ਚੰਡੀਗੜ•/11 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਬੜੇ ਭਾਰੀ ਮਨ ਨਾਲ ਫੈਸਲਾ ਲੈਂਦਿਆਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਉਹਨਾਂ ਦੇ ਸਪੁੱਤਰ ਸਰਦਾਰ ਰਵਿੰਦਰ ਸਿੰਘ ਬ੍ਰਹਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ-ਵਿਰੋਧੀ ਕਾਰਵਾਈਆਂ ਕਰਨ ਲਈ 6 ਸਾਲਾਂ ਲਈ ਸਾਰਿਆਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੇ ਅਫਸੋਸ ਜਤਾਇਆ ਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੋਵਾਂ ਦੇ ਸਪੁੱਤਰਾਂ ਨੇ ਪਾਰਟੀ ਆਗੂਆਂ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਦਿੱਤੇ ਮਾਣ ਸਤਿਕਾਰ ਅਤੇ ਉਹਨਾਂ ਪ੍ਰਤੀ ਵਿਖਾਈ ਦਰਿਆਦਿਲੀ ਦਾ ਨਜਾਇਜ਼ ਲਾਭ ਚੁੱਕਿਆ ਗਿਆ ਹੈ ਅਤੇ ਉਹਨਾਂ ਨੇ ਪਾਰਟੀ ਅਤੇ ਸੀਨੀਅਰ ਲੀਡਰਸ਼ਿਪ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਹੈ।
ਸ੍ਰੀ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਮਹਿਸੂਸ ਕੀਤਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਆਗੂਆਂ ਵੱਲੋਂ ਉਹਨਾਂ ਅਤੇ ਪਾਰਟੀ ਉੱਤੇ ਕੀਤੇ ਕੋਝੇ ਹਮਲਿਆਂ ਪ੍ਰਤੀ ਬਹੁਤ ਹੀ ਸਹਿਣਸ਼ੀਲਤਾ, ਹਲੀਮੀ ਅਤੇ ਸਬਰ ਵਾਲਾ ਰੁਖ ਬਣਾਈ ਰੱਖਿਆ, ਜਿਸ ਕਰਕੇ ਬ੍ਰਹਮਪੁਰਾ ਅਤੇ ਅਜਨਾਲਾ ਇਹਨਾਂ ਦੋਵੇਂ ਆਗੂਆਂ ਦੀ ਫਰਾਖਦਿਲੀ ਦਾ ਲਾਭ ਉਠਾਉਂਦੇ ਗਏ। ਸਰਦਾਰ ਬ੍ਰਹਮਪੁਰਾ ਨੂੰ ਹਮੇਸ਼ਾਂ ਹੀ ਉਹਨਾਂ ਦੇ ਆਪਣੇ ਖੇਤਰ ਵਿਚ ਸੂਬੇ ਦਾ ਸਾਰੇ ਆਗੂਆਂ ਨਾਲੋਂ ਵਧੇਰੇ ਮਾਣ ਸਤਿਕਾਰ ਦਿੱਤਾ ਗਿਆ। ਉਹ ਅਕਾਲੀ ਸਰਕਾਰਾਂ ਦੌਰਾਨ ਦੋ ਵਾਰ ਮੰਤਰੀ ਰਹੇ, ਚਾਰ ਵਾਰ ਵਿਧਾਇਕ ਰਹੇ, ਇਸ ਤੋਂ ਇਲਾਵਾ ਪਾਰਟੀ ਵਿਚ ਉਹਨਾਂ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੋਂ ਬਾਅਦ ਸਭ ਤੋਂ ਸੀਨੀਅਰ ਅਹੁਦਿਆਂ ਉੱਤੇ ਰਹੇ।
ਪਾਰਟੀ ਦੇ ਸੀਨੀਅਰ ਆਗੂਆਂ ਵਜੋਂ ਸਰਦਾਰ ਬ੍ਰਹਮਪੁਰਾ ਅਤੇ ਡਾਕਟਰ ਅਜਨਾਲਾ ਪਾਰਟੀ ਵੱਲੋਂ ਅਤੀਤ ਵਿਚ ਲਏ ਗਏ ਸਾਰੇ ਫੈਸਲਿਆਂ ਵਿਚ ਸ਼ਾਮਿਲ ਰਹੇ ਹਨ। ਇਹਨਾਂ ਵਿਚ ਪਾਰਟੀ ਦੀ ਸਰਕਾਰ ਸਮੇਂ ਲਏ ਗਏ ਫੈਸਲੇ ਵੀ ਸ਼ਾਮਿਲ ਹਨ।
ਕੋਰ ਕਮੇਟੀ ਨੇ ਕਿਹਾ ਕਿ ਸਰਦਾਰ ਬ੍ਰਹਮਪੁਰਾ ਬੇਅਦਬੀ ਦੇ ਮੁੱਦੇ ਉੱਤੇ ਪਾਰਟੀ ਦੇ ਖ਼ਿਲਾਫ ਬਿਆਨ ਦਾਗਦੇ ਆ ਰਹੇ ਹਨ, ਉਹ ਭੁੱਲ ਰਹੇ ਹਨ ਕਿ ਜਦੋਂ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਨੇ ਬੇਅਦਬੀ ਦੇ ਮੁੱਦੇ ਉੱਤੇ ਰੋਸ ਵਜੋਂ ਅਸਤੀਫਾ ਦੇ ਕੇ ਸੀਟ ਖਾਲੀ ਕੀਤੀ ਸੀ ਤਾਂ ਉਸ ਸੀਟ ਤੋਂ ਆਪਣੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਚੋਣ ਲੜਾਉਣ ਵਾਸਤੇ ਸਰਦਾਰ ਬ੍ਰਹਮਪੁਰਾ ਨੇ ਪਾਰਟੀ ਲੀਡਰਸ਼ਿਪ ਉੱਤੇ ਜ਼ੋਰ ਪਾਇਆ ਸੀ।
ਇੱਥੋਂ ਤਕ ਕਿ ਅੱਜ ਵੀ ਸਰਦਾਰ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਦੇ ਮੈਂਬਰ ਹਨ। ਉਹਨਾਂ ਨੇ ਉਸੇ ਸਰਕਾਰ ਰਾਹੀਂ ਆਪਣੇ ਭਤੀਜੇ ਅਲਵਿੰਦਰ ਪਾਲ ਸਿੰਘ ਪੱਖੋਕੇ ਨੂੰ ਪੰਜਾਬ ਸੂਚਨਾ ਕਮਿਸ਼ਨ ਵਿਚ ਕਮਿਸ਼ਨਰ ਲਗਵਾਇਆ ਸੀ, ਜਿਸ ਦੀ ਉਹ ਆਲੋਚਨਾ ਕਰ ਰਹੇ ਹਨ।
ਕੋਰ ਕਮੇਟੀ ਨੇ ਕਿਹਾ ਕਿ ਇਸੇ ਤਰ•ਾਂ ਡਾਕਟਰ ਰਤਨ ਸਿੰਘ ਅਜਨਾਲਾ ਹਮੇਸ਼ਾ ਹੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਾਸ ਰਹੇ, ਜਿਹਨਾਂ ਨੂੰ ਨਾ ਸਿਰਫ ਵਾਰ ਵਾਰ ਵਿਧਾਨ ਸਭਾ ਲਈ ਪਾਰਟੀ ਟਿਕਟ ਦਿੱਤੀ ਗਈ, ਸਗੋ ਉਹਨਾਂ ਸੰਸਦ ਮੈਂਬਰ ਵਰਗੇ ਵੱਕਾਰੀ ਅਹੁਦਿਆਂ ਉੱਤੇ ਵੀ ਬਿਠਾਇਆ। ਕੋਰ ਕਮੇਟੀ ਨੇ ਅਫਸੋਸ ਪ੍ਰਗਟ ਕੀਤਾ ਕਿ ਇਹਨਾਂ ਦੋਵੇਂ ਆਗੂਆਂ ਨੇ ਪਾਰਟੀ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਖਾਈ ਹਲੀਮੀ, ਸਬਰ ਅਤੇ ਦਰਿਆਦਿਲੀ ਦਾ ਨਿਰਾਦਰ ਕੀਤਾ ਹੈ।
ਕੋਰ ਕਮੇਟੀ ਨੇ ਕਿਹਾ ਕਿ ਪਾਰਟੀ ਵਿਰੁੱਧ ਅਨੁਸਾਸ਼ਣਹੀਣਤਾ ਨੂੰ ਕਿਸੇ ਵੀ ਕੀਮਤ ਉੱੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਇਹਨਾਂ ਆਗੂਆਂ ਪ੍ਰਤੀ ਬਹੁਤ ਜ਼ਿਆਦਾ ਸਬਰ ਅਤੇ ਸਹਿਣਸ਼ੀਲਤਾ ਦਾ ਮੁਜ਼ਾਹਰਾ ਕਰ ਚੁੱਕੇ ਹਨ।