ਡਾਕਟਰ ਚੀਮਾ ਨੇ ਕਿਹਾ ਕਿ ਇਸ ਪੈਸੇ ਦੀਆਂ ਜੜ੍ਹਾਂ ਲੱਭਣ ਦੀ ਲੋੜ ਹੈ
ਕਿਹਾ ਕਿ ਇਹ ਪੈਸਾ ਕਾਂਗਰਸ ਦੇ ਹੱਥਾਂ ਵਿਚ ਜਾ ਸਕਦਾ ਹੈ ਅਤੇ ਚੋਣਾਂ ਵਿਚ ਇਸ ਦੀ ਦੁਰਵਰਤੋ ਕੀਤੀ ਜਾ ਸਕਦੀ ਹੈ?
ਚੰਡੀਗੜ੍ਹ/14 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ (ਸੀਈਸੀ) ਨੂੰ ਖੰਨਾ ਪੁਲਿਸ ਟੀਮ ਵੱਲੋਂ ਇੱਕ ਈਸਾਈ ਪਾਦਰੀ ਦੀ ਰਿਹਾਇਸ਼ ਤੋਂ ਲੁੱਟੇ 6.65 ਕਰੋੜ ਰੁਪਏ ਦੀ ਸੁਤੰਤਰ ਜਾਂਚ ਕਰਵਾਉਣ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ਕਿਹਾ ਇਸ ਪੈਸੇ ਦਾ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਵੱਲੋਂ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਦੁਰਵਰਤੋਂ ਕੀਤੀ ਜਾ ਸਕਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਪੈਸੇ ਦੀਆਂ ਜੜ੍ਹਾਂ ਨੂੰ ਲੱਭਣਾ ਬਹੁਤ ਹੀ ਅਹਿਮ ਹੈ। ਉਹਨਾਂ ਕਿਹਾ ਕਿ ਇਹ ਪੈਸਾ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਦੇ ਹੱਥਾਂ ਵਿਚ ਜਾ ਸਕਦਾ ਹੈ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਭਰਮਾਉਣ ਲਈ ਵਰਤਿਆ ਜਾ ਸਕਦਾ ਹੈ। ਸਿਰਫ ਇੱਕ ਸੁਤੰਤਰ ਜਾਂਚ ਹੀ ਇਸ ਨੂੰ ਰੋਕ ਸਕਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਿਹਰੇ ਵਿਚ ਲਿਆ ਸਕਦੀ ਹੈ।
ਇਸ ਬਾਰੇ ਹੋਣ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਲਈ ਬਣਾਈ ਸਿਟ ਵੱਲੋਂ ਖੰਨਾ ਪੁਲਿਸ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ, ਪਰੰਤੂ ਇਹ ਸਿਟ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਖ਼ਿਲਾਫ ਕਾਰਵਾਈ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਦੋ ਸਬ ਇੰਸਪੈਕਟਰਾਂ ਅਤੇ ਇੱਕ ਸੂਹੀਏ ਨੇ ਮਿਲ ਕੇ ਇਸ ਪੈਸੇ ਦਾ ਗਬਨ ਕੀਤਾ ਹੈ ਅਤੇ ਹੁਣ ਪੁਲਿਸ ਇਹਨਾਂ ਤਿੰਨੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਗੱਲ ਬਹੁਤ ਹੀ ਸ਼ੱਕੀ ਜਾਪਦੀ ਹੈ ਕਿ ਬਿਨਾਂ ਕਿਸੇ ਸਿਆਸੀ ਪੁਸ਼ਤਪਨਾਹੀ ਦੇ ਦੋ ਹੇਠਲੇ ਦਰਜ ਦੇ ਪੁਲਿਸ ਕਰਮਚਾਰੀਆਂ ਨੇ ਇੰਨਾ ਵੱਡਾ ਅਪਰਾਧ ਕੀਤਾ ਹੈ। ਉਹਨਾਂ ਕਿਹਾ ਕਿ ਸਿਟ ਦੇ ਹੱਥ ਬੰਨ੍ਹੇ ਹੋਏ ਹਨ, ਕਿਉਂਕਿ ਕਾਂਗਰਸ ਸਰਕਾਰ ਨੂੰ ਰਿਪੋਰਟ ਦਿੰਦੀ ਹੈ ਅਤੇ ਇਸ ਨਜ਼ਰੀਏ ਤੋਂ ਇਹ ਜਾਂਚ ਨਹੀਂ ਕਰ ਸਕਦੀ। ਇਸੇ ਕਰਕੇ ਮਾਮਲੇ ਦੀ ਤਹਿ ਤੱਕ ਪੁੱਜਣ ਲਈ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਇੱਕ ਸੁਤੰਤਰ ਜਾਂਚ ਕਰਵਾਇਆ ਜਾਣਾ ਜਰੂਰੀ ਹੈ।
ਅਕਾਲੀ ਆਗੂ ਨੇ ਖੰਨਾ ਪੁਲਿਸ ਦੇ ਉਹਨਾਂ ਸਾਰੇ ਅਧਿਕਾਰੀਆਂ ਖਿਲਾਫ ਢੁੱਕਵੇਂ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ, ਜਿਹਨਾਂ ਨੇ ਈਸਾਈ ਪਾਦਰੀ ਐਂਥਨੀ ਮੈਡਾਸਰੀ ਵੱਲੋਂ ਕੀਤੇ ਇਸ ਦਾਅਵੇ ਕਿ ਖੰਨਾ ਪੁਲਿਸ ਵੱਲੋਂ ਉਸ ਦੀ ਰਿਹਾਇਸ਼ ਤੋਂ 16.32 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ, ਪਰੰਤੂ ਅਧਿਕਾਰੀ ਸਿਰਫ 9.66 ਕਰੋੜ ਰੁਪਏ ਦੀ ਬਰਾਮਦਗੀ ਵਿਖਾ ਰਹੇ ਹਨ, ਮਗਰੋਂ ਪੁਲਿਸ ਫੋਰਸ ਨੂੰ ਕਲੀਨ ਚਿਟ ਦੇਣ ਦੀ ਕੋਸ਼ਿਸ਼ ਕੀਤੀ ਸੀ। ਡਾਕਟਰ ਚੀਮਾ ਨੇ ਕਿਹਾ ਕਿ ਪਾਦਰੀ ਮੈਡਾਸਰੀ ਨੂੰ ਝੂਠਾ ਸਾਬਿਤ ਕਰਨ ਲਈ ਖੰਨਾ ਪੁਲਿਸ ਨੇ ਆਪਣੀ ਪੂਰੀ ਵਾਹ ਲਾਈ ਸੀ ਅਤੇ ਆਪਣੇ ਵੱਲੋਂ ਕੋਈ ਗੜਬੜ ਕਰਨ ਤੋਂ ਸਾਫ ਇਨਕਾਰ ਕੀਤਾ ਸੀ।ਪਰੰਤੂ ਪੈਸੇ ਦੀ ਗਿਣਤੀ ਕਰਨ ਵਾਲੇ ਸਾਊਥ ਇੰਡੀਅਨ ਬੈਂਕ ਦੇ ਅਧਿਕਾਰੀਆਂ ਦੀਆਂ ਗਵਾਹੀਆਂ ਅਤੇ ਸੀਸੀਟੀਵੀ ਦੀ ਫੁਟੇਜ ਨਾਲ ਖੰਨਾ ਪੁਲਿਸ ਦਾ ਝੂਠ ਫੜ੍ਹਿਆ ਗਿਆ। ਉਹਨਾਂ ਇਸ ਗੱਲ ਦੀ ਜਾਂਚ ਦੀ ਮੰਗ ਕੀਤੀ ਕਿ ਖੰਨਾ ਪੁਲਿਸ ਨੇ ਇਹ ਝੂਠਾ ਦਾਅਵਾ ਕਿਉਂ ਕੀਤਾ ਸੀ ਕਿ ਇਸ ਨੇ ਪੈਸੇ ਦੋਰਾਹੇ ਤੋਂ ਫੜੇ ਸਨ, ਜਦਕਿ ਇਸ ਨੇ ਆਪਣੇ ਅਧਿਕਾਰ ਖੇਤਰ ਦੀ ਉਲੰਘਣਾ ਕਰਕੇ ਇਹ ਪੈਸਾ ਜਲੰਧਰ ਵਿਖੇ ਪਾਦਰੀ ਦੀ ਰਿਹਾਇਸ਼ ਤੋਂ ਬਰਾਮਦ ਕੀਤਾ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਈਸਾਈ ਪਾਦਰੀ ਕੋਲੋਂ 6.65 ਕਰੋੜ ਰੁਪਏ ਲੁੱਟਣ ਦੀ ਘਟਨਾ ਨੂੰ 15 ਦਿਨ ਤੋਂ ਵੱਧ ਹੋਣ ਦੇ ਬਾਵਜੂਦ ਪੁਲਿਸ ਅਜੇ ਤਕ ਦੋਸ਼ੀਆਂ ਲਈ ਹਨੇਰੇ ਵਿਚ ਹੱਥ ਮਾਰ ਰਹੀ ਸੀ, ਜਦਕਿ ਉਹ ਇਸ ਦੇ ਅੰਦਰਲੇ ਮੁਲਾਜ਼ਮ ਹੀ ਸਨ।ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸੂਬਾ ਪੁਲਿਸ ਨੇ ਜਾਣ ਬੁੱਝ ਕੇ ਦੋਸ਼ੀ ਪੁਲਿਸ ਕਰਮਚਾਰੀਆਂ ਅਤੇ ਸੂਹੀਏ ਨੂੰ ਭੱਜਣ ਲਈ ਸਮਾਂ ਦਿੱਤਾ ਹੈ। ਇਹ ਜਾਪਦਾ ਹੈ ਕਿ ਇਸ ਡਕੈਤੀ ਪਿੱਛੇ ਕੰਮ ਕਰਦੀਆਂ ਤਾਕਤਵਰ ਧਿਰਾਂ ਨਹੀਂ ਚਾਹੁੰਦੀਆਂ ਕਿ ਉਹਨਾਂ ਦੇ ਬੰਦੇ ਗਿਰਫਤਾਰ ਹੋ ਜਾਣ, ਕਿਉਂਕਿ ਇਸ ਨਾਲ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਦੋਸ਼ੀਆਂ ਪੁਲਿਸ ਕਰਮਚਾਰੀਆਂ ਨੂੰ ਲੱਭਣ ਵਾਸਤੇ ਦਿਖਾਈ ਜਾ ਰਹੀ ਢਿੱਲ ਦੀ ਇਹੋ ਵਜ੍ਹਾ ਹੋ ਸਕਦੀ ਹੈ। ਉਹਨਾਂ ਇਸ ਸਮੁੱਚੇ ਕੇਸ ਦੀ ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।