ਚੰਡੀਗੜ੍ਹ/03 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਇਕ ਦਲ ਦੇ ਆਗੂ ਵਜੋਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਐਲਾਨ ਕੀਤਾ ਹੈ ਕਿ ਇਹ ਜ਼ਿੰਮੇਵਾਰੀ ਹੁਣ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਸੰਭਾਲਣਗੇ।
ਇਸ ਦਾ ਖੁਲਾਸਾ ਕਰਦਿਆਂ ਪਾਰਟੀ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ ਅਸਤੀਫਾ ਸਵੀਕਾਰ ਕਰਨ ਮਗਰੋਂ ਅਤੇ ਪਾਰਟੀ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਅਕਾਲੀ ਦਲ ਪ੍ਰਧਾਨ ਨੇ ਵਿਧਾਨ ਸਭਾ ਅੰਦਰ ਪਾਰਟੀ ਦੇ ਵਿਧਾਇਕ ਦਲ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਸਾਰੇ ਪਾਰਟੀ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਲਾਹ ਦਿੱਤੀ ਕਿ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਵਜੋਂ ਸਰਦਾਰ ਢਿੱਲੋਂ ਦੇ ਲੰਬੇ ਤਜਰਬੇ ਅਤੇ ਉਹਨਾਂ ਵੱਲੋਂ ਪਾਰਟੀ ਦੀ ਕੀਤੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ ਇਹ ਜ਼ਿੰਮੇਵਾਰੀ ਉਹਨਾਂ ਨੂੰ ਹੀ ਸੌਂਪੀ ਜਾਵੇ। ਪਾਰਟੀ ਵਿਧਾਇਕਾਂ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਪਾਰਟੀ ਨਾਲੋਂ ਵੱਡਾ ਨਹੀਂ ਹੈ ਅਤੇ ਹਰੇਕ ਨੂੰ ਪਾਰਟੀ ਦੀ ਮਜ਼ਬੂਤੀ ਅਤੇ ਇਸ ਨੂੰ ਬੁਲੰਦੀਆਂ ਉੱਤੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ। ਵਿਧਾਇਕਾਂ ਨੇ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੂਰੇ ਜੋਸ਼ ਨਾਲ ਕੰਮ ਕਰਨ ਦੀ ਸਹੁੰ ਖਾਧੀ।
ਇਸ ਦੌਰਾਨ ਪਾਰਟੀ ਵਿਧਾਇਕ ਦਲ ਦੇ ਡਿਪਟੀ ਆਗੂ ਪਵਨ ਕੁਮਾਰ ਟੀਨੂੰ ਨੇ ਸਰਦਾਰ ਢਿੱਲੋਂ ਨੂੰ ਪੂਰੇ ਵਿਧਾਇਕ ਵਿੰਗ ਵੱਲੋਂ ਮਿਲੀ ਸ਼ਾਨਦਾਰ ਹਮਾਇਤ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਵਿਧਾਇਕ ਇੱਕਜੁਟ ਹਨ। ਉਹਨਾਂ ਕਿਹਾ ਕਿ ਸਾਰੇ ਵਿਧਾਇਕਾਂ ਨੇ ਨਵੇਂ ਆਗੂ ਨੂੰ ਵਧਾਈ ਦਿੱਤੀ, ਜਿਹਨਾਂ ਦਾ ਜਨਤਕ ਸੇਵਾ ਦਾ ਵੱਡਾ ਰਿਕਾਰਡ ਹੈ ਅਤੇ ਉਹ ਯੂਥ ਵਿੰਗ ਦੇ ਪ੍ਰਧਾਨ ਸਮੇਤ ਪਾਰਟੀ ਅੰਦਰ ਕਈ ਅਹਿਮ ਅਹੁਦਿਆਂ ਉੱਤੇ ਰਹੇ ਹਨ। ਉਹਨਾਂ ਕਿਹਾ ਕਿ ਸਰਦਾਰ ਸ਼ਰਨਜੀਤ ਢਿੱਲੋਂ ਨੇ ਸਮਰਥਨ ਦੇਣ ਲਈ ਪਾਰਟੀ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਨਵੀਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।