ਕਾਰਵਾਈ ਆਪ ਦੇ ਘੱਟ ਗਿਣਤੀ ਵਿਰੋਧੀ ਮਾਨਸਿਕਤਾ ਦਾ ਝਲਕਾਰਾ : ਬਿਕਰਮ ਸਿੰਘ ਮਜੀਠੀਆ
ਕੇਜਰੀਵਾਲ ਵੱਲੋਂ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਨ ਦੀ ਕੀਤੀ ਨਿਖੇਧੀ ਤੇ ਉਸਨੁੰ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ
ਕਿਹਾ ਕਿ ਆਪ ਦੇ ਪੰਜਾਬ ਦੇ ਆਗੂ ਦੱਸਣ ਕਿ ਉਹਨਾਂ ਨੇ ਹੁਣ ਤੱਕ ਚਰਚਾ ਢਾਹੁਣ ਦੀ ਨਿਖੇਧੀ ਕਿਉਂ ਨਹੀਂ ਕੀਤੀ
ਚੰਡੀਗੜ੍ਹ, 19 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੱਖਣੀ ਦਿੱਲੀ ਵਿਚ ਇਕ ਚਰਚਾ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਕਾਰਵਾਈ ਆਪ ਦੀ ਘੱਟ ਗਿਣਤੀ ਵਿਰੋਧੀ ਮਾਨਸਿਕਤਾ ਦਾ ਝਲਕਾਰਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਨੇ ਹਮੇਸ਼ਾ ਪੰਜਾਬੀ ਵਿਰੋਧੀ ਏਜੰਡੇ ’ਤੇ ਕੰਮ ਕੀਤਾ ਹੈ ਭਾਵੇਂ ਉਹ ਦਿੱਲੀ ਤੇ ਹਰਿਆਣਾ ਲਈ ਦਰਿਆਈ ਪਾਣੀਆਂ ਵਿਚ ਹਿੱਸਾ ਮੰਗਣ ਦਾ ਮਾਮਲਾ ਹੋਵੇ, ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਵਾਸਤੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਪੰਜਾਬ ਵਿਚ ਥਰਮਲ ਪਲਾਂਟ ਬੰਦ ਕਰਵਾਉਣ ਦੇ ਯਤਨਾਂ ਦਾ, ਹਮੇਸ਼ਾ ਹੀ ਆਪ ਪੰਜਾਬੀਆਂ ਦੇ ਵਿਰੋਧ ਵਿਚ ਭੁਗਤੇ ਹਨ। ਉਹਨਾਂ ਕਿਹਾ ਕਿ ਹੁਣ ਅਸੀਂ ਆਪ ਵੇਖ ਲਿਆ ਹੈ ਕਿ ਆਪ ਨੇ ਦੱਖਣੀ ਦਿੱਲੀ ਵਿਚ ਲਿਟਲ ਫਰਾਵਰ ਚਰਚ ਢਾਹੁਣ ਦਾ ਹੁਕਮ ਦੇ ਕੇ ਬਹੁ ਗਿਣਤੀ ਦੀ ਨੀਤੀ ਅਪਣਾਈ ਹੈ। ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਆਪ ਗਿਣੇ ਮਿਥੇ ਢੰਗ ਨਾਲ ਘੱਟ ਗਿਣਤੀ ਭਾਈਚਾਰਿਆਂ ਨੁੰ ਹੇਠਾਂ ਲਾਉਣ ਵਿਚ ਵਿਸ਼ਵਾਸ ਰੱਖਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਸੰਵਿਧਾਨ ਵਿਚ ਦੱਸੇ ਅਨੁਸਾਰ ਘਾਰਮਿਕ ਆਜ਼ਾਦੀ ਦੇ ਹੱਕ ’ਤੇ ਡਾਕਾ ਪਾਉਣ ਦੀ ਫਾਸੀਵਾਦੀ ਪਹੁੰਚ ਬਰਦਾਸ਼ਤ ਨਹੀਂ ਕਰ ਸਕਦਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹੀ ਸੋਚ ਦੇਸ਼ ਵਾਸਤੇ ਖਤਰਨਾਕ ਹੈ। ਉਹਨਾਂ ਕਿਹਾÇ ਕ ਆਪ ਸਰਕਾਰ ਨੇ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਤਿਹਾਸਕ ਪਿਆਊ ਢਹਿ ਢੇਰੀ ਕਰ ਦਿੱਤਾ ਸੀ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਇਸ ਚਰਚ ਨੂੰ ਇਸਦੀ ਅਸਲ ਥਾਂ ’ਤੇ ਮੁੜ ਉਸਾਰਿਆ ਜਾਵੇ। ਉਹਨਾਂ ਕਿਹਾ ਕਿ ਆਪ ਸਿਰਫ ਘੱਟ ਗਿਣਤੀਆਂ ’ਤੇ ਕਹਿਰ ਤੇ ਜ਼ੁਲਮ ਢਾਹੁਣ ਦੀ ਦੋਸ਼ੀ ਨਹੀਂ ਹੈ ਬਲਕਿ ਇਸ ਕਾਰਵਾਈ ਨੂੰ ਰਫਾ ਦਫਾ ਕਰਨ ਦੀ ਵੀ ਦੋਸ਼ੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੋਆ ਵਿਚ ਇਹ ਝੂਠ ਬੋਲਿਆ ਹੈ ਕਿ ਦਿੱਲੀ ਵਿਕਾਸ ਬੋਰਡ ਚਰਚ ਢਾਹੁਣ ਲਈ ਦੋਸ਼ੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਚਰਚ ਬਿਨਾਂ ਕਿਸੇ ਨੋਟਿਸ ਦੇ ਆਪ ਸਰਕਾਰ ਦੇ ਹੁਕਮਾਂ ’ਤੇ ਢਾਹਿਆ ਗਿਆ ਹੈ। ਉਹਨਾਂ ਕਿਹਾ ਕਿ ਚਰਚ ਦਿੱਲੀ ਸਰਕਾਰ ਦੀ ਮਲਕੀਅਤ ਵਾਲੀ ਗ੍ਰਾਮ ਸਭਾ ’ਤੇ ਬਣਿਆ ਹੋਇਆ ਸੀ ਤੇ ਦਿੱਲੀ ਸਰਕਾਰ ਨੇ ਇਹ ਮਾਮਲਾ ਦਿੱਲੀ ਸਰਕਾਰ ਦੀ ਧਾਰਮਿਕ ਮਾਮਲਿਆਂ ਬਾਰੇ ਕਮੇਟੀ ਕੋਲ ਭੇਜਣ ਤੋਂ ਬਿਨਾਂ ਹੀ ਚਰਚ ਢਾਹ ਦਿੱਤਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿਆਪ ਸਰਕਾਰ ਇਸ ਤਰੀਕੇ ਇਸਾਈ ਭਾਈਚਾਰੇ ਨੂੰ ਨਿਸ਼ਾਨਾ ਨਾ ਬਣਾਵੇ। ਉਹਨਾਂ ਕਿਹਾ ਕਿ ਅਸੀਂ ਆਪਣੇ ਇਸਾਈ ਭਾਈਚਾਰੇ ਨਾਲ ਇਸ ਕਿਸਮ ਦੀ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ ਤੇ ਮਾਮਲੇ ਵਿਚ ਲਿਆਂ ਹਾਸਲ ਕਰਨ ਵਾਸਤੇ ਆਪਣੇ ਇਸਾਈ ਭਰਾਵਾਂ ਨੂੰ ਪੂਰਨ ਹਮਾਇਤ ਦਾ ਭਰੋਸਾ ਦੁਆਉਂਦੇ ਹਾਂ।
ਸਰਦਾਰ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਦਿੱਲੀ ਦੇ ਇਸਾਈ ਭਾਈਚਾਰੇ ਦੇ ਹਿਰਦਿਆਂ ਨੂੰ ਵੱਜੀ ਸੱਟ ’ਤੇ ਮਰਹਮ ਲਾਉਣ ਲਈ ਇਸਾਈ ਭਾਈਚਾਰੇ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਭਾਈਚਾਰੇ ਨੂੰ ਇਹ ਵੀ ਭਰੋਸਾ ਦੁਆਉਣ ਕਿ ਉਹਨਾਂ ਖਿਲਾਫ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਭਾਈਚਾਰੇ ਨੂੰ ਇਹ ਵੀ ਭਰੋਸਾ ਦੁਆਇਆ ਕਿ ਉਸੇ ਥਾਂ ’ਤੇ ਚਰਚ ਬਣਾਉਣ ਵਾਸਤੇ ਅਕਾਲੀ ਦਲ ਭਾਈਚਾਰੇ ਦਾ ਪੂਰਾ ਸਾਥ ਦੇਵੇਗਾ।
ਅਕਾਲੀ ਦਲ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਦੀ ਪੰਜਾਬ ਇਕਾਈ ਨੇ ਇਸ ਘਟਨਾ ਦੀ ਨਿਖੇਧੀ ਨਹੀਂਕ ੀਤੀ ਤੇ ਨਾ ਹੀ ਦਿੱਲੀ ਦੇ ਮੁੱਖ ਮੰਤਰੀ ਨੁੰ ਦਰੁੱਸਤੀ ਭਰੇ ਕਦਮ ਚੁੱਕਣ ਵਾਸਤੇ ਕਿਹਾ ਹੈ। ਉਹਨਾਂ ਕਿਹਾ ਕਿ ਇਹ ਆਪ ਆਗੂਆਂ ਵੱਲੋਂ ਪੰਜਾਬੀਆਂ ਦੇ ਹਿੱਤ ਵੇਚਣ ਦੇ ਨਾਲ ਨਾਲ ਨਾਲ ਇਸਾਈ ਭਾਈਚਾਰੇ ਦੇ ਹਿੱਤ ਸਿਰਫ ਆਪਣੇ ਸੌੜੇ ਸਿਆਸੀ ਮੁਫਾਦਾਂ ਵਾਸਤੇ ਵੇਚਣ ਦਾ ਪ੍ਰਤੱਖ ਉਦਾਹਰਣ ਹੈ। ਉਹਨਾਂ ਕਿਹਾ ਕਿ ਇਸ ਤੋਂ ਪੰਜਾਬ ਵਿਚ ਲਾਗੂ ਕੀਤਾ ਜਾਣ ਵਾਲਾ ਆਪ ਦਾ ਮਾਡਲ ਝਲਕਦਾ ਹੈ। ਵੁਹਨਾਂ ਕਿਹਾ ਕਿ ਪੰਜਾਬੀ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਅਜਿਹੀਆਂ ਅਸਹਿਯੋਗ ਨੀਤੀਆਂ ਤੁਰੰਤ ਰੱਦ ਕਰ ਦੇਣਗੇ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਅਗਵਾਈ ਹੇਠਲੀ ਸਰਕਾਰ ਵੇਲੇ ਨਾ ਸਿਫਰ ਧਾਰਮਿ ਆਜ਼ਾਦੀ ਯਕੀਨੀ ਬਣਾਈ ਗਈ ਤੇ ਵੱਖ ਵੱਖ ਭਾਈਚਾਰਿਆਂ ਦੇ ਪੂਜਾ ਸਥਲਾਂ ਵਾਸਤੇ ਸੈਂਕੜੇ ਕਰੋੜਾਂ ਰੁਪਏ ਗਰਾਂਟ ਦਿੱਤੀ ਗਈ ਜਦਕਿ ਆਪ ਸਰਕਾਰ ਦਿੱਲੀ ਵਿਚ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ।