੀ ਵੱਧ, ਅਕਾਲੀ ਦਲ ਇਸ ਮਾਮਲੇ ਪਿਛਲੇ ਅਸਲੀ ਸੱਚ ਨੂੰ ਬਾਹਰ ਲਿਆਉਣਾ ਚਾਹੁੰਦਾ ਹੈ। ਅਸੀਂ ਪੁਲਿਸ ਨੂੰ ਜਾਂਚ ਦੇ ਕੰਮ ਵਿਚ ਪੂਰਾ ਸਹਿਯੋਗ ਦੇਣਾ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਆਪਣੇ ਅਕਾਲੀ-ਵਿਰੋਧੀ ਪੱਖਪਾਤ ਨੂੰ ਅਮਲੀ ਜਾਮਾ ਪਹਿਣਾਉਣ ਵਿਚ ਨਾਕਾਮ ਰਹਿਣ ਵਾਸਤੇ ਕੋਈ ਬਹਾਨਾ ਘੜਣ ਦਾ ਮੌਕਾ ਨਹੀਂ ਦੇਵਾਂਗੇ।
ਅਕਾਲੀ ਆਗੂਆਂ ਨੇ ਕਿਹਾ ਕਿ ਇੱਕ ਸਿਟ ਮੈਂਬਰ, ਜੋ ਕਿ ਇੱਕ ਸੀਨਅਰ ਪੁਲਿਸ ਅਧਿਕਾਰੀ ਹੈ, ਸ਼ਰੇਆਮ ਆਪਣੇ ਸਿਆਸੀ ਆਕਾਵਾਂ ਦੀ ਬੋਲੀ ਬੋਲ ਰਿਹਾ ਹੈ। ਉਹ ਪੁਲਿਸ ਅਧਿਕਾਰੀ ਆਪਣੇ ਸਿਆਸੀ ਰਹਿਬਰਾਂ ਵੱਲੋਂ ਰਟਾਈਆਂ ਗਈਆਂ ਗੱਲਾਂ ਨੂੰ ਦੁਹਰਾ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਇਹ ਗੱਲ ਭੁੱਲ ਗਿਆ ਲੱਗਦਾ ਹੈ ਕਿ ਉਹ ਦੇਸ਼ ਦੇ ਸਭ ਤੋਂ ਸੀਨੀਅਰ ਅਤੇ ਸਤਿਕਾਰਤ ਸਿਆਸਤਦਾਨ ਬਾਰੇ ਗੱਲ ਕਰ ਰਿਹਾ ਹੈ, ਜਿਸ ਦੀ ਉਮਰ 90 ਸਾਲ ਤੋਂ ਉੱਪਰ ਹੈ ਅਤੇ ਜਿਸ ਨੂੰ ਸੂਬੇ ਦੇ ਲੋਕ ਪੰਜ ਵਾਰ ਮੁੱਖ ਮੰਤਰੀ ਬਣਾ ਚੁੱਕੇ ਹਨ। ਅਧਿਕਾਰੀ ਇਹ ਵੀ ਭੁੱਲ ਗਿਆ ਹੈ ਕਿ ਸਰਦਾਰ ਬਾਦਲ ਅਤੇ ਸੁਖਬੀਰ ਬਾਦਲ ਸਿਟ ਅੱਗੇ ਦੋਸ਼ੀਆਂ ਵਜੋਂ ਨਹੀਂ, ਸਗੋਂ ਮਹਿਜ਼ ਗਵਾਹਾਂ ਵਜੋਂ ਪੇਸ਼ ਹੋ ਰਹੇ ਹਨ।
ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਵਰਤੀ ਗਈ ਮਾੜੀ ਭਾਸ਼ਾ ਅਤੇ ਇੱਕ ਚੁਣੇ ਹੋਏ ਆਗੂ ਦੀਆਂ ਸਿਆਸੀ ਗਤੀਵਿਧੀਆਂ ਅਤੇ ਰੈਲੀਆਂ ਬਾਰੇ ਕੀਤੀਆਂ ਟਿੱਪਣੀਆਂ ਲੋਕਾਂ ਦੇ ਚੁਣੇ ਨੁੰਮਾਇਦਿਆਂ ਦੀ ਮਾਣ ਮਰਿਆਦਾ ਨਾਲ ਜੁੜਿਆ ਮੁੱਦਾ ਹੈ। ਇਹ ਬਹੁਤ ਹੀ ਗੰਭੀਰ ਮਸਲਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਜਦੋਂ ਮੀਡੀਆ ਨੇ ਪੁਲਿਸ ਅਧਿਕਾਰੀ ਨੂੰ ਸਰਦਾਰ ਬਾਦਲ ਨੂੰ ਗੈਰ ਕਾਨੂੰਨੀ ਸੰਮਨ ਭੇਜਣ ਦੇ ਮੁੱਦੇ ਉੱਤੇ ਘੇਰ ਲਿਆ ਤਾਂ ਉਸ ਨੇ ਅਜਿਹੀ ਭੜਾਸ ਕੱਢੀ ਹੈ। ਉਹਨਾਂ ਕਿਹਾ ਕਿ ਸਿਟ ਦਾ ਹੁਕਮ ਗੈਰ ਕਾਨੂੰਨੀ ਹੋਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਾਰ ਵਾਰ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਦੋਵੇਂ ਸਿਟ ਨੂੰ ਪੂਰਾ ਸਹਿਯੋਗ ਦੇਣਗੇ। ਇਸ ਤਰ•ਾਂ ਪੁਲਿਸ ਅਧਿਕਾਰੀ ਵੱਲੋਂ ਅਜਿਹੀਆਂ ਟਿੱਪਣੀਆਂ ਕਰਨ ਦਾ ਕੋਈ ਠੋਸ ਆਧਾਰ ਨਹੀਂ ਸੀ।
ਸਾਬਕਾ ਮੁੱਖ ਮੰਤਰੀ ਨੂੰ ਜੈੱਡ ਕੈਟਾਗਰੀ ਤਹਿਤ ਦਿੱਤੀ ਗਈ ਸੁਰੱਖਿਆ ਅਤੇ ਵਾਹਨਾਂ ਬਾਰੇ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਨਾ ਤਾਂ ਕਦੇ ਸੁਰੱਖਿਆ ਮੰਗੀ ਹੈ ਅਤੇ ਨਾ ਹੀ ਇਸ ਨਾਲ ਜੁੜੀਆਂ ਬਾਕੀ ਸਹੂਲਤਾਂ।
ਜੇਕਰ ਪੁਲਿਸ ਅਧਿਕਾਰੀ ਇਹ ਸਮਝਦਾ ਹੈ ਕਿ ਜੈਡ ਸੁਰੱਖਿਆ ਛਤਰੀ ਇਹਨਾਂ ਦੋਵੇਂ ਆਗੂਆਂ ਨੂੰ ਦਰਪੇਸ਼ ਖ਼ਤਰੇ ਦਾ ਸਹੀ ਮੁਥਲੰਕਣ ਕਰਕੇ ਨਹੀ ਦਿੱਤੀ ਗਈ ਤਾਂ ਉਸ ਨੂੰ ਇਹ ਸੁਰੱਖਿਆ ਹਟਾ ਦੇਣ ਦੀ ਸਿਫਾਰਿਸ਼ ਕਰ ਦੇਣੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਅਧਿਕਾਰੀ ਦੀਆਂ ਟਿੱਪਣੀਆਂ ਅਤੇ ਵਿਵਹਾਰ ਨੇ ਉਸੇ ਗੱਲ ਦੀ ਪੁਸ਼ਟੀ ਕੀਤੀ ਹੈ, ਜਿਸ ਬਾਰੇ ਸਾਰੇ ਜਾਣਦੇ ਹਨ ਕਿ ਸਿਟ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਇੱਕ ਮੁਕੰਮਲ ਪੱਖਪਾਤੀ ਸਿਆਸੀ ਸੰਦ ਹੈ, ਜਿਸ ਦਾ ਕੰਮ ਅਕਾਲੀ ਆਗੂਆਂ ਖ਼ਿਲਾਫ ਪਹਿਲਾਂ ਤੋਂ ਤਿਆਰ ਕੀਤੀ ਇੱਕ ਸਿਆਸੀ ਰਿਪੋਰਟ ਨੂੰ ਕਾਨੂੰਨੀ ਰੰਗ ਦੇਣਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਇਸ ਲਈ ਪ੍ਰੇਸ਼ਾਨ ਲੱਗਦਾ ਹੈ, ਕਿਉਂਕਿ ਜ਼ਮੀਨੀ ਹਕੀਕਤਾਂ ਉਸ ਦਾ ਮੂੰਹ ਚਿੜਾ ਰਹੀਆਂ ਹਨ ਅਤੇ ਪੁਲਿਸ ਨੂੰ ਪਿਛਲੀ ਸਰਕਾਰ ਵਿਰੁੱਧ ਕੁੱਝ ਵੀ ਨਹੀਂ ਲੱਭ ਰਿਹਾ ਹੈ। ਉਹਨਾਂ ਕਿਹਾ ਕਿ ਤੱਥ ਇਹ ਹੈ ਕਿ ਇੱਕ ਮਸ਼ਹੂਰ ਪੱਖਪਾਤੀ ਸਾਬਕਾ ਜੱਜ ਰਣਜੀਤ ਸਿੰਘ ਦੀ ਅਗਵਾਈ ਵਿਚ ਬਣਾਇਆ ਗਿਆ ਇਕ ਸਿਆਸੀ ਕਮਿਸ਼ਨ ਵੀ ਬੇਅਦਬੀ ਦੇ ਮੁੱਦੇ ਉੱਤੇ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਕਿਸੇ ਹੋਰ ਨੂੰ ਫਸਾਉਣ ਵਿਚ ਨਾਕਾਮ ਹੋ ਚੁੱਕਿਆ ਹੈ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਜੇ ਸਿਟ ਵੀ ਸ਼ਰੇਆਮ ਸਿਆਸੀ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ।