ਬਿਕਰਮ ਮਜੀਠੀਆ ਨੇ ਕਿਹਾ ਕਿ ਗਊਸ਼ਾਲਾਵਾਂ ਅਤੇ ਮੱਝਾਂ ਦੇ ਵਾੜਿਆਂ ਦੀ ਉਸਾਰੀ ਅਤੇ ਸੰਭਾਲ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਸਾਰੇ ਉਪਰਾਲਿਆਂ ਨੂੰ ਕਾਂਗਰਸ ਸਰਕਾਰ ਵੱਲੋ ਠੱਪ ਕੀਤਾ ਜਾ ਚੁੱਕਿਆ ਹੈ
ਕਿਹਾ ਕਿ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਗਊ ਟੈਕਸ ਦੀ ਵੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ
ਚੰਡੀਗੜ੍ਹ/17 ਅਗਸਤ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਅਵਾਰਾ ਪਸ਼ੂਆਂ ਤੋਂ ਪੰਜਾਬੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਤੁਰੰਤ ਹੰਗਾਮੀ ਕਦਮ ਚੁੱਕੇ। ਪਾਰਟੀ ਨੇ ਕਿਹਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਊਸ਼ਾਲਾਵਾਂ ਅਤੇ ਮੱਝਾਂ ਦੇ ਵਾੜਿਆਂ ਦੀ ਉਸਾਰੀ ਅਤੇ ਸੰਭਾਲ ਲਈ ਕੀਤੇ ਗਏ ਸਾਰੇ ਉਪਰਾਲਿਆਂ ਨੂੰ ਕਾਂਗਰਸ ਸਰਕਾਰ ਵੱਲੋ ਠੱਪ ਕੀਤਾ ਜਾ ਚੁੱਕਿਆ ਹੈ।ਇੱਥੋਂ ਤਕ ਕਿ ਲੋਕਾਂ ਕੋਲੋਂ ਲਏ ਜਾ ਰਹੇ ਗਊ ਟੈਕਸ ਦੀ ਵੀ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵਰਤੋਂ ਨਹੀਂ ਕੀਤੀ ਜਾ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਵਾਰਾ ਢੱਠਿਆਂ ਵੱਲੋਂ ਕੀਤੇ ਹਮਲਿਆਂ ਅਤੇ ਅਵਾਰਾ ਪਸ਼ੂਆਂ ਕਾਰਣ ਵਾਪਰੇ ਹਾਦਸਿਆਂ ਕਰਕੇ ਸੂਬੇ ਅੰਦਰ ਕਿੰਨੇ ਹੀ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਹਨਾਂ ਪਸ਼ੂਆਂ ਦੁਆਰਾ ਕੀਤੇ ਜਾ ਰਹੇ ਫਸਲਾਂ ਦੇ ਉਜਾੜੇ ਨੇ ਕਿਸਾਨਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਸ਼ਹਿਰਾਂ ਅਤੇ ਕਸਬਿਆਂ ਅੰਦਰ ਅਵਾਰਾ ਘੁੰਮਦੇ ਪਸ਼ੂ ਨਾ ਸਿਰਫ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਸਗੋਂ ਸੜਕਾਂ ਉੱਤੇ ਟਰੈਫਿਕ ਜਾਮ ਕਰਕੇ ਲੋਕਾਂ ਦਾ ਜੀਉਣਾ ਦੁੱਭਰ ਕਰ ਰਹੇ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਅਵਾਰਾ ਢੱਠਿਆਂ ਅਤੇ ਪਸ਼ੂਆਂ ਕਰਕੇ ਸੂਬੇ ਅੰਦਰ ਤਕਰੀਬਨ 500 ਮੌਤਾਂ ਹੋ ਚੁੱਕੀਆਂ ਹਨ ਅਤੇ ਪਿਛਲੇ ਇੱਕ ਮਹੀਨੇ ਅੰਦਰ ਅਜਿਹੀਆਂ ਮੌਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇੱਕ ਪੁਲਿਸ ਅਧਿਕਾਰੀ, ਕੁੱਝ ਨੌਜਵਾਨ ਅਤੇ ਵਪਾਰੀ ਵੀ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਚੁੱਕੇ ਹਨ, ਪਰ ਕਾਂਗਰਸ ਸਰਕਾਰ ਨੇ ਇਸ ਗੰਭੀਰ ਅਤੇ ਵੱਡੇ ਮੁੱਦੇ ਨੂੰ ਹੱਲ ਕਰਨ ਲਈ ਉਂਗਲ ਤਕ ਨਹੀਂ ਹਿਲਾਈ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਗਊਆਂ ਦੀ ਭਲਾਈ ਅਤੇ ਅਵਾਰਾ ਪਸ਼ੂਆਂ ਨੂੰ ਲੋਕਾਂ ਲਈ ਮੁਸਬੀਤ ਬਣਨ ਤੋਂ ਰੋਕਣ ਲਈ ਬਹੁਤ ਸਾਰੇ ਨਿੱਗਰ ਕਦਮ ਚੁੱਕੇ ਸਨ। ਇਹਨਾਂ ਵਿਚ ਪੰਜਾਬ ਗਊ ਸੇਵਾ ਕਮਿਸ਼ਨ ਸਥਾਪਤ ਕਰਨਾ ਵੀ ਸ਼ਾਮਿਲ ਸੀ, ਜਿਸ ਨੂੰ ਸੱਤਾ ਸੰਭਾਲਦੇ ਹੀ ਕਾਂਗਰਸ ਸਰਕਾਰ ਨੇ ਭੰਗ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਸਾਰਿਆਂ ਜ਼ਿਲ੍ਹਿਆਂ ਅੰਦਰ ਅਵਾਰਾ ਪਸ਼ੂਆਂ ਲਈ ਵਾੜੇ ਬਣਾਉਣ ਵਾਸਤੇ 40 ਕਰੋੜ ਰੁਪਏ ਜਾਰੀ ਕੀਤੇ ਸਨ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਸਰਕਾਰੀ ਪਸ਼ੂ ਵਾੜਿਆਂ ਵਿਚ 10-10 ਸ਼ੈਡਾਂ ਦੀ ਉਸਾਰੀ ਲਈ 32 ਕਰੋੜ ਰੁਪਏ ਰਾਂਖਵੇ ਰੱਖੇ ਸਨ। ਪਰ ਕਾਂਗਰਸ ਸਰਕਾਰ ਨੇ ਇਹ ਪੈਸਾ ਜਾਰੀ ਹੀਂ ਨਹੀਂ ਕੀਤਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਹੈ। ਕਾਂਗਰਸ ਸਰਕਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ 472 ਨਿੱਜੀ ਗਊਸ਼ਾਲਾਵਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਹੈ। ਪਿਛਲੀ ਸਰਕਾਰ ਵੱਲੋਂ ਇਹ ਸਹੂਲਤ ਇਹਨਾਂ ਗਊਸ਼ਾਲਾਵਾਂ ਵਿਚ ਵੱਧ ਤੋਂ ਵੱਧ ਪਸ਼ੂਆਂ ਦੀ ਸੰਭਾਲ ਯਕੀਨੀ ਬਣਾਉਣ ਲਈ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਕਾਂਗਰਸ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਬਿਜਲੀ, ਸ਼ਰਾਬ, ਤੇਲ ਅਤੇ ਵਾਹਨਾਂ ਉੱਤੇ ਲਾਏ ਗਊ ਸੈਸ ਦੀ ਵੀ ਢੁੱਕਵੀਂ ਵਰਤੋਂ ਨਹੀਂ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਸਥਿਤੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਮਹੀਨੇ ਅਵਾਰਾ ਪਸ਼ੂਆਂ ਕਰਕੇ ਮੁੱਖ ਮੰਤਰੀ ਦੇ ਜ਼ੱਦੀ ਸ਼ਹਿਰ ਪਟਿਆਲਾ ਵਿਚ ਚਾਰ ਵਿਅਕਤੀਆਂ ਦੀ ਹੋਈ ਮੌਤ ਤੋਂ ਬਾਅਦ ਮੇਅਰ ਨੇ ਇਸ ਸਮੱਸਿਆ ਦਾ ਹੱਲ ਕਰਨ ਤੋਂ ਇਹ ਕਹਿੰਦਿਆਂ ਹੱਥ ਖੜ੍ਹੇ ਕਰ ਦਿੱਤੇ ਕਿ ਉਹਨਾਂ ਕੋਲ ਇਸ ਵਾਸਤੇ ਫੰਡ ਨਹੀਂ ਹਨ। ਉਹਨਾਂ ਕਿਹਾ ਕਿ ਜਦਕਿ ਨਗਰ ਨਿਗਮ ਵੱਲੋਂ 3æ85 ਕਰੋੜ ਰੁਪਏ ਗਊ ਸੈਸ ਵਜੋਂ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਗਊ ਸੈਸ ਵਜੋਂ ਇਕੱਠੇ ਕੀਤੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੂਰੇ ਸੂਬੇ ਅੰਦਰ ਇਹੀ ਹਾਲਾਤ ਹਨ।
ਕਾਂਗਰਸ ਸਰਕਾਰ ਨੂੰ ਡੂੰਘੀ ਨੀਂਦ ਵਿਚੋਂ ਜਾਗਣ ਲਈ ਆਖਦਿਆਂ ਅਕਾਲੀ ਆਗੂ ਨੇ ਹੋਰ ਅਵਾਰਾ ਪਸ਼ੂ ਵਾੜੇ ਬਣਾਉਣ,ਅਕਾਲੀ-ਭਾਜਪਾ ਸਰਕਾਰ ਵਾਂਗ ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੇਣ ਅਤੇ ਗਊ ਸੈਸ ਦੀ ਵਰਤੋਂ ਅਵਾਰਾ ਪਸ਼ੂਆਂ ਦਾ ਸਮੱਿਸਆ ਦਾ ਹੱਲ ਕਰਨ ਵਾਸਤੇ ਇਸਤੇਮਾਲ ਕਰਨ ਦੀ ਮੰਗ ਕੀਤੀ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਮੁੱਦੇ ਉੱਤੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨਾਲ ਚਰਚਾ ਕੀਤੀ ਜਾਵੇਗੀ ਅਤੇ ਕਾਂਗਰਸ ਸਰਕਾਰ ਨੂੰ ਇਸ ਸਮੱਸਿਆ ਦਾ ਜਲਦੀ ਹੱਲ ਕੱਢਣ ਲਈ ਮਜ਼ਬੂਰ ਕੀਤਾ ਜਾਵੇਗਾ।