ਚੰਡੀਗੜ੍ਹ/19 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੁਆਬ ਦੇਵੇ ਕਿ ਇੱਕ ਗੈਰਕਾਨੂੰਨੀ ਸ਼ਰਾਬ ਦੀ ਫੈਕਟਰੀ ਚਲਾਉਣ ਦੇ ਦੋਸ਼ੀ ਕਾਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਖ਼ਿਲਾਫ ਉਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ? ਇਸ ਤੋਂ ਇਲਾਵਾ ਪਾਰਟੀ ਨੇ ਮੁੱਖ ਮੰਤਰੀ ਨਂੂੰ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ 'ਚ ਪਏ ਘਾਟਿਆਂ ਬਾਰੇ ਵੀ ਈਮਾਨਦਾਰੀ ਨਾਲ ਦੱਸਣ ਲਈ ਕਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮਦਨ ਲਾਲ ਜਲਾਲਪੁਰ ਜਨਤਕ ਤੌਰ ਤੇ ਇਹ ਗੱਲ ਸਵੀਕਾਰ ਕਰ ਚੁੱਕਿਆ ਹੈ ਕਿ ਨਕਲੀ ਸ਼ਰਾਬ ਦੀ ਫੈਕਟਰੀ ਚਲਾ ਰਿਹਾ ਸਰਪੰਚ ਉਸ ਦਾ ਖਾਸ ਬੰਦਾ ਹੈ ਅਤੇ ਦੂਜਾ ਦੋਸ਼ੀ ਹਰਦਿਆਲ ਕੰਬੋਜ ਦਾ ਨੇੜਲਾ ਬੰਦਾ ਹੈ, ਇਸ ਦੇ ਬਾਵਜੂਦ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਬਕਾਰੀ ਵਿਭਾਗ ਵੀ ਇਹ ਖੁਲਾਸਾ ਕਰ ਚੁੱਕਿਆ ਹੈ ਕਿ ਇਹ ਫੈਕਟਰੀ ਪਿਛਲੇ ਇੱਕ ਸਾਲ ਤੋਂ ਚੱਲ ਰਹੀ ਸੀ ਅਤੇ ਇਸਨੇ ਪਿਛæਲੇ ਪੰਜ ਮਹੀਨਿਆਂ ਦੌਰਾਨ 100 ਕਰੋੜ ਰੁਪਏ ਦੀ ਨਕਲੀ ਸ਼ਰਾਬ ਬਣਾਈ ਸੀ। ਉਹਨਾਂ ਕਿਹਾ ਕਿ ਇਹਨਾਂ ਖੁਲਾਸਿਆਂ ਤੋਂ ਨਾ ਸਿਰਫ ਜਲਾਲਪੁਰ ਅਤੇ ਕੰਬੋਜ ਦੇ ਦੋਸ਼ੀ ਹੋਣ ਦਾ ਪਤਾ ਚੱਲਦਾ ਹੈ, ਜੋ ਸਥਾਨਕ ਪੱਧਰ ਉੱਤੇ ਇਹ ਧੰਦਾ ਚਲਾ ਰਹੇ ਸਨ, ਸਗੋਂ ਇਸ ਸੰਕੇਤ ਵੀ ਮਿਲਦਾ ਹੈ ਕਿ ਇਸ ਧੰਦੇ ਦੇ ਪਿੱਛੇ ਕੋਈ ਵੱਡਾ ਗਾਡਫਾਦਰ ਵੀ ਹੈ ਜਿਹੜਾ ਸ਼ਰਾਬ ਦੇ ਇਸ ਸਮੁੱਚੇ ਗੈਰਕਾਨੂੰਨੀ ਧੰਦੇ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਕਾਰੋਬਾਰ ਦੀ ਤਹਿ ਤਕ ਜਾਣ ਸੰਬੰਧੀ ਵਿਖਾਈ ਜਾ ਰਹੀ ਝਿਜਕ ਨਾ ਸਿਰਫ ਉਸ ਦੀ ਨਕਲੀ ਸ਼ਰਾਬ ਦੀ ਰੋਕਥਾਮ ਬਾਰੇ ਪ੍ਰਤੀਬੱਧਤਾ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ, ਸਗੋਂ ਉਸ ਦੇ ਜ਼ੱਦੀ ਜ਼ਿਲ੍ਹੇ ਅੰਦਰ ਵੀ ਉਸ ਦਾ ਅਕਸ ਖਰਾਬ ਕਰਦੀ ਹੈ, ਕਿਉਂਕਿ ਨਕਲੀ ਸ਼ਰਾਬ ਦੀ ਇਹ ਜ਼ਹਿਰ ਪਟਿਆਲਾ ਜ਼ਿਲ੍ਹੇ ਅੰਦਰ ਵੰਡੀ ਜਾ ਰਹੀ ਸੀ।
ਪ੍ਰੋਫੈਸਰ ਚੰਦੂਮਾਜਰਾ ਨੇ ਮੁੱਖ ਮੰਤਰੀ ਨਂੂੰ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ 'ਚ ਪਏ ਘਾਟੇ ਬਾਰੇ ਵੀ ਈਮਾਨਦਾਰੀ ਨਾਲ ਦੱਸਣ ਲਈ ਆਖਿਆ। ਉਹਨਾਂ ਕਿਹਾ ਕਿ ਬੇਸ਼ੱਕ ਕੈਪਟਨ ਅਮਰਿੰਦਰ ਐਲਾਨ ਕਰ ਚੁੱਕਿਆ ਹੈ ਕਿ ਸੂਬੇ ਦੀ ਆਬਕਾਰੀ ਆਮਦਨ ਵਿਚ ਹਰ ਸਾਲ 1.6 ਫੀਸਦੀ ਵਾਧਾ ਦਰਜ ਹੋਇਆ ਹੈ, ਪਰ ਸਰਕਾਰ ਦੇ ਆਪਣੇ ਖਾਤੇ ਦੱਸਦੇ ਹਨ ਕਿ ਆਮਦਨ ਦੇ ਟੀਚੇ ਵਾਰ ਵਾਰ ਖੁੰਝਦੇ ਰਹੇ ਹਨ। ਉਹਨਾਂ ਕਿਹਾ ਕਿ ਮੀਡੀਆ ਦੀ ਤਾਜ਼ਾ ਰਿਪੋਰਟ ਅਨਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2019-20 ਦੇ 6201 ਕਰੋੜ ਰੁਪਏ ਦੇ ਬਜਟ ਅੰਦਾਜ਼ੇ ਦੇ ਉਲਟ ਪਿਛਲੇ 11 ਮਹੀਨਿਆਂ ਦੌਰਾਨ ਆਬਕਾਰੀ ਆਮਦਨ ਵਿਚ 1820 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਤੇ ਬਾਕੀ ਕਾਂਗਰਸੀ ਆਗੂ ਪਿਛæਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ ਵਿਚ 3600 ਕਰੋੜ ਰੁਪਏ ਦਾ ਘਾਟਾ ਪੈਣ ਦੀ ਗੱਲ ਸਵੀਕਾਰ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਹੀ ਸਮਾਂ ਹੈ ਕਿ ਤੁਸੀਂ ਵੀ ਆਪਣੇ ਪਿਛਲੇ ਬਿਆਨ ਬਾਰੇ ਸਪੱਸ਼ਟੀਕਰਨ ਦੇ ਦਿਓ, ਜਿਸ ਵਿਚ ਤੁਸੀਂ ਕਿਹਾ ਸੀ ਕਿ ਸੂਬੇ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਆਬਕਾਰੀ ਆਮਦਨ ਵਿਚ ਕੋਈ ਘਾਟਾ ਨਹੀਂ ਪਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸੀਆਂ ਵੱਲੋਂ ਚਲਾਇਆ ਜਾ ਰਿਹਾ ਸ਼ਰਾਬ ਮਾਫੀਆ ਹਰਿਆਣਾ ਤਕ ਆਪਣੇ ਪੰਜੇ ਫੈਲਾ ਚੁੱਕਿਆ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਹਰਿਆਣਾ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਦੇ ਦੋਸ਼ਾਂ ਹੇਠ ਰਾਜਪੁਰਾ ਤੋਂ ਇਕ ਮਾਫੀਆ ਸਰਗਨੇ ਨੂੰ ਗਿਰਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਾਂਗਰਸੀਆਂ ਅਤੇ ਉਹਨਾਂ ਦੇ ਦੋਸਤਾਂ ਵੱਲੋਂ ਚਲਾਈਆਂ ਜਾ ਰਹੀਆਂ ਸ਼ਰਾਬ ਦੀਆਂ ਫੈਕਟਰੀਆਂ ਆਬਕਾਰੀ ਟੈਕਸ ਦੀ ਚੋਰੀ ਕਰਦੀਆਂ ਹਨ। ਤਾਲਾਬੰਦੀ ਦੌਰਾਨ ਕਾਂਗਰਸੀਆਂ ਨੇ ਵੱਡੀ ਪੱਧਰ ਉੱਤੇ ਗੈਰਕਾਨੂੰਨੀ ਸ਼ਰਾਬ ਵੇਚੀ ਹੈ, ਜਿਸ ਕਰਕੇ ਹੁਣ ਕੋਈ ਠੇਕੇ ਲੈਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਹਾਈਕੋਰਟ ਦੀ ਨਿਗਰਾਨੀ ਵਿਚ ਜਾਂਚ ਕਰਵਾਉਣ ਦੀ ਉੱਠੀ ਮੰਗ ਦੇ ਬਾਵਜੂਦ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਸ਼ਰਾਬ ਮਾਫੀਆ ਖ਼ਿਲਾਫ ਕਾਰਵਾਈ ਨਾ ਕਰਨਾ ਲੋਕਾਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਇਸ ਧੰਦੇ ਵਿਚ ਉੱਪਰ ਤਕ ਮਿਲੇ ਹੋਏ ਹਨ। ਉਹਨਾਂ ਕਿਹਾ ਕਿ ਸ਼ਰਾਬ ਮਾਫੀਆ ਖ਼ਿਲਾਫ ਕਾਰਵਾਈ ਕਰਕੇ ਅਤੇ ਨਕਲੀ ਸ਼ਰਾਬ ਦੇ ਧੰਦੇ ਵਿਚ ਸ਼ਾਮਿਲ ਸਾਰੇ ਵਿਧਾਇਕਾਂ ਨੂੰ ਗਿਰਫਤਾਰ ਕਰਕੇ ਕੈਪਟਨ ਅਮਰਿੰਦਰ ਨੂੰ ਇਹ ਪ੍ਰਭਾਵ ਤੋੜਣਾ ਚਾਹੀਦਾ ਹੈ ਅਤੇ ਇਹਨਾਂ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਕਮਾਏ ਸਾਰੇ ਪੈਸੇ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣਾ ਚਾਹੀਦਾ ਹੈ।