ਚੰਡੀਗੜ੍ਹ, 24 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਚ ਕਣਕ ਖਰੀਦ ਪ੍ਰਬੰਧਾਂ ਵਿਚ ਨਾਕਾਮ ਰਹਿਣ ਤੇ ਬਾਰਦਾਨੇ ਦੀ ਜਾਣ ਬੁੱਝ ਕੇ ਘਾਟ ਪੈਦਾ ਕਰ ਕੇ ਪਲਾਸਟਿਕ ਥੈਲਿਆਂ ਦੀ ਖਰੀਦ ਵਿਚ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਲਈ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੁੰ ਬਰਖ਼ਾਸਤ ਕੀਤਾ ਜਾਵੇ ਅਤੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਪਾਰਟੀ ਦੀਆਂ ਜ਼ਿਲ੍ਹਾ ਇਕਾਈਆਂ ਨੇ ਅੱਜ ਆਪੋ ਆਪਣੇ ਡਿਪਟੀ ਕਮਿਸ਼ਨਰਾਂ ਨੁੰ ਰਾਜਪਾਲ ਦੇ ਨਾਂ ’ਤੇ ਮੰਗ ਪੱਤਰ ਦਿੱਤੇ।
ਇਹਨਾਂ ਮੰਗ ਪੱਤਰਾਂ ਵਿਚ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਖਰੀਦ ਪ੍ਰਕ੍ਰਿਆ ਦੀ ਐਨੀ ਮਾੜੀ ਹਾਲਤ ਲਈ ਪੰਜਾਬ ਦਾ ਫੂੁਡ ਅਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਸਿੱਧੇ ਤੌਰ ਤੇ ਜਿੰਮੇਵਾਰ ਹੈ ਅਤੇ ਉਸ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਤਰਫ ਕੀਤਾ ਜਾਵੇ। ਇਸਦੇ ਨਾਲ ਹੀ ਇਸ ਗੱਲ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਪੁਰਾਣੇ ਪ੍ਰਬੰਧ ਮੁਤਾਬਿਕ ਸਮੇ ਸਿਰ ਜਿਊਟ ਦੀਆਂ ਬੋਰੀਆਂ ਦੇ ਆਰਡਰ ਕਿਉਂ ਨਹੀਂ ਦਿੱਤੇ ਗਏ ਅਤੇ ਸਮੇ ਸਿਰ ਬਾਰਦਾਨਾਂ ਕਿਉਂ ਨਹੀਂ ਖਰੀਦਿਆ ਗਿਆ? ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਪੁਰਾਣਾ ਬਾਰਦਾਨਾ ਖ੍ਰੀਦਣ ਲਈ ਵੀ ਹਰਿਆਣਾ ਸੁੂਬੇ ਦੇ ਮੁਕਾਬਲੇ ਟੈਂਡਰ ਪ੍ਰਕ੍ਰਿਆ ਵਿੱਚ ਦੇਰੀ ਕਿਉਂ ਕੀਤੀ ਗਈ ?
ਇਸ ਵਿਚ ਇਹ ਵੀ ਕਿਹਾ ਗਿਆ ਕਿ ਸਥਾਨਕ ਪੱਧਰ ’ਤੇ ਪੀ.ਪੀ.ਈ ਦੇ ਬਾਰਦਾਨੇ ਨੂੰ ਖਰੀਦਣ ਉਪਰ ਵੀ ਕਈ ਤਰਾਂ ਦੇ ਸ਼ੰਕੇ ਉਠ ਰਹੇ ਹਨ ਅਤੇ ਇਹ ਗੱਲ ਖੁੱਲ ਕੇ ਬਾਹਰ ਆ ਰਹੀ ਹੈ ਕਿ ਫੂਡ ਸਪਲਾਈ ਵਿਭਾਗ ਵੱਲੋਂ ਜਾਣਬੁੱਝ ਕਿ ਜਿਊਟ ਬੈਗ ਦੀ ਖਰੀਦ ਵਿੱਚ ਦੇਰੀ ਕਰਕੇ ਪਹਿਲਾਂ ਜਾਣਬੁੱਝ ਕੇ ਬਾਰਦਾਨੇ ਦੀ ਕਿੱਲਤ ਪੈਦਾ ਕੀਤੀ ਗਈ ਅਤੇ ਫਿਰ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਸਥਾਨਕ ਪੱਧਰ ਤੇ ਪੀ.ਪੀ.ਈ ਤੋਂ ਤਿਆਰ ਬਾਰਦਾਨਾ ਮਹਿੰਗੇ ਭਾਅ ਉਪਰ ਖਰੀਦਿਆ ਗਿਆ ਅਤੇ ਇਸ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਹੈ। ਇਸਦੀ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਕਰੜੀ ਸਜਾ ਦਿੱਤੀ ਜਾਣੀ ਚਾਹੀਦੀ ਹੈ।
ਪਾਰਟੀ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਹਦਾਇਤ ਕਰਨ ਕਿ ਉਹ ਤੁਰੰਤ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਬਾਰਦਾਨੇ ਦਾ ਸੁਚੱਜਾ ਪ੍ਰਬੰਧ ਕਰਕੇ ਖਰੀਦ ਪ੍ਰਕ੍ਰਿਆ ਵਿੱਚ ਤੇਜੀ ਲਿਆਵੇ। ਇਸਦੇ ਨਾਲ ਹੀ ਲਿਫਟਿੰਗ ਦੇ ਕੰਮ ਵਿੱਚ ਤੁਰੰਤ ਸੁਧਾਰ ਕੀਤੇ ਜਾਣ ਅਤੇ 24 ਘੰਟਿਆਂ ਵਿੱਚ ਕਿਸਾਨਾਂ ਨੂੰ ਉਸਦੀ ਫਸਲ ਦੀ ਅਦਾਇਗੀ ਉਸਨੂੂੰ ਹਰ ਹਾਲਤ ਵਿੱਚ ਕੀਤੀ ਜਾਵੇ।
ਪਾਰਟੀ ਨੇ ਕਿਹਾ ਕਿ ਪੰਜਾਬ ਦੀ ਤਰਾਹ-ਤਰਾਹ ਕਰ ਰਹੀ ਕਿਸਾਨੀ ਨੂੰ ਬਚਾਉਣ ਲਈ ਤੁਰੰਤ ਦਰੁਸਤੀ ਭਰੇ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਸ ਵੇਲੇ ਕਣਕ ਦੀ ਖਰੀਦ ਨੂੰ ਲੈ ਕੇ ਜਿਲੇ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜਿਆਦਾਤਰ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਘਾਟ ਹੈ ਜਿਸ ਕਰਕੇ ਕਣਕ ਦੀ ਖਰੀਦ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਵਾਰ-ਵਾਰ ਮਸਲਾ ਉਠਾਉਣ ਦੇ ਬਾਵਜੂੁਦ ਦੀ ਸਮੱਸਿਆ ਹੱਲ ਨਹੀਂ ਹੋ ਰਹੀ। ਇਸਦੇ ਨਾਲ ਹੀ ਜੋ ਕਣਕ ਖਰੀਦੀ ਜਾ ਚੁੱਕੀ ਹੈ ਉਸਦੀ ਲਿਫਟਿੰਗ ਨਾ ਹੋਣ ਕਰਕੇ ਵੀ ਵੱਖ-ਵੱਖ ਮੰਡੀਆਂ ਵਿੱਚ ਕਣਕ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ। ਕਈ ਮੰਡੀਆਂ ਵਿੱਚ ਨਵੀਂ ਜਿਣਸ ਰੱਖਣ ਲਈ ਵੀ ਥਾਂ ਨਹੀਂ ਬਚੀ ਅਤੇ ਮਜਬੂੁਰਨ ਲੋਕਾਂ ਨੂੰ ਆਪਣੀਆਂ ਟਰਾਲੀਆਂ ਅਤੇ ਘਰਾਂ ਵਿੱਚ ਕਣਕ ਰੱਖਣ ਲਈ ਮਜਬੂੁਰ ਹੋਣਾ ਪੈ ਰਿਹਾ ਹੈ। ਪਾਰਟੀ ਨੈ ਕਿਹਾ ਕਿ ਤੀਜੀ ਸਭ ਤੋਂ ਵੱਡੀ ਦਿੱਕਤ ਫਸਲਾਂ ਦੀ ਅਦਾਇਗੀ ਦੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਨਵਾਂ ਪੋਰਟਲ ਲਗਾਤਾਰ ਕਈ-ਕਈ ਦਿਨ ਬੰਦ ਪਿਆ ਰਹਿੰਦਾ ਹੈ ਜਿਸ ਕਰਕੇ ਜਿਣਸ ਦਾ ਵੇਰਵਾ ਅੰਕਿਤ ਕਰਨਾ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ। ਇਸ ਨਾਲ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਵੀ ਫੈਲਣਾਂ ਸ਼ੁਰੂ ਹੋ ਗਿਆ ਹੈ। ਜਿਣਸ ਦੇ ਵੇਰਵੇ ਪੋਰਟਲ ਤੇ ਅਪਲੋਡ ਨਾ ਹੋਣ ਸਦਕਾ ਕਿਸਾਨਾਂ ਨੂੰ ਅਦਾਇਗੀ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਅਨਾਜ ਮੰਡੀਆਂ ਵਿੱਚ ਹਾਲਤ ਬਹੁਤ ਹੀ ਬਦਤਰ ਹਨ ਪਰ ਕਿਸਾਨਾਂ ਅਤੇ ਖੇਤ ਮਜਦੂੁਰਾਂ ਦੀਆਂ ਮੁਸ਼ਕਲਾਂ ਸੁਣਨ ਵਾਲਾ ਕੋਈ ਨਹੀਂ ।