ਸੁਖਬੀਰ ਸਿੰਘ ਬਾਦਲ ਵੱਲੋਂ ਚਾਂਸਲਰ ਨੂੰ ਪ੍ਰਸ਼ਾਸਕੀ ਸੁਧਾਰਾਂ ਬਾਰੇ ਉਚ ਤਾਕਤੀ ਕਮੇਟੀ ਦੀ ਰਿਪੋਰਟ ਵਾਪਸ ਲੈਣ ਦੀ ਅਪੀਲ
ਚਾਂਸਲਰ ਨੇ ਸਾਰੇ ਵਿਵਾਗ੍ਰਸਤ ਮਸਲੇ ਹੱਲ ਕਰਨ ਦਾ ਭਰੋਸਾ ਦੁਆਇਆ
ਚੰਡੀਗੜ੍ਹ, 23 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਸੰਸਦ ਮੈਂਬਰਾਂ ਦੇ ਇਕ ਵਫਦ ਨੇ ਅੱਜ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਸ੍ਰੀ ਐਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੁੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਦੇ ਮਾਣ ਦਾ ਪ੍ਰਤੀ ਪੰਜਾਬ ਯੂਨੀਵਰਸਿਟੀ ਦੇ ਵਿਲੱਖਣ ਸਰੂਪ ਨਾਲ ਛੇੜਛਾੜ ਨਾ ਕੀਤੇ ਜਾਣਾ ਯਕੀਨੀਬ ਬਣਾਇਆ ਜਾਵੇ ਅਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਚਾਂਸਲਰ ਦੀ ਉਚ ਤਾਕਤੀ ਕਮੇਟੀ ਦੀ ਰਿਪੋਰਟ ਵਾਪਸ ਲਈ ਜਾਵੇ।
ਵਫਦ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਵੀ ਸ਼ਾਮਲ ਸਨ, ਨੇ ਉਚ ਤਾਕਤੀ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਵਾਪਸ ਲੈਣ ਦੀਅਪੀਲ ਵੀ ਕੀਤੀ। ਇਹਨਾਂ ਸਿਫਾਰਸ਼ਾਂ ਵਿਚ ਇਸ ਨਾਲ ਜੁੜੇ ਪੰਜਾਬ ਦੇ ਕਾਲਜਾਂ ਦੀ ਮਾਨਤਾ ਖਤਮ ਕਰ ਕੇ ਇਸਦੇ ਖੇਤਰੀ ਅਧਿਕਾਰ ਖੇਤਰ ਵਿਚ ਕਟੌਤੀ ਕਰਨਾ ਵੀ ਸ਼ਾਮਲ ਹੈ।
ਵਫਦ ਨੇ ਚਾਂਸਲਰ ਨੁੰ ਦੱਸਿਆ ਕਿ ਉਚ ਤਾਕਤੀ ਕਮੇਟੀ ਨੂੰ ਪੰਜਾਬ ਵਿਰੋਧੀ ਤਾਕਤਾਂ ਨੇ ਹਾਈਜੈਕ ਕਰ ਲਿਆ ਹੈ ਤੇ ਇਹ ਤਾਕਤਾਂ ਪ੍ਰਸ਼ਾਸਕੀ ਸੁਧਾਰਾਂ ਦੇ ਨਾਂ ’ਤੇ ਯੂਨੀਵਰਸਿਟੀ ਦਾ ਸਰੂਪ ਹੀ ਬਦਲਣਾ ਚਾਹੁੰਦੀਆਂ ਹਨ। ਇਹ ਵੀ ਦੱਸਿਆ ਗਿਆ ਕਿ ਅਲੂਮਨੀ ਦੇ ਚੁਣੇ ਹੋਏ ਪ੍ਰਤੀਨਿਧਾਂ ਦੀਆਂ ਸਾਰੀਆਂ ਤਾਕਤਾਂ ਖੋਹ ਕੇ ਵਾਈਸ ਚਾਂਸਲਰ ਦੇ ਦਫਤਰ ਨੁੰ ਸਾਰੀਆਂ ਤਾਕਤਾਂ ਦੇ ਕੇ ਇਸਨੁੰ ਤਾਨਾਸ਼ਾਹੀ ਅਦਾਰਾ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਵਫਦ ਨੇ ਇਹ ਵੀ ਦੱਸਿਆ ਕਿ ਕਮੇਟੀ ਨੇ ਇਸਦੀ ਸਿੰਡੀਕੇਟ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਥਾਂ ਸਿਰਫ ਐਕਸ ਆਫੀਸ਼ੀਓ ਮੈਂਬਰ ਤੇ ਨਾਮਜ਼ਦ ਮੈਂਬਰ ਰੱਖ ਕੇ ਇਸਨੂੰ ਖ਼ਤਮ ਕਰਨ ਦੀ ਸਾਜ਼ਿਸ਼ ਵੀ ਰਚੀ ਜਾ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਸਿਫਾਰਸ਼ਾਂ ਪੰਜਾਬ ਦੇ ਚੁਣੇ ਹੋਏ ਮੈਂਬਰਾਂ ਰਾਹੀਂ ਪੰਜਾਬੀਆਂ ਦੀ ਤਕਲੀਫਦੇਹ ਬੇਵਿਸਾਖੀ ਦਾ ਸਬੱਬ ਬਣ ਰਹੀਆਂ ਹਨ। ਇਹਨਾਂ ਦਾ ਮਕਸਦ ਪੰਜਾਬੀਆਂ ਦੀ ਆਵਾਜ਼ ਦਬਾ ਕੇ ਤੇ ਇਹਨਾਂ ਨੂੰ ਕੌਮੀ ਮੁੱਖ ਧਾਰਾ ਵਿਚੋਂ ਬਾਹਰ ਕੱਢਣਾ ਹੈ। ਪੰਜਾਬੀ ਆਪਣੇ ਸਭਿਆਚਾਰ ਨੂੰ ਇਸ ਤਰੀਕੇ ਹੇਠਾਂ ਲਾਉਣ ਦੀ ਇਸ ਸਾਜ਼ਿਸ਼ ਤੋਂ ਬਹੁਤ ਔਖੇ ਹਨ ਕਿਉਂਕਿ ਇਸ ਸਭਿਆਚਾਰ ਦੀ ਥਾਂ ਇਸ ਖਿੱਤੇ ਲਈ ਅਣਜਾਣ ਵਿਚਾਰ ਲਿਆਂਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਇਹ ਸਭਿਆਚਾਰਕ ਤੇ ਪ੍ਰਸ਼ਾਸਕੀ ਬਦਲਾਅ ਪੰਜਾਬੀਆਂ ਤੋਂ ਇਹਨਾਂ ਦੀ ਰਾਜਧਾਨੀ ਖੋਹਣ, ਦਰਿਆਈ ਪਾਣੀ ਖੋਹਣ ਤੇ ਪੰਜਾਬੀ ਬੋਲਦੇ ਇਲਾਕੇ ਖੋਹਣ ਵਰਗੇ ਲੜੀਵਾਰ ਅਨਿਆਂ ਕੀਤੇ ਜਾਣ ਤੋਂ ਬਾਅਦ ਕੀਤਾ ਜਾ ਰਿਹਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਸੰਸਥਾਪਕਾਂ ਦੀ ਇੱਛਾ ਤੇ ਸੋਚ ਅਨੁਸਾਰ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਦੇ ਲੋਕਾਂ ਲਈ ਆਪਣੇ ਅਕਾਦਮਿਕ, ਬੌਧਿਕ ਤੇ ਸਭਿਆਚਾਰਕ ਵਿਰਸੇ ਦੀ ਸੰਭਾਲ ਕਰਨ ਵਾਸਤੇ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਆਦਰਸ਼ ਨੂੰ ਯੂਨੀਵਰਸਿਟੀ ਚਲਾਉਣ ਵਿਚੋਂ ਪੰਜਾਬੀਆਂ ਨੁੰ ਮਨਫੀ ਕਰਨ ਦੇ ਇਰਾਦੇ ਨਾਲ ਚੁੱਕੇ ਜਾ ਰਹੇ ਸੰਘੀ ਢਾਂਚਾ ਵਿਰੋਧੀ ਕਦਮਾਂ ਨਾਲ ਖੋਰਾ ਲੱਗਾ ਹੈ। ਉਹਨਾਂ ਨੇ ਚਾਂਸਲਰ ਨੁੰ ਅਪੀਲ ਕੀਤੀ ਕਿ ਮਾਮਲੇ ਵਿਚ ਤੁਰੰਤ ਦਰੁੱਸਤੀ ਭਰੇ ਕਦਮ ਚੁੱਕੇ ਜਾਣ।
ਸ੍ਰੀ ਵੈਂਕਈਆ ਨਾਇਡੂ ਨੇ ਅਕਾਲੀ ਦਲ ਦੇ ਵਫਦ ਨੂੰ ਭਰੋਸਾ ਦੁਆਇਆ ਕਿ ਪੰਜਾਬ ਯੂਨੀਵਰਸਿਟੀ ਅਜਿਹਾ ਕੋਈ ਫੈਸਲਾਨਹੀਂ ਲਵੇਗੀ ਜਿਸ ਨਾਲ ਪੰਜਾਬੀਆਂ ਦੇ ਹਿੱਤਾਂ ਨੁੰ ਸੱਟ ਵਜੇ ਅਤੇ ਉਹ ਪਹਿਲਾਂ ਹੀ ਮਾਮਲੇ ਨੂੰ ਆਪ ਵੇਖ ਰਹੇ ਹਨ ਅਤੇ ਸਾਰੇ ਵਿਵਾਦਗ੍ਰਸਤ ਮਾਮਲੇ ਹੱਲ ਕੀਤੇ ਜਾਣਗੇ।
ਵਫਦ ਨੇ ਇਸ ਤੁਰੰਤ ਦਖਲ ਦੇ ਕੇ ਯੂਨੀਵਰਸਿਟੀ ਦਾ ਵਿਲੱਖਣ ਸਰੂਪ ਬਚਾਈ ਰੱਖਣ ਦਾ ਭਰੋਸਾ ਦੇਣ ਲਈ ਚਾਂਸਲਰ ਦਾ ਧੰਨਵਾਦ ਕੀਤਾ।