ਚੰਡੀਗੜ•/03 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ 2 ਏਕੜ ਜ਼ਮੀਨ ਦੀ ਮਾਲਕੀ ਵਾਲੇ ਹਰ ਕਿਸਾਨ ਨੂੰ 6 ਹਜ਼ਾਰ ਰੁਪਏ ਸਾਲਾਨਾ ਦੀ ਸਿੱਧੀ ਆਮਦਨ ਸਹਾਇਤਾ ਦੇਣ ਦੇ ਫੈਸਲੇ ਨੂੰ ਅੱਜ ਇੱਕ ਚੰਗੀ ਸ਼ੁਰੂਆਤ ਆਖਦਿਆਂ ਇਸ ਨੂੰ ਮੋਦੀ ਸਰਕਾਰ ਦੀ ਦੇਸ਼ ਦੇ ਕਿਸਾਨਾਂ ਪ੍ਰਤੀ ਫਿਕਰਮੰਦੀ ਦਾ ਪ੍ਰਤੀਕ ਕਰਾਰ ਦਿੱਤਾ ਹੈ।
ਇੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਵੱਲੋਂ ਕੇਂਦਰ ਸਰਕਾਰ ਇਹ ਸਹਾਇਤਾ ਰਾਸ਼ੀ ਵਧਾ ਕੇ 12 ਹਜ਼ਾਰ ਰੁਪਏ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸਰਕਾਰ ਨੂੰ ਇਹ ਵੀ ਆਖਿਆ ਹੈ ਕਿ ਖੇਤ ਮਜ਼ਦੂਰਾਂ ਨੂੰ ਵੀ ਇਸ ਸਕੀਮ ਅੰਦਰ ਲਿਆਂਦਾ ਜਾਵੇ, ਕਿਉਂਕਿ ਕਿਸਾਨਾਂ ਵਾਂਗ ਉਹਨਾਂ ਨੂੰ ਵੀ ਸਖ਼ਤ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਰ ਕਮੇਟੀ ਦੀ ਮੀਟਿੰਗ ਦੇ ਵੇਰਵੇ ਮੀਡੀਆ ਅੱਗੇ ਨਸ਼ਰ ਕਰਦਿਆਂ ਪਾਰਟੀ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਕੇਂਦਰ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਦੇ ਬਰਾਬਰ ਦੀ ਰਾਸ਼ੀ ਸੂਬੇ ਦੇ ਹਰ ਕਿਸਾਨ ਅਤੇ ਮਜ਼ਦੂਰ ਤਕ ਪੁੱਜਦੀ ਕਰੇ।
ਸ੍ਰੀ ਬੈਂਸ ਨੇ ਕਿਹਾ ਕਿ ਪਾਰਟੀ ਦੇ ਸਾਂਸਦਾਂ ਅਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲੇਗਾ ਅਤੇ ਅਪੀਲ ਕਰੇਗਾ ਕਿ ਉਹ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਿੱਧੀ ਆਮਦਨ ਸਹਾਇਤਾ ਦਾ ਦਾਇਰਾ ਵਧਾ ਕੇ ਖੇਤ ਮਜ਼ਦੂਰਾਂ ਨੂੰ ਵੀ ਇਸ ਸਕੀਮ ਦਾ ਹਿੱਸਾ ਬਣਾਉਣ। ਪਾਰਟੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਰੈਗੂਲਰ ਬਜਟ ਵਿਚ ਇਸ ਦੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਕੋਰ ਕਮੇਟੀ ਦੀ ਮੀਟਿੰਗ ਵਿਚ ਐਨਡੀਏ ਸਰਕਾਰ ਵੱਲੋਂ ਅੰਤ੍ਰਿਮ ਬਜਟ ਵਿਚ ਦੇਸ਼ ਦੇ ਗਰੀਬਾਂ ਅਤੇ ਮੱਧ ਵਰਗ ਨੂੰ ਰਾਹਤ ਦੇਣ ਲਈ ਲਏ ਗਏ ਦਲੇਰਾਨਾ ਫੈਸਲਿਆਂ ਦੀ ਸ਼ਲਾਘਾ ਕੀਤੀ, ਜਿਹਨਾਂ ਵਿਚ ਆਮਦਨ ਕਰ ਦੀ ਹੱਦ ਵਧਾ ਕੇ 5 ਲੱਖ ਰੁਪਏ ਤਕ ਕਰਨਾ ਸ਼ਾਮਿਲ ਹੈ, ਜਿਸ ਨਾਲ ਦੇਸ਼ ਦੇ ਕੁੱਲ 5 ਕਰੋੜ ਕਰਦਾਤਾਵਾਂ ਵਿਚੋਂ ਤਿੰਨ ਕਰੋੜ ਕਰਦਾਤਾਵਾਂ ਨੂੰ ਸਿੱਧਾ ਲਾਭ ਮਿਲੇਗਾ। ਪਾਰਟੀ ਨੇ ਕੇਂਦਰ ਸਰਕਾਰ ਵੱਲੋ ਗੈਰਸੰਗਠਿਤ ਸੈਕਟਰ ਦੇ 10 ਕਰੋੜ ਕਾਮਿਆਂ ਨੂੰ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ, ਜੀਐਸਟੀ ਤੋਂ ਛੋਟ ਦੀ ਸੀਮਾ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਕਰਨ ਅਤੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਦੀਆਂ ਤਨਖਾਹਾਂ ਵਿਚ ਡੇਢ ਗੁਣਾ ਵਾਧਾ ਕਰਨ ਵਰਗੇ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ।
ਅਕਾਲੀ ਦਲ ਨੇ ਅੰਤ੍ਰਿਮ ਬਜਟ ਵਿਚ ਛੋਟੀਆਂ ਅਤੇ ਦਰਮਿਆਨੀਆਂ ਇਕਾਈਆਂ (ਐਸਐਮਐਸਈ) ਦੀ ਮੱਦਦ ਲਈ ਚੁੱਕੇ ਗਏ ਕਦਮਾਂ ਨੂੰ ਵੀ ਸਰਾਹਿਆ। ਪਾਰਟੀ ਨੇ ਬਿਨਾਂ ਐਸਸੀ/ਬੀਸੀ ਰਾਖਵਾਂਕਰਨ ਨੂੰ ਕੋਈ ਹਾਨੀ ਪਹੁੰਚਾਏ ਜਨਰਲ ਕੈਟਾਗਰੀ ਦੇ ਗਰੀਬ ਵਿਅਕਤੀਆਂ ਲਈ 10 ਫੀਸਦੀ ਕੋਟਾ ਸ਼ੁਰੂ ਕਰਨ ਲਈ ਵੀ ਐਨਡੀਏ ਸਰਕਾਰ ਦੀ ਪ੍ਰਸੰਸਾ ਕੀਤੀ।
ਬਾਅਦ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਸੂਬੇ ਦੇ ਲੋਕਾਂ ਨੂੰ ਤਿਆਗ ਕੇ ਭੱਜ ਚੁੱਕੇ ਹਨ ਅਤੇ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਚੁੱਕੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਪ੍ਰਸਾਸ਼ਨ ਨਾਂ ਦੀ ਕੋਈ ਸ਼ੈਅ ਨਜ਼ਰ ਨਹੀਂ ਆਉਂਦੀ। ਉਹਨਾਂ ਕਿਹਾ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਅਮਲ ਵਿਚ ਵਿਘਨ ਪਾ ਕੇ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਨੇ ਸੂਬੇ ਅੰਦਰ ਲੋਕਤੰਤਰ ਦਾ ਕਤਲ ਕਰ ਚੁੱਕੀ ਹੈ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਦਾਰ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਸਰਦਾਰ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਸਰਦਾਰ ਚਰਨਜੀਤ ਸਿੰਘ ਅਟਵਾਲ, ਡਾਕਟਰ ਦਲਜੀਤ ਸਿੰਘ ਚੀੰਮਾ, ਸਰਦਾਰ ਨਿਰਮਲ ਸਿੰਘ ਕਾਹਲੋਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਜਨਮੇਜਾ ਸਿੰਘ ਸੇਖੋਂ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਬਲਦੇਵ ਸਿੰਘ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਿਰ ਸਨ।