ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਲਤ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਹੱਲ ਲੱਭਣ ਦੀ ਲੋੜ ਹੈ
ਕਿਹਾ ਕਿ ਕਣਕ ਦੀ ਵਾਢੀ ਅਤੇ ਖਰੀਦ , ਖੁਰਾਕੀ ਵਸਤਾਂ ਦੀ ਸਪਲਾਈ ਬਹਾਲ ਕਰਨ ਅਤੇ ਕੋਵਿਡ-19 ਖਿਲਾਫ ਲੜਾਈ ਵਾਸਤੇ ਢੁੱਕਵੀਆਂ ਸਿਹਤ ਸਹੂਲਤਾਂ ਪੈਦਾ ਕਰਨ ਬਾਰੇ ਚਰਚਾ ਕਰਨ ਦੀ ਲੋੜ ਹੈ
ਚੰਡੀਗੜ੍ਹ/05 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਿਆ ਹੈ ਕਿ ਕੋਵਿਡ-19 ਖਿਲਾਫ ਲੜਾਈ ਲਈ ਸੂਬੇ ਅੰਦਰ ਲੰਬੇ ਸਮੇਂ ਤੋਂ ਲਗਾਏ ਗਏ ਕਰਫਿਊ ਨਾਲ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਉਹ ਇੱਕ ਸਰਬਪਾਰਟੀ ਮੀਟਿੰਗ ਸੱਦਣ।
ਮੁੱਖ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੱਗੇ ਕਰਫਿਊ ਨੇ ਕਿਸਾਨਾਂ, ਸਿਹਤ ਕਾਮਿਆਂ, ਵਪਾਰੀਆਂ, ਦਿਹਾੜੀਦਾਰਾਂ ਸਮੇਤ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਸਮੱਸਿਆਵਾਂ ਕਾਬੂ ਤੋਂ ਬਾਹਰ ਹੋ ਕੇ ਹਰ ਸੈਕਟਰ ਅੰਦਰ ਤਬਾਹੀ ਮਚਾ ਦੇਣ ਅਤੇ ਹਰ ਵਰਗ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਵਧਾ ਦੇਣ, ਸਾਨਂੂੰ ਤੁਰੰਤ ਇਹਨਾਂ ਦੇ ਹੱਲ ਲੱਭਣ ਦੀ ਲੋੜ ਹੈ।
ਮੁੱਖ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੱਗੇ ਕਰਫਿਊ ਨੇ ਕਿਸਾਨਾਂ, ਸਿਹਤ ਕਾਮਿਆਂ, ਵਪਾਰੀਆਂ, ਦਿਹਾੜੀਦਾਰਾਂ ਸਮੇਤ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਸਮੱਸਿਆਵਾਂ ਕਾਬੂ ਤੋਂ ਬਾਹਰ ਹੋ ਕੇ ਹਰ ਸੈਕਟਰ ਅੰਦਰ ਤਬਾਹੀ ਮਚਾ ਦੇਣ ਅਤੇ ਹਰ ਵਰਗ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਵਧਾ ਦੇਣ, ਸਾਨਂੂੰ ਤੁਰੰਤ ਇਹਨਾਂ ਦੇ ਹੱਲ ਲੱਭਣ ਦੀ ਲੋੜ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਕਣਕ ਦੀ ਵਾਢੀ ਸਿਰ ਤੇ ਆ ਗਈ ਹੈ, ਪਰੰਤੂ ਪੂਰੇ ਦੇਸ਼ ਵਿਚ ਲਾਗੂ ਤਾਲਾਬੰਦੀ ਕਰਕੇ ਮਜ਼ਦੂਰਾਂ ਅਤੇ ਕੰਬਾਇਨ ਹਾਰਵੈਸਟਰਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਖਰੀਦੀ ਕਣਕ ਦੀ ਚੁਕਾਈ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਕਰੋਨਾਵਾਇਰਸ ਦੇ ਖਤਰੇ ਕਰਕੇ ਕਿਸਾਨਾਂ ਅਤੇ ਵਪਾਰੀਆਂ ਦੇ ਵੱਡੇ ਇਕੱਠਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹਨਾਂ ਮੁੱਦਿਆਂ ਨੂੰ ੁਤਰੰਤ ਹੱਲ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਦੇਸ਼ ਅਨਾਜ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਸੂਬੇ ਅਂੰਦਰ ਜਰੂਰੀ ਵਸਤਾਂ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸਪਲਾਈ ਚੇਨ ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਲੰਬੇ ਸਮੇਂ ਦੇ ਕਰਫਿਊ ਕਰਕੇ ਬਹੁਤ ਸਾਰੇ ਲੋਕਾਂ ਕੋਲ ਖਾਣ ਦੀਆਂ ਵਸਤਾਂ, ਦਵਾਈਆਂ, ਫਲ ਅਤੇ ਸ਼ਬਜ਼ੀਆਂ ਵੀ ਖ਼ਤਮ ਹੋ ਗਈਆਂ ਹਨ। ਉਹਨਾਂ ਕਿਹਾ ਕਿ ਸੂਬੇ ਦੇ ਹਰ ਨਾਗਰਿਕ ਲਈ ਇਹਨਾਂ ਮੁੱਢਲੀਆਂ ਚੀਜ਼ਾਂ ਦੀ ਸਪਲਾਈ ਤੁਰੰਤ ਬਹਾਲ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹਾ ਕਰਨ ਨਾਲ ਪ੍ਰਸਾਸ਼ਨ ਨੂੰ ਪੰਜਾਬੀਆਂ ਨੂੰ ਘਰਾਂ ਅੰਦਰ ਰੱਖਣ ਵਿਚ ਮੱਦਦ ਮਿਲੇਗੀ ਅਤੇ ਕਰੋਨਾ ਖ਼ਿਲਾਫ ਇਹ ਲੜਾਈ ਹੋਰ ਵੀ ਪ੍ਰਭਾਵਸ਼ਾਲੀ ਹੋਵੇਗੀ। ਉਹਨਾਂ ਕਿਹਾ ਕਿ ਪਸ਼ੂਆਂ ਲਈ ਫੀਡ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਨੂੰ ਤੁਰੰਤ ਲੀਹ ਉੱਤੇ ਲਿਆਉਣ ਦੀ ਲੋੜ ਹੈ।
ਕੋਵਿਡ-19 ਖ਼ਿਲਾਫ ਇਸ ਲੜਾਈ ਵਿਚ ਸਿਹਤ ਸਹੂਲਤਾਂ ਦੀ ਘਾਟ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ, ਨਰਸਾਂ ਅਤੇ ਬਾਕੀ ਮੈਡੀਕਲ ਸਟਾਫ ਕੋਲ ਪੀਪੀਈ ਕਿਟਾਂ ਤਕ ਨਹੀਂ ਹਨ। ਉਹਨਾਂ ਕਿਹਾ ਕਿ ਹਸਪਤਾਲਾਂ ਵਿਚ ਵੈਂਟੀਲੇਟਰਾਂ, ਦਵਾਈਆਂ ਅਤੇ ਬਾਕੀ ਮੈਡੀਕਲ ਉਪਕਰਣਾਂ ਦੀ ਭਾਰੀ ਘਾਟ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਲੜਾਈ ਨੂੰ ਸਭ ਤੋਂ ਅੱਗੇ ਹੋ ਕੇ ਲੜ ਰਹੇ ਮੈਡੀਕਲ ਸਟਾਫ ਕੋਲ ਜੇਕਰ ਖੁਦ ਨੂੰ ਇਸ ਨਾਮੁਰਾਦ ਵਾਇਰਸ ਤੋਂ ਬਚਾਉਣ ਲਈ ਸੁਰੱਖਿਆ ਕਿਟਾਂ ਹੀ ਨਹੀਂ ਹੋਣਗੀਆਂ ਤਾਂ ਉਹ ਇਹ ਲੜਾਈ ਕਿਵੇਂ ਲੜ ਸਕਦੇ ਹਨ? ਉਹਨਾਂ ਕਿਹਾ ਕਿ ਸਰਕਾਰ ਨੂੰ ਸਾਰੇ ਹਸਪਤਾਲਾਂ ਅਤੇ ਮੈਡੀਕਲ ਸਟਾਫ ਕੋਲ ਇਹ ਸਹੂਲਤਾਂ ਉਪਲੱਬਧ ਕਰਾਉਣ ਬਾਰੇ ਰਾਹ ਤਲਾਸ਼ਣੇ ਚਾਹੀਦੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਉੱਘੇ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਨਾਲ ਪੀੜਤ ਹੋਣ ਮਗਰੋਂ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਸਹੀ ਇਲਾਜ ਨਾ ਹੋਣ ਕਰਕੇ ਹੋਈ ਮੌਤ ਨੇ ਸਿੱਖ ਭਾਈਚਾਰੇ ਨੂੰ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਦਿੱਤਾ ਹੈ। ਉਹਨਾਂ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਭਰੋਸਾ ਟੁੱਟ ਚੁੱਕਾ ਹੈ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਾਈ ਖਾਲਸਾ ਨਾਲ ਹੋਈ ਬਦਸਲੂਕੀ ਬਾਰੇ ਆਡਿਓ ਕਲਿੱਪ ਦਾ ਸਬੂਤ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਲੀਨ ਚਿਟ ਦੇ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਭਾਈ ਖਾਲਸਾ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਿਆ ਗਿਆ ਸੀ, ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਸੱਟ ਵੱਜੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਰਫਿਊ ਨੇ ਸੂਬੇ ਅੰਦਰ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਹੈ, ਜਿਸ ਕਰਕੇ ਵਪਾਰੀਆਂ, ਉਦਯੋਗਪਤੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਭਾਰੀ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਗਰੀਬਾਂ ਅਤੇ ਦਿਹਾੜੀਦਾਰਾਂ ਨੂੰ ਸਭ ਤੋਂ ਵੱਧ ਤਕਲੀਫ ਝੱਲਣੀ ਪੈ ਰਹੀ ਹੈ, ਕਿਉਂਕਿ ਉਹਨਾਂ ਕੋਲ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਦਾ ਕੋਈ ਸਾਧਨ ਨਹੀਂ ਹੈ। ਉਹਨਾਂ ਮੁੱਖ ਮੰਤਰੀ ਨੂੰ ਉਹਨਾਂ ਸਿੱਖ ਸ਼ਰਧਾਲੂਆਂ ਬਾਰੇ ਵੀ ਦੱਸਿਆ ਜੋ ਕਿ ਨਾਦੇਂੜ ਸਾਹਿਬ ਵਿਖੇ ਫਸੇ ਹੋਏ ਹਨ ਅਤੇ ਉਹਨਾਂ ਨੂੰ ਤੁਰੰਤ ਵਾਪਸ ਲਿਆਉਣ ਦੀ ਲੋੜ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹਨਾਂ ਸਾਰੇ ਮੁੱਦਿਆਂ ਉੱਤੇ ਸਰਬਪਾਰਟੀ ਮੀਟਿੰਗ ਵਿਚ ਵਿਸਥਾਰ ਸਹਿਤ ਚਰਚਾ ਕਰਨ ਦੀ ਬੇਨਤੀ ਕੀਤੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰੱਖ ਕੇ ਇਸ ਮਹਾਂਮਾਰੀ ਖ਼ਿਲਾਫ ਲੜਾਈ ਵਿਚ ਸੂਬਾ ਸਰਕਾਰ ਦੀ ਮੱਦਦ ਕੀਤੀ ਜਾ ਸਕੇ।