ਚੰਡੀਗੜ੍ਹ, 5 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਕਿਸਾਨ ਅਤੇ ਮੁਲਾਜ਼ਮ ਵਿੰਗਾਂ ਨੁੰ ਤੇ ਨਾਲ ਹੀ ਮੁਲਾਜ਼ਮ ਫਰੰਟ ਨੁੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਨਾ ਸਿਰਫ ਸਬਜ਼ੀਆਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਸ਼ੁਰੂ ਕਰੇਗੀ ਤੇ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਬੀਮਾ ਸਕੀਮ ਸ਼ੁਰੂ ਕਰੇਗੀ ਬਲਕਿ ਨਾਲ ਹੀ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਮੁੜ ਸ਼ੁਰੂ ਕਰੇਗੀ ਤੇ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਤਰੁੱਟੀਆਂ ਦੂਰ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੇ ਕਿਸਾਨ ਅਤੇ ਮੁਲਾਜ਼ਮਾਂ ਦੇ ਨਾਲ ਨਾਲ ਮੁਲਾਜ਼ਮ ਫਰੰਟ ਦੀ ਪਾਰਟੀ ਮੁੱਖ ਦਫਤਰ ਵਿਚ ਹੋਈ ਮੀਟਿੰਗ ਜਿਸ ਵਿਚ ਕਿਸਾਨ ਤੇ ਮੁਲਾਜ਼ਮ ਫਰੰਟ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਵੀ ਸ਼ਾਮਲ ਹੋਏ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨ ਪੱਖੀ ਤੇ ਮੁਲਾਜ਼ਮ ਪੱਖੀ ਰਿਹਾ ਹੈ ਕਿਉਂਕਿ ਇਹ ਹਮੇਸ਼ਾ ਤਰੱਕੀ ਦੇ ਰਾਹ ਵਿਚ ਦੋਹਾਂ ਨੁੰ ਨਾਲ ਲੈ ਕੇ ਚੱਲਿਆ ਹੈ ਤੇ ਇਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਵੀ ਦੂਰ ਕੀਤੀਆਂ ਹਨ। ਉਹਨਾਂ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀ ਅਗਵਾਈ ਹੇਠਲੀਆਂ ਸਰਕਾਰਾਂ ਨੇ ਕਿਸਾਨਾਂ ਨੁੰ ਖੇਤੀਬਾੜੀ ਲਈ ਮੁਫਤ ਬਿਜਲੀ ਦੀ ਸਹੂਲਤ ਪ੍ਰਦਾਨ ਕੀਤੀ। ਅਸੀਂ ਆਪਣੀ ਸਰਕਾਰ ਦੇ ਸਮੇਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਤਰੁੱਟੀਆਂ ਦੂਰ ਕੀਤੀਆਂ। ਕਿਸਾਨ ਤੇ ਮੁਲਾਜ਼ਮਾਂ ਨੇ ਇਸੇ ਕਾਰਨ ਹਮੇਸ਼ਾ ਸਾਡੇ ’ਤੇ ਭਰੋਸਾ ਕੀਤਾ। ਹੁਣ ਵੀ ਅਸੀਂ ਉਹਨਾਂ ਨਾਲ ਕੀਤੇ ਜਾ ਰਹੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਾਂ।
ਸਰਦਾਰ ਬਾਦਲ ਨੇ ਕਿਸਾਨ ਤੇ ਮੁਲਾਜ਼ਮ ਵਿੰਗਾਂ ਨੁੰ ਆਖਿਆ ਕਿ ਉਹ ਆਪਣੀਆਂ ਵਿਸਥਾਰਿਤ ਪ੍ਰਤੀਨਿਧਾਂ ਕਿਹਾ ਕਿ ਉਹ ਆਪਣੇ ਵਿਸਥਾਰਿਤ ਮੈਮੋਰੰਡਮ ਸੌਂਪਣ ਤਾਂ ਜੋ ਉਹਨਾਂ ਦੀਆਂ ਮੰਗਾਂ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤੀਆਂ ਜਾ ਸਕਣ। ਉਹਨਾਂ ਨੇ ਦੋਹਾਂ ਵਿੰਗਾਂ ਦੇ ਪ੍ਰਤੀਨਿਧਾਂ ਨੁੰ ਭਰੋਸਾ ਦੁਆਇਆ ਕਿ ਅਸੀਂ ਤੁਹਾਡੇ ਲਈ ਸਰਵੋਤਮ ਕਰਾਂਗੇ।
ਇਸ ਦੌਰਾਨ ਮੰਗਾਂ ਦੀ ਗੱਲ ਕਰਦਿਆਂ ਮੁਲਾਜ਼ਮ ਵਿੰਗ ਦੇ ਪ੍ਰਧਾਨ ਇਸ਼ਰ ਸਿੰਘ ਮੰਝਪੁਰ ਤੇ ਮੁਲਾਜ਼ਮ ਫਰੰਟ ਦੇ ਪ੍ਰਧਾਨ ਬਾਜ਼ ਸਿੰਘ ਖਹਿਰਾ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਅਤੇ ਠੇਕੇ ’ਤੇ ਕੰਮ ਕਰਦੇ 36000 ਮੁਲਾਜ਼ਮ ਰੈਗੂਲਰ ਨਹੀਂ ਕੀਤੇ। ਉਹਨਾਂ ਇਹ ਵੀ ਮੰਗ ਕੀਤੀ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸਾਰੇ ਸਰਕਾਰੀ ਵਿਭਾਗਾਂ ਵਿਚ ਖਾਲੀ ਪਈਆਂ ਆਸਾਮੀਆਂ ਭਰੇ, ਸਿੱਖਿਆ ਵਿਭਾਗ ਵਿਚ ਕੰਪਿਊਟਰ ਟੀਚਰਾਂ ਨੁੰ ਰੈਗੂਲਰ ਕਰੇ, ਆਂਗਣਵਾੜੀ ਤੇ ਮਿਡ ਡੇਅ ਮੀਲ ਵਰਕਰਾਂ ਨੂੰ ਪੂਰਾ ਪੇਅ ਗਰੇਡ ਦੇਵੇ, ਪਿਛਲੇ ਸਮੇਂ ਦੇ ਮੁਲਾਜ਼ਮਾਂ ਦੇ ਸਾਰੇ ਭੱਤੇ ਬਹਾਲ ਕਰੇ, 6ਵੇਂ ਪੇਅ ਕਮਿਸ਼ਨ ਵੱਲੋਂ ਉਹਨਾਂ ਦੇ ਰੱਦ ਕੀਤੇ 52 ਭੱਤੇ ਵੀ ਬਹਾਲ ਕਰੇ ਅਤੇ ਸਾਰੇ ਬੋਰਡਾਂ ਤੇ ਕਾਰਪੋਰੇਸ਼ਨਾਂ ਲਈ 7ਵੀਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰੇ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਖਿਲਾਫ ਦਰਜ ਹੋਏ ਸਾਰੇ ਝੁਠੇ ਕੇਸ ਵੀ ਰੱਦ ਕੀਤੇ ਜਾਣ।
ਸਰਦਾਰ ਬਾਦਲ ਨੇ ਵਿੰਗਾਂ ਦੇ ਪ੍ਰਤੀਨਿਧਾਂ ਦੀ ਗੱਲ ਗੌਰ ਨਾਲ ਸੁਣੀ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਹਨਾਂ ਮੀਟਿੰਗਾਂ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।