ਸਰਦਾਰ ਮਜੀਠੀਆ ਨੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਨ ਦੀ ਮੰਗ ਕੀਤੀ
ਚੰਡੀਗੜ•/26 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਜ਼ਿਲ•ਾ ਮੋਗਾ ਦੇ ਲੋਕ ਸੰਪਰਕ ਅਧਿਕਾਰੀ ਸਰਦਾਰ ਤੇਜਾ ਸਿੰਘ ਨਾਲ ਦੁਰਵਿਵਹਾਰ ਕਰਨ ਅਤੇ ਧਮਕੀ ਦੇਣ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਨੂੰ ਤੁਰੰਤ ਗਿਰਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।
ਅੱਜ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਲੋਕਾਂ ਲਈ ਗਣਤੰਤਰ ਦਿਵਸ ਇੱਕ ਬਹੁਤ ਹੀ ਪਵਿੱਤਰ ਦਿਹਾੜਾ ਹੁੰਦਾ ਹੈ, ਜਦੋਂ ਉਹ ਇਸ ਦੇਸ਼ ਨੂੰ ਬਰਤਾਨੀਆ ਤੋਂ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਦੇ ਹਨ। ਅਸੀੰ ਇਸ ਦਿਨ ਨੂੰ ਦੇਸ਼ ਦੇ ਗਣਰਾਜ ਬਣਨ ਵਜੋਂ ਮਨਾਉਂਦੇ ਹਾਂ ਅਤੇ ਸੰਵਿਧਾਨ ਅਤੇ ਇਸ ਨੂੰ ਤਿਆਰ ਕਰਨ ਵਾਲਿਆਂ ਪ੍ਰਤੀ ਆਪਣਾ ਸਤਿਕਾਰ ਭੇਂਟ ਕਰਦੇ ਹਾਂ।
ਉਹਨਾਂ ਕਿਹਾ ਕਿ ਇਸ ਪਵਿੱਤਰ ਅਤੇ ਇਤਿਹਾਸਕ ਦਿਹਾੜੇ ਉੱਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਦੌਰਾਨ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਨਾ ਸਿਰਫ ਗਣਤੰਤਰ ਦਿਵਸ ਦੇ ਸਮਾਗਮ ਵਿਚ ਵਿਘਨ ਪਾਇਆ, ਸਗੋਂ ਸਟੇਜ ਸੰਭਾਲਣ ਦੀ ਆਪਣੀ ਸਰਕਾਰੀ ਡਿਊਟੀ ਕਰ ਰਹੇ ਲੋਕ ਸੰਪਰਕ ਅਧਿਕਾਰੀ ਸਰਦਾਰ ਤੇਜਾ ਸਿੰਘ ਨੂੰ ਵੀ ਧਮਕੀ ਦਿੱਤੀ। ਉਹਨਾਂ ਕਿਹਾ ਕਿ ਅਜਿਹੀ ਘਟਨਾ ਪਹਿਲਾਂ ਫਿਰੋਜ਼ਪੁਰ ਵਿਚ ਵੀ ਵਾਪਰੀ ਸੀ, ਜਦੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ•ਾ ਪ੍ਰਧਾਨ ਕੁਲਦੀਪ ਸਿੰਘ ਜ਼ੀਰਾ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਅਤੇ ਕੁੱਝ ਕਾਂਗਰਸੀਆਂ ਨੇ ਰਾਸ਼ਟਰੀ ਝੰਡਾ ਲਹਿਰਾਏ ਜਾਣ ਦੀ ਰਸਮ ਮੌਕੇ ਜਬਰੀ ਜਾ ਕੇ ਸਟੇਜ ਉੱਤੇ ਕਬਜ਼ਾ ਕਰ ਲਿਆ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਰ ਵਾਰ ਵਾਪਰਨਾ ਸਾਬਿਤ ਕਰਦਾ ਹੈ ਕਿ ਕਾਂਗਰਸੀ ਆਗੂ ਨਾ ਸਿਰਫ ਸਰਕਾਰ ਦੇ ਰੋਜ਼ਾਨਾ ਦੇ ਕੰਮਾਂ ਵਿਚ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ, ਸਗੋਂ ਉਹ ਇਤਿਹਾਸਕ ਦਿਵਸਾਂ ਨੂੰ ਵੀ ਆਪਣੀ ਝੂਠੀ ਸ਼ਾਨ ਵਿਖਾਉਣ ਲਈ ਇਸਤੇਮਾਲ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਿਕ ਆਪਣੀ ਡਿਊਟੀ ਨਿਭਾ ਰਹੇ ਅਧਿਕਾਰੀਆਂ ਅਤੇ ਆਮ ਲੋਕਾਂ ਵੱਲੋਂ ਕਾਂਗਰਸੀਆਂ ਦਾ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀਆਂ ਗੰਭੀਰ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ, ਜਿਸ ਵਿਚ ਉਹਨਾਂ ਦੀ ਪਾਰਟੀ ਦੇ ਆਗੂ ਸ਼ਾਮਿਲ ਹੋਣ ਅਤੇ ਤੁਰੰਤ ਦੋਸ਼ੀਆਂ ਖ਼ਿਲਾਫ ਕੇਸ ਰਜਿਸਟਰ ਕਰਨ ਅਤੇ ਉਹਨਾਂ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ। ਉਹਨਾਂ ਪੀਪੀਸੀਸੀ ਦੇ ਮੁਖੀ ਸੁਨੀਲ ਜਾਖੜ ਦੀ ਵੀ ਨਿਖੇਧੀ ਕਰਦਿਆਂ ਕਿ ਜਾਖੜ ਨੇ ਪਾਰਟੀ ਆਗੂਆਂ ਨੂੰ ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ ਮਨ ਆਈਆਂ ਕਰਨ ਦੀ ਖੁੱਥਲ• ਦੇ ਰੱਖੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਲੋਕਤੰਤਰ ਵਿਚ ਫਤਵਾ ਲੋਕਾਂ ਨੇ ਦੇਣਾ ਹੁੰਦਾ ਹੈ ਅਤੇ ਪੰਜਾਬ ਦੇ ਲੋਕ ਸੱਤਾਧਾਰੀ ਪਾਰਟੀ ਦੀ ਹੈਂਕੜ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਸੀਂ ਵੱਡੀਆਂ ਕੁਰਬਾਨੀਆਂ ਮਗਰੋਂ ਆਜ਼ਾਦੀ ਹਾਸਿਲ ਕੀਤੀ ਹੈ ਅਤੇ ਸੱਤਾਧਾਰੀ ਪਾਰਟੀ ਨੂੰ ਇਸ ਨਾਲ ਜੁੜੇ ਇਤਿਹਾਸਕ ਦਿਵਸਾਂ ਅਤੇ ਸਮਾਗਮਾਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਅਜਿਹੇ ਸਮਾਗਮਾਂ ਦੀ ਮਰਿਆਦਾ ਹਰ ਕੀਮਤ ਉੱਤੇ ਬਰਕਰਾਰ ਰਹਿਣੀ ਚਾਹੀਦੀ ਹੈ।