ਚੰਡੀਗੜ੍ਹ/26 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਹ ਸਾਬਿਤ ਕਰਨ ਲਈ ਸਬੂਤ ਪੇਸ਼ ਕੀਤੇ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਡਰੱਗ ਮਾਫੀਆ ਨਾਲ ਅੰਦਰਖਾਤੇ ਮਿਲਿਆ ਹੋਇਆ ਹੈ ਅਤੇ ਨਸ਼ਾ-ਰੋਗੀਆਂ ਦੇ ਇਲਾਜ ਲਈ ਇਸਤੇਮਾਲ ਹੁੰਦੀਆਂ ਬੁਪਰੀਨੌਰਫਿਨ ਦੀਆਂ 5 ਕਰੋੜ ਗੋਲੀਆਂ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਨੂੰ ਦੇਣ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਕੇ ਦੋਸ਼ੀਆਂ ਦਾ ਬਚਾਅ ਕਰਨ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।
ਅਕਾਲੀ ਵਿਧਾਇਕ ਦਲ ਦੇ ਮੈਂਬਰਾਂ ਸਣੇ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੁਣ ਸਿਹਤ ਮੰਤਰੀ ਵੱਲੋਂ ਕੀਤੀ ਹੇਰਾਫੇਰੀ ਦੇ ਸਬੂਤ ਜਨਤਾ ਦੇ ਸਾਹਮਣੇ ਹਨ, ਇਸ ਲਈ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਐਨਡੀਪੀਐਸ ਐਕਟ ਤਹਿਤ ਉਸ ਖ਼ਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ 300 ਕਰੋੜ ਰੁਪਏ ਦੇ ਨਸ਼ੇ ਦੀਆਂ ਗੋਲੀਆਂ ਦੇ ਘੁਟਾਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਮੱਦਦ ਵਾਸਤੇ ਇੱਕ ਵੱਖਰੀ ਜਾਂਚ ਦਾ ਹੁਕਮ ਦੇਣਾ ਚਾਹੀਦਾ ਹੈ।
ਅਕਾਲੀ ਵਿਧਾਇਕਾਂ ਪਵਨ ਟੀਨੂੰ ਅਤੇ ਡਾਕਟਰ ਸੁਖਵਿੰਦਰ ਸੁੱਖੀ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਬਲਬੀਰ ਸਿੱਧੂ ਖ਼ਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਿਰਫ ਬੁਪਰੀਨੌਰਫਿਨ ਗੋਲੀਆਂ ਨੂੰ ਗਾਇਬ ਕਰਨ ਕਰਕੇ ਹਜ਼ਾਰਾਂ ਨਸ਼ਾ ਰੋਗੀਆਂ ਦੀ ਮੌਤ ਲਈ ਹੀ ਜ਼ਿੰਮੇਵਾਰ ਨਹੀਂ ਹੈ, ਸਗੋਂ ਨਵੇਂ ਨਸ਼ਾ ਰੋਗੀ ਵੀ ਪੈਦਾ ਕਰ ਰਿਹਾ ਹੈ, ਕਿਉਂਕਿ ਜੇਕਰ ਇਹ ਦਵਾਈ ਡਾਕਟਰ ਦੀ ਨਿਗਰਾਨੀ ਹੇਠ ਨਹੀਂ ਦਿੱਤੀ ਜਾਂਦੀ ਤਾਂ ਇਹ ਨਸ਼ੇੜੀ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਮੰਤਰੀ ਨਸ਼ਾ-ਰੋਗੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੇ ਆਪਣੇ ਫਰਜ਼ ਨੂੰ ਨਿਭਾਉਣ ਵਿਚ ਵੀ ਨਾਕਾਮ ਹੋਇਆ ਹੈ ਅਤੇ ਉਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ।
ਬਲਬੀਰ ਸਿੱਧੂ ਖ਼ਿਲਾਫ ਨਵੇਂ ਸਬੂਤ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਸਿਹਤ ਸਕੱਤਰ ਨੇ 2 ਦਸੰਬਰ 2019 ਨੂੰ ਗਾਇਬ ਹੋਈਆਂ ਗੋਲੀਆਂ ਦਾ ਵੇਰਵਾ ਦਿੰਦਿਆਂ ਵੱਖ ਵੱਖ ਪ੍ਰਾਈਵੇਟ ਕੇਂਦਰਾਂ ਨੂੰ 12 ਕਾਰਣ ਦੱਸੋ ਨੋਟਿਸ ਜਾਰੀ ਕੀਤੇ ਸਨ ਅਤੇ ਕਿਹਾ ਸੀ ਕਿ ਉਹਨਾਂ ਸਾਰਿਆਂ ਖ਼ਿਲਾਫ ਐਨਡੀਪੀਸੀ ਐਕਟ ਅਤੇ ਲਾਇਸੰਸਿੰਗ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪ੍ਰਾਈਵੇਟ ਕੇਂਦਰਾਂ ਨੂੰ 10 ਦਿਨ ਦੇ ਅੰਦਰ ਜੁਆਬ ਦੇਣ ਲਈ ਕਿਹਾ ਗਿਆ ਸੀ। ਇਹ ਸਾਰੇ ਨੋਟਿਸ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਇਲਾਵਾ ਸਰਦਾਰ ਮਜੀਠੀਆ ਨੇ ਰਸਨ ਫਾਰਮਾ ਨੂੰ ਜਾਰੀ ਹੋਇਆ ਕਾਰਣ ਦੱਸੋ ਨੋਟਿਸ ਵੀ ਵਿਖਾਇਆ, ਜਿਸ ਵਿਚ ਕੰਪਨੀ ਉਤੇ 2.87 ਕਰੋੜ ਗੋਲੀਆਂ ਸਰਕਾਰੀ ਸਿਸਟਮ ਤੋਂ ਬਾਹਰ ਜਾ ਕੇ ਵੰਡਣ ਦਾ ਦੋਸ਼ ਲਾਇਆ ਹੈ।
ਡਾਕਟਰ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਪ੍ਰਾਈਵੇਟ ਕੇਂਦਰਾਂ ਅਤੇ ਰਸਨ ਫਾਰਮਾ ਦੇ ਖ਼ਿææਲਾਫ ਕਾਰਵਾਈ ਕਰਨ ਦੀ ਬਜਾਇ ਸਿਹਤ ਮੰਤਰੀ ਨੇ ਸਿਹਤ ਸਕੱਤਰ ਦੀ ਜਾਂਚ ਰੋਕ ਕੇ ਅਤੇ ਸਿਵਲ ਸਰਜਨਾਂ ਨੂੰ ਮੌਕੇ ਉੱਤੇ ਜਾਂਚ ਕਰਨ ਲਈ ਕਹਿ ਕੇ ਇਸ ਸਾਰੇ ਮਾਮਲੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਹ ਦਵਾਈਆਂ ਵੰਡਣ ਲਈ ਨਿਰਧਾਰਿਤ ਪ੍ਰਕਿਰਿਆ ਦੇ ਬਿਲਕੁੱਲ ਉਲਟ ਹੈ ਜੋ ਕਿ ਆਨਲਾਇਨ ਹੈ ਅਤੇ ਜਿਸ ਤਹਿਤ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਕਿ ਇਹ ਦਵਾਈ ਕਿਸ ਨੂੰ ਅਤੇ ਕਿਸ ਦੁਆਰਾ ਦਿੱਤੀ ਜਾ ਰਹੀ ਹੈ। ਨਿਯਮਾਂ ਸਪੱਸ਼ਟ ਕਰਦੇ ਹਨ ਕਿ ਇਹ ਗੋਲੀ ਕਿਸੇ ਸਿਹਤ ਕਰਮੀ ਦੁਆਰਾ ਮਰੀਜ਼ ਦੀ ਜੀਭ ਥੱਲੇ ਰੱਖੀ ਜਾਣੀ ਹੈ। ਉਹਨਾਂ ਕਿਹਾ ਕਿ ਜਨਵਰੀ ਅਤੇ ਨਵੰਬਰ 2019 ਵਿਚਕਾਰ ਇਸ ਮੰਤਵ ਲਈ ਇਸਤੇਮਾਲ ਹੋਣ ਵਾਲੀਆਂ 8.3 ਕਰੋੜ ਗੋਲੀਆਂ ਵਿਚੋਂ 5 ਕਰੋੜ ਗੋਲੀਆਂ ਦਾ ਕੋਈ ਰਿਕਾਰਡ ਨਹੀਂ ਹੈ ਕਿ ਉਹ ਕਿੱਥੇ ਇਸਤੇਮਾਲ ਹੋਈਆਂ ਹਨ।
ਸਰਦਾਰ ਮਜੀਠੀਆ ਨੇ ਸਿਹਤ ਮੰਤਰੀ ਨੂੰ ਇਸ ਗੱਲ ਲਈ ਵੀ ਝਾੜ ਪਾਈ ਕਿ ਜਦੋਂ ਸਿਹਤ ਸਕੱਤਰ ਛੁੱਟੀ ਉਤੇ ਸੀ ਤਾਂ ਉਸ ਨੇ ਦੋਸ਼ੀ ਅਧਿਕਾਰੀਆਂ ਨੂੰ ਚਿਤਾਵਨੀ ਜਾਰੀ ਕਰਦਿਆਂ 5 ਕਰੋੜ ਗੋਲੀਆਂ ਦੇ ਗੈਰਕਾਨੂੰਨੀ ਢੰਗ ਨਾਲ ਗਾਇਬ ਹੋਣ ਦੇ ਮਾਮਲੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਅਸੀਂ ਬਲਬੀਰ ਸਿੱਧੂ ਸਮੇਤ ਦੋਸ਼ੀਆਂ ਨੂੰ ਬਚ ਕੇ ਨਹੀ ਜਾਣ ਦਿਆਂਗੇ। ਅਸੀਂ ਇਸ ਕੇਸ ਦੀ ਪੈਰਵੀ ਕਰਾਂਗੇ ਅਤੇ ਇਸ ਨੂੰ ਅੰਤਿਮ ਸਿੱਟੇ ਤਕ ਪਹੁੰਚਾਵਾਂਗੇ।