ਛਾਪੇਮਾਰੀ ਨਾਲ 'ਲਾਹਣ' ਫੜ ਕੇ ਕਾਂਗਰਸ ਨਾਲ ਜੁੜੀਆਂ ਡਿਸਟੀਲਰੀਆਂ ਨੂੰ ਰਾਹਤ ਦੇਣ ਦਾ ਯਤਨ : ਡਾ. ਚੀਮਾ
ਪੀੜਤ ਪਰਿਵਾਰਾਂ ਵੱਲੋਂ ਤਰਨਤਾਰਨ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਰਮਨਜੀਤ ਸਿੰਘ ਸਿੱਕੀ ਖਿਲਾਫ ਕੇਸ ਦਰਜ ਕੀਤਾ ਜਾਵੇ
ਜਾਖੜ ਦੱਸਣ ਕਿ ਕੌਣ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਮੁੱਖ ਹਿੱਸੇਦਾਰ ਤੇ ਮੁੱਖ ਮੰਤਰੀ ਨਿਵਾਸ ਦੀ ਇਸ ਵਿਚ ਕੀ ਭੂਮਿਕਾ : ਡਾ. ਚੀਮਾ
ਚੰਡੀਗੜ•, 4 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਕਾਂਗਰਸੀ ਆਗੂਆਂ ਨਾਲ ਜੁੜੀਆਂ ਦੋ ਡਿਸਟੀਲਰੀਆਂ ਦੀ ਭੂਮਿਕਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਦੇਸੀ ਸ਼ਰਾਬ ਬਣਾਉਣ ਵਾਲਿਆਂ 'ਤੇ ਛਾਪੇਮਾਰੀ ਕਰ ਕੇ ਕੀਤੇ ਜਾ ਰਹੇ ਯਤਨਾਂ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਵੱਲੋਂ ਜਿਹੜੇ ਕਾਂਗਰਸੀ ਆਗੂਆਂ ਦਾ ਨਾਂ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਦੇ ਮਾਮਲੇ ਵਿਚ ਲਿਆ ਗਿਆ ਹੈ, ਉਹਨਾਂ ਖਿਲਾਫ ਕੇਸ ਦਰਜ ਕੀਤਾ ਜਾਵੇ।
ਇਥੇ ਇਕ ਵਰੁਚਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਿਦਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਮਾੜੀ ਸਪਿਰਿਟ ਵਰਤੇ ਜਾਣ ਦਾ ਸਪਸ਼ਟ ਸਬੂਤ ਹੋਣ ਦੇ ਬਾਵਜੂਦ ਹਾਦਸੇ ਵਾਲੀ ਥਾਂ ਨੇੜਲੀਆਂ ਦੋ ਡਿਸਟੀਲਰੀਆਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਜਿਹੜੀਆਂ ਦੋ ਡਿਸਟੀਲਰੀਆਂ ਦੀ ਭੂਮਿਕਾ ਇਸ ਮਾਮਲੇ ਵਿਚ ਆ ਰਹੀ ਹੈ ਉਹਨਾਂ ਵਿਚੋਂ ਇਕ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਹੈ ਜਦਕਿ ਦੂਜੀ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ। ਉਹਨਾਂ ਕਿਹਾ ਕਿ ਸਰਨਾ ਪਰਿਵਾਰ ਦੀ ਮਲਕੀਅਤ ਵਾਲੀ ਡਿਸਟੀਲਰੀ ਵਿਚੋਂ ਪਹਿਲਾਂ ਹੀ ਟਰੱਕ ਭਰ ਕੇ ਨਜਾਇਜ਼ ਸ਼ਰਾਬ ਫੜੀ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਇਹਨਾਂ ਡਿਸਟੀਲਰੀਆਂ ਨੂੰ ਹਾਲੇ ਤੱਕ ਸੀਲ ਨਹੀਂ ਕੀਤਾ ਗਿਆ ਤੇ ਇਹਨਾਂ ਕੋਲੋਂ ਬਰਾਮਦ ਹੋਈ ਈ ਐਨ ਏ ਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਛਾਪੇਮਾਰੀ ਪਾਰਟੀਆਂ ਲੁਧਿਆਣਾ ਸਮੇਤ ਸੂਬੇ ਦੇ ਹੋਰ ਭਾਗਾਂ ਵਿਚ ਘੁੰਮ ਰਹੀਆਂ ਹਨ ਤਾਂ ਕਿ ਦੇਸੀ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ 'ਲਾਹਣ' ਫੜੀ ਜਾਵੇ ਤੇ ਲੋਕਾਂ ਦਾ ਅਸਲ ਮਾਮਲੇ ਤੋਂ ਲੋਕਾਂ ਦਾ ਧਿਆਨ ਪਾਸੇ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਕ ਹਫਤੇ ਵਿਚ ਹੀ ਭਾਰੀ ਮਾਤਰਾ ਵਿਚ 'ਲਾਹਣ' ਬਰਾਮਦ ਹੋਣ ਤੋਂ ਪਤਾ ਚਲਦਾ ਹੈ ਕਿ ਸਰਕਾਰ ਆਬਕਾਰੀ ਵਿਭਾਗ ਦੇ ਮਾਲੀਏ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਚੋਰੀ ਕੀਤੇ ਜਾਣ ਦੀ ਆਗਿਆ ਦੇ ਰਹੀ ਸੀ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਸਨੇ ਮਾਲੀਏ ਦੀ ਇਸ ਚੋਰੀ ਨੂੰ ਰੋਕਣ ਵਾਸਤੇ ਕਿਉਂ ਕਦਮ ਨਹੀਂ ਚੁੱਕੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਇਹ ਜਾਨਣਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਕਾਂਗਰਸੀ ਵਿਧਾਇਕਾਂ, ਪੁਲਿਸ ਅਤੇ ਡਿਸਟੀਲਰੀਆਂ ਤੇ ਆਬਕਾਰੀ ਅਧਿਕਾਰੀਆਂ ਜੋ ਇਸ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਲਈ ਜ਼ਿੰਮੇਵਾਰ ਹਨ, ਦੇ ਖਿਲਾਫ ਕਾਰਵਾਈ ਕਰਨ ਤੋਂ ਟਾਲਾ ਕਿਉਂ ਵੱਟ ਰਹੇ ਹਨ। ਉਹਨਾਂ ਕਿਹਾ ਕਿ ਉਹ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕਿਉਂ ਮੁੱਖ ਮੰਤਰੀ ਨੇ ਹੁਣ ਤੱਕ ਪੀੜਤ ਪਰਿਵਾਰਾਂ ਕੋਲ ਜਾਣਾ ਮੁਨਾਸਬ ਕਿਉਂ ਨਹੀਂ ਸਮਝਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕ ਇਕ ਪੀੜਤ ਪਰਿਵਾਰ ਪਹਿਲਾਂ ਹੀ ਤਰਨਤਾਰਨ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਚੁੱਕਾ ਹੈ ਤੇ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਦਾ ਦੋਸ਼ੀ ਦੱਸ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਸ਼ਿਕਾਇਤ 'ਤੇ ਆਧਾਰ 'ਤੇ ਕਾਰਵਾਈ ਹੋਣੀ ਚਾਹੀਦੀ ਸੀ ਤੇ ਹੁਣ ਤੱਕ ਇਹ ਬਿਆਨ ਐਫ ਆਈ ਆਰ ਦਾ ਭਾਗ ਬਣਾਇਆ ਜਾਣਾ ਚਾਹੀਦਾ ਸੀ।
ਇਸ ਦੌਰਾਨ ਡਾ. ਚੀਮਾ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਕੇਸ ਵਿਚ ਨਿਆਂ ਦੀ ਮੰਗ ਕਰ ਰਹੇ ਹਨ, ਉਹਨਾਂ ਦੀ ਆਵਾਜ਼ ਦਬਾਉਣ ਦੇ ਯਤਨ ਕਿਉਂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਪ ਸੰਕੇਤ ਦਿੱਤੇ ਹਨ ਕਿ ਜਿਹੜੇ ਐਮ ਪੀਜ਼ ਨੇ ਰਾਜਪਾਲ ਕੋਲ ਪਟੀਸ਼ਨ ਦਾਇਰ ਕਰ ਕੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਉਹਨਾਂ ਨਾਲ ਅਸਲ ਰੌਲਾ ਹਿੱਸੇਦਾਰੀ ਦਾ ਹੈ।
ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਘੁਟਾਲੇ ਵਿਚ ਮੁੱਖ ਹਿੱਸੇਦਾਰ ਕੌਣ ਹਨ ਮੰਤਰੀ ਤੇ ਵਿਧਾਇਕ ਅਤੇ ਇਸ ਵਿਚ ਮੁੱਖ ਮੰਤਰੀ ਨਿਵਾਸ ਦੀ ਕੀ ਭੂਮਿਕਾ ਹੈ। ਉਹਨਾਂ ਨੇ ਕਾਂਗਰਸ ਦੇ ਮੰਤਰੀਆਂ ਵੱਲੋਂ ਜ਼ਹਿਰੀਲੀ ਸ਼ਰਾਬ ਦੁਖਾਂਤ ਵਿਚ ਕਾਂਗਰਸੀਆਂ ਦੀ ਸ਼ਮੂਲੀਅਤ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕੀਤੀ ਦੂਸ਼ਣਬਾਜ਼ੀ ਦੀ ਵੀ ਸਖ਼ਤ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਘੁਟਾਲੇ ਵਿਚ ਮੁੱਖ ਹਿੱਸੇਦਾਰ ਕੌਣ ਹਨ ਮੰਤਰੀ ਤੇ ਵਿਧਾਇਕ ਅਤੇ ਇਸ ਵਿਚ ਮੁੱਖ ਮੰਤਰੀ ਨਿਵਾਸ ਦੀ ਕੀ ਭੂਮਿਕਾ ਹੈ। ਉਹਨਾਂ ਨੇ ਕਾਂਗਰਸ ਦੇ ਮੰਤਰੀਆਂ ਵੱਲੋਂ ਜ਼ਹਿਰੀਲੀ ਸ਼ਰਾਬ ਦੁਖਾਂਤ ਵਿਚ ਕਾਂਗਰਸੀਆਂ ਦੀ ਸ਼ਮੂਲੀਅਤ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕੀਤੀ ਦੂਸ਼ਣਬਾਜ਼ੀ ਦੀ ਵੀ ਸਖ਼ਤ ਨਿਖੇਧੀ ਕੀਤੀ।