ਕਿਹਾ ਕਿ 1500 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਸਾਰੇ ਪੁਰਾਣੇ ਸ਼ਹਿਰ ਨੁੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ
ਕਿਹਾ ਕਿ ਬਜਾਏ ਅੰਮ੍ਰਿਤਸਰ ਲਈ ਕੁਝ ਕਰਨ ਦੇ, ਨਵਜੋਤ ਸਿੱਧੂ ਨੇ ਪਿਛਲੇ ਤਿੰਨ ਮਹੀਨੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਆਗੂਆਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਯੋਜਨਾਬੰਦੀ ’ਤੇ ਬਰਬਾਦ ਕੀਤੇ
ਕਿਹਾ ਕਿ ਕੇਜਰੀਵਾਲ ਝੂਠ ਵੇਚ ਰਿਹੈ
ਅੰਮ੍ਰਿਤਸਰ, 27 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਅੰਮ੍ਰਿਤਸਰ ਨੁੰ ਵਿਸ਼ਵ ਸੈਰ ਸਪਾਟਾ ਨਕਸ਼ੇ ’ਤੇ ਲਿਆਂਦਾ ਸੀ ਤੇ ਉਹਨਾਂ ਵਾਅਦਾ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਦੇ ਸਮੇਂ ਵਿਚ ਪਵਿੱਤਰ ਨਗਰੀ ਨੂੰ ਸੂਚਨਾ ਤਕਨਾਲੋਜੀ (ਆਈ ਟੀ) ਅਤੇ ਕਨਵੈਨਸ਼ਨ ਸੈਂਟਰ ਹੱਬ ਵਿਚ ਤਬਦੀਲ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਅੰਮ੍ਰਿਤਸਰ ਉੱਤਰੀ ਤੋਂ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਆਯੋਜਿਤ ਵਪਾਰ ਤੇ ਉਦਯੋਗ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ, ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਅੰਮ੍ਰਿਤਸਰ ਵਿਚ ਵਿਰਾਸਤੀ ਮਾਰਗ ਬਣਾ ਕੇ ਤੇ ਆਪਣਾ ਪਿੰਡ ਤੇ ਦੇਸ਼ ਦੀ ਵੰਡ ਨਾਲ ਸਬੰਧਤ ਮਿਊਜ਼ੀਅਮ ਬਣਾ ਕੇ ਇਸ ਨਗਰੀ ਨੁੰ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ’ਤੇ ਲਿਆਂਦਾ ਸੀ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਪਵਿੱਤਰ ਨਗਰੀ ਕਾਂਗਰਸ ਪਾਰਟੀ ਦੀਆਂ ਅੰਦਰੂਨੀ ਲੜਾਈਆਂ ਦਾ ਸ਼ਿਕਾਰ ਹੋਈ ਤੇ ਇਥੇ ਪੰਜ ਸਾਲਾਂ ਵਿਚ ਕੋਈ ਵੀ ਪ੍ਰਮੁੱਖ ਵਿਕਾਸ ਪ੍ਰਾਜੈਕਟ ਨਹੀਂ ਲਿਆਂਦਾ ਗਿਆ।
ਆਪਣੀਆਂ ਭਵਿੱਖੀ ਯੋਜਨਾਵਾਂ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸ਼ਹਿਰ ਨੁੰ ਆਈ ਟੀ ਤੇ ਕਨਵੈਨਸ਼ਨ ਸੈਂਟਰ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਫਰੈਂਕਫਰਟ ਦੀ ਤਰਜ਼ ’ਤੇ ਇਥੇ ਕਨਵੈਨਸ਼ਨ ਸੈਂਟਰ ਲਈ ਲੋੜੀਂਦਾ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ 1500 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਪੁਰਾਤਨ ਸ਼ਹਿਰ ਨੁੰ ਵਿਰਾਸਤੀ ਦਿੱਖ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਇਸ ਨਾਲ ਵਪਾਰ ਤੇ ਸੈਰ ਸਪਾਟੇ ਵਿਚ ਚੋਖਾ ਵਾਧਾ ਹੋਵੇਗਾ।
ਸਰਦਾਰ ਬਾਦਲ ਨੇ ਉਦਯੋਗਾਂ ਨੁੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਨਿਵੇਸ਼ ਪੰਜਾਬ ਮਹਿਕਮਾ ਬਣਾਇਆ ਸੀ ਤੇ ਇਸਨੁੰ 35 ਹੋਰ ਮਹਿਕਮਿਆਂ ਦੀਆਂ ਤਾਕਤਾਂ ਦਿੱਤੀਆਂ ਸਨ ਤਾਂ ਜੋ ਸੂਬੇ ਵਿਚ ਨਿਵੇਸ਼ ਵਾਸਤੇ 30 ਦਿਨਾਂ ਦੇ ਅੰਦਰ ਅੰਦਰ ਪ੍ਰਵਾਨਗੀ ਮਿਲ ਸਕੇ। ਉਹਨਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਇਸ ਮਹਿਕਮੇ ਦਾ ਹੀ ਭੋਗ ਪਾ ਦਿੱਤਾ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕੰਮਕਾਜ ਨੂੰ ਕਾਗਜ਼ ਰਹਿਤ ਬਣਾਏਗੀ ਤੇ ਯਕੀਨੀ ਬਣਾਏਗੀ ਕਿ ਉਦਯੋਗਿਕ ਖੇਤਰ ਦੇ ਕੰਮਕਾਜ ਵਿਚ ਕੋਈ ਦਖਲ ਨਾ ਹੋਵੇ। ਉਹਨਾਂ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਉਦਯੋਗ ਨੁੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਮਿਲੇ।
ਲੀਡਰਸ਼ਿਪ ਗੁਣਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਹਾਨੁੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਹਾਂ ਪੱਖੀ ਹੋਵੇ ਅਤੇ ਵਿਕਾਸ ਦਾ ਇੰਜਣ ਸਾਬਤ ਹੋਵੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲ ਬਰਬਾਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸੱਤਾ ਦੇ ਲਾਲਚੀ ਨਵਜੋਤ ਸਿੱਧੂ ਵੱਲੋਂ ਵੀ ਪੰਜ ਸਾਲ ਹੋਰ ਬਰਬਾਦ ਕਰ ਦਿੱਤੇ ਜਾਣਗੇ ਕਿਉਂਕਿ ਉਹ ਨਾ ਸਿਰਫ ਭ੍ਰਿਸ਼ਟ ਤੇ ਹੰਕਾਰੀ ਹੈ ਬਲਕਿ ਜਨਤਕ ਕੰਮਾਂ ਪ੍ਰਤੀ ਉਸਦੀ ਪਹੁੰਚ ਨਾਂਹ ਪੱਖੀ ਹੈ। ਉਹਨਾਂ ਨੇ ਉਦਾਹਰਣ ਵੀ ਦਿੱਤੀ ਕਿ ਕਿਵੇਂ ਸਿੱਧੂ ਨੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਹੁੰਦਿਆਂ ਵਿਰਾਸਤੀ ਮਾਰਗ ਪ੍ਰਾਜੈਕਟ ਠੱਪ ਕਰ ਦਿੱਤਾ ਤੇ ਨਾਲ ਹੀ ਬੀ ਆਰ ਟੀ ਐਸ ਤੇ ਸੈਰ ਸਪਾਟਾ ਪ੍ਰਾਜੈਕਟ ਠੱਪ ਕੀਤੇ।
ਸਰਦਾਰ ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਪਵਿੱਤਰ ਨਗਰੀ ਲਈ ਕੁਝ ਕਰਨ ਦੀ ਥਾਂ ’ਤੇ ਸਿੱਧੂ ਨੇ ਤਿੰਨ ਮਹੀਨਿਆਂ ਇਸ ਕੰਮ ’ਤੇ ਲਾਏ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਆਗੂਆਂ ਦੇ ਖਿਲਾਫ ਫਰਜ਼ੀ ਕੇਸ ਕਿਵੇਂ ਦਰਜ ਕੀਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਸਿੱਧੂ ਨੇ ਹੀ ਸਿਧਾਰਥ ਚਟੋਪਾਧਿਆਏ ਨੁੰ ਨਵਾ ਡੀ ਜੀ ਪੀ ਲਗਵਾਇਆ ਹੈ ਜਦੋਂ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਬੀ ਓ ਆਈ ਦੇ ਤਿੰਨ ਮੁਖੀਆਂ ਤੋਂ ਇਲਾਵਾ ਪਟਿਆਲਾ ਦੇ ਐਸ ਐਸ ਪੀ ਨੇ ਵੀ ਕਾਂਗਰਸ ਸਰਕਾਰ ਦੇ ਕਹਿਣ ’ਤੇ ਅਕਾਲੀ ਆਗੂਆਂ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਸਰਦਾਰ ਬਾਦਲ, ਜਿਹਨਾਂ ਨੇ ਮਸੀਹ ਭਾਈਚਾਰੇ ਦੇ ਇਕੱਠ ਦੇ ਨਾਲ ਨਾਲ ਸ੍ਰੀ ਜੋਸ਼ੀ ਦੇ ਹੱਕ ਵਿਚ ਪੰਚਾਇਤ ਰੈਲੀਆਂ ਨੁੰ ਵੀ ਸੰਬੋਧਨ ਕੀਤਾ, ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਝੂਠਾ ਵੇਚਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਵੀ ਉਸੇ ਤਰੀਕੇ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦੇ ਹਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੁੰ ਤਾਂ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਦਾਅਵਾ ਕਰ ਦਿੱਤਾ ਹੈ ਪਰ ਦਿੱਲੀ ਵਿਚ ਮਹਿਲਾਵਾਂ ਨੁੰ 10 ਰੁਪਏ ਵੀ ਨਹੀਂ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਇਸੇ ਤਰੀਕੇ ਅਪਾ ਪੰਜਾਬ ਵਿਚ ਖਪਤਕਾਰਾਂ ਨੁੰ 300 ਯੁਨਿਟ ਪ੍ਰਤੀ ਬਿੱਲ ਸਾਈਕਲ ਮੁਫਤ ਦੇਣ ਦਾ ਵਾਅਦਾ ਕਰ ਰਹੀ ਹੈ ਜਦੋਂ ਕਿ ਦਿੱਲੀ ਵਿਚ ਵਾਅਦਾ 200 ਯੁਨਿਟ ਦਾ ਹੈ ਤੇ ਨਾਲ ਹੀ ਸ਼ਰਤ ਹੈ ਕਿ ਜੇਕਰ ਇਕ ਯੁਨਿਟ ਵੀ ਵੱਧ ਹੋ ਗਿਆ ਤਾਂ ਸਾਰਾ ਬਿੱਲ ਭਰਨਾ ਪਵੇਗਾ ਜਿਸ ਕਾਰਨ ਕਿਸੇ ਨੂੰ ਵੀ ਸਕੀਮ ਦਾ ਲਾਭ ਨਹੀਂ ਮਿਲਿਆ। ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਵਿਚ ਸਾਰੇ ਮੁਲਾਜ਼ਮ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਹਨ ਜਦੋਂ ਕਿ ਪੰਜਾਬ ਵਿਚ ਕੇਜਰੀਵਾਲ ਮੁਲਾਜ਼ਮਾਂ ਨੁੰ ਰੈਗੂਲਰ ਕਰਨ ਦੇ ਵਾਅਦੇ ਕਰ ਰਹੇ ਹਨ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਬੀ ਪੀ ਐਲ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਹੋਣਗੀਆਂ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੁੰ 10 ਲੱਖ ਰੁਪਏ ਵਿਆਜ਼ ਮੁਕਤ ਸਟੂਡੈਂਟ ਲੋਨ ਦਿੱਤਾ ਜਾਵੇਗਾ ਅਤੇ ਨੌਜਵਾਨ ਉਦਮੀਆਂ ਨੁੰ ਆਪਣੇ ਕੰਮ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।