ਕਿਹਾ ਕਿ ਪੰਜਾਬੀਆਂ ਨੂੰ ਦੱਸੋ ਕਿ ਪੰਜਾਬ ਦੇ ਉਦਯੋਗਪਤੀ ਯੂ ਪੀ ਵਿਚ ਯੋਗੀ ਨੁੰ ਮਿਲਣ ਲਈ ਮਜਬੂਰ ਕਿਉਂ ਹੋਏ ?
ਪੁੱਛਿਆ ਕਿ ਕੀ ਉਹਨਾਂ ਨੁੰ ਇੰਡਸਟਰੀ ਲਈ ਪਾਵਰ ਲਾਕਡਾਊਨ ਬਾਰੇ ਜਾਣਕਾਰੀ ਨਹੀਂ ?
ਇਕ ਝੂਠ ਸੌ ਵਾਰ ਬੋਲਣ ’ਤੇ ਸੱਚ ਨਹੀਂ ਬਣ ਜਾਂਦਾ : ਐਨ ਕੇ ਸ਼ਰਮਾ
ਚੰਡੀਗੜ੍ਹ, 14 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਕਾਂਗਰਸ ਸਰਕਾਰ ਵੱਲੋਂ ਇੰਡਸਟਰੀ ਨੂੰ ਦੇਣ ਲਈ ਬਿਜਲੀ ਦੀ ਘਾਟ ਨਾ ਹੋਣ ਤੇ ਸਸਤੀ ਬਿਜਲੀ ਦੇਣ ਬਾਰੇ ਝੁਠ ਫੈਲਾਅ ਰਹੇ ਹਨ ਤੇ ਪਾਰਟੀ ਨੇ ਉਹਨਾਂ ਨੁੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਪੰਜਾਬ ਦੇ ਉਦਯੋਗਪਤੀ ਯੂ ਪੀ ਵਿਚ ਜਾ ਕੇ ਉਥੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਮਿਲਣ ਲਈ ਮਜਬੂਰ ਕਿਉਂ ਹੋਏ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਬਜਾਏ ਇੰਡਸਟਰੀ ਨੂੰ ਸਸਤੀ ਤੇ ਬਿਨਾਂ ਰੁਕਾਵਟ ਬਿਜਲੀ ਦੇਣ ਵਿਚ ਕਾਂਗਰਸ ਦੀ ਅਸਫਲਤਾ ਨੁੰ ਪ੍ਰਵਾਨ ਕਰਨ ਦੇ ਸੂਬੇ ਦੇ ਉਦਯੋਗ ਮੰਤਰੀ ਆਪਣੀਆਂ ਪ੍ਰਾਪਤੀਆਂ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ। ਉਹਨਾਂ ਮੰਤਰੀ ਨੂੰ ਪੁੱਛਿਆ ਕਿ ਕੀ ਉਹਨਾਂ ਨੁੰ ਇੰਡਸਟਰੀ ’ਤੇ ਜਬਰੀ ਲੱਗੇ ਪਾਵਰ ਲਾਕਡਾਊਨ ਦੀ ਜਾਣਕਾਰੀ ਨਹੀਂ ਹੈ ? ਕੀ ਉਹਨਾਂ ਬਿਜਲੀਦੀ ਮੰਗ ਕਰ ਰਹੇ ਉਦਯੋਗਪਤੀਆਂ ਨੁੰ ਰੋਸ ਪ੍ਰਦਰਸ਼ਨ ਕਰਦਿਆਂ ਨਹੀਂ ਵੇਖਿਆ ?
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਉਦਯੋਗਪਤੀ ਅੱਜ ਬਹੁਤ ਤੰਗ ਪ੍ਰੇਸ਼ਾਨ ਹਨ ਅਤੇ ਇਸੇ ਲਈ ਆਪਣਾ ਵਪਾਰ ਬਚਾਉਣ ਵਾਸਤੇ ਪੰਜਾਬ ਤੋਂ ਬਾਹਰ ਆਪਣੀਆਂ ਇਕਾਈਆਂ ਮੁੜ ਸਥਾਪਿਤ ਕਰਨ ਵਾਲੇ ਥਾਂ ਭਾਲ ਰਹੇ ਹਨ ਕਿਉਂਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀਅ ਅਗਵਾਈ ਵਾਲੀ ਕਾਂਗਰਸ ਸਰਕਾਰ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਨਾਕਾਮ ਰਹੀ ਹੈ।
ਉਹਨਾਂ ਨੇ ਉਦਯੋਗ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਇਕ ਝੂਠ ਸੌ ਵਾਰ ਬੋਲਣ ’ਤੇ ਸੱਚ ਨਹੀਂ ਹੋ ਜਾਂਦਾ।