ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੱਤਰਕਾਰਾਂ ਸੰਜੇ ਸੂਰੀ ਅਤ ਮੁਖਤਿਆਰ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਜਾਣੀ ਚਾਹੀਦੀ ਹੈ
ਡੀਐਸਜੀਐਮਸੀ ਵਫ਼ਦ 1984 ਕਤਲੇਆਮ ਕੇਸਾਂ ਦੀ ਰੋਜ਼ਾਨਾ ਸੁਣਵਾਈ ਲਈ ਵਿਸ਼ੇਸ਼ ਅਦਾਲਤ ਕਾਇਮ ਕੀਤੇ ਜਾਣ ਅਤੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਦੀ ਚੋਣ ਬੋਰਡ ਮੈਂਬਰਾਂ ਵੱਲੋਂ ਕੀਤੇ ਜਾਣ ਦੀ ਅਪੀਲ ਕਰੇਗਾ
ਚੰਡੀਗੜ੍ਹ/17 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨ ਅੱਜ ਐਲਾਨ ਕੀਤਾ ਕਿ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਉੱਤੇ ਹਮਲਾ ਕਰਨ ਵਾਸਤੇ ਇੱਕ ਭੀੜ ਦੀ ਅਗਵਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਖ਼ਿਲਾਫ ਕਾਰਵਾਈ ਦੀ ਮੰਗ ਕਰਨ ਲਈ ਪਾਰਟੀ ਵੱਲੋਂ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਜਾਵੇਗੀ।
ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਇੱਕ ਵਫ਼ਦ ਕੱਲ੍ਹ ਨੂੰ ਗ੍ਰਹਿ ਸਕੱਤਰ ਸ੍ਰੀ ਰਾਜੀਵ ਗੌਬਾ ਨੂੰ ਮਿਲੇਗਾ ਅਤੇ ਇਸ ਸੰਬੰਧ ਵਿਚ ਇੱਕ ਮੰਗ ਪੱਤਰ ਸੌਂਪੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਗ੍ਰਹਿ ਮੰਤਰੀ ਨੂੰ ਅਪੀਲ ਕਰੇਗਾ ਕਿ ਉਹ ਸਿਟ ਨੂੰ ਨਾਮੀ ਪੱਤਰਕਾਰਾਂ ਸੰਜੇ ਸੂਰੀ ਅਤੇ ਮੁਖਤਿਆਰ ਸਿੰਘ ਦੇ ਬਿਆਨ ਰਿਕਾਰਡ ਕਰਨ ਦਾ ਨਿਰਦੇਸ਼ ਦੇਣ ਜੋ ਕਿ ਕਮਲ ਨਾਥ ਵਿਰੁੱਧ ਮੁੱਖ ਗਵਾਹ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਕੀ ਲਟਕੇ ਹੋਏ ਮਸਲੇ ਵੀ ਉਠਾਏ ਜਾਣਗੇ। ਉਹਨਾਂ ਕਿਹਾ ਕਿ ਅਸੀਂ ਦਿੱਲੀ ਵਿਚ ਹੋਏ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਰੋਜ਼ਾਨਾ ਸੁਣਵਾਈ ਲਈ ਇੱਕ ਵਿਸ਼ੇਸ਼ ਅਦਾਲਤ ਕਾਇਮ ਕੀਤੇ ਜਾਣ ਦੀ ਵੀ ਮੰਗ ਕਰਦੇ ਹਾਂ ਤਾਂ ਕਿ ਇੱਕ ਤੈਅ ਸਮਾਂ-ਸੀਮਾ ਦੇ ਅੰਦਰ ਪੀੜਤਾਂ ਨੂੰ ਇਨਸਾਫ ਮਿਲ ਸਕੇ। ਉਹਨਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਧਾਨ ਦੀ ਚੋਣ ਇਸ ਦੇ ਬੋਰਡ ਦੇ ਮੈਂਬਰਾਂ ਵੱਲੋਂ ਕੀਤੇ ਜਾਣ ਸੰਬੰਧੀ ਵੀ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ, ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਕਮੇਟੀ ਕਾਇਮ ਕਰਨ ਅਤੇ ਧਰਮੀ ਫੌਜੀਆਂ (ਜੋ ਆਪਰੇਸ਼ਨ ਬਲਿਊ ਸਟਾਰ ਵਿਰੁੱਧ ਰੋਸ ਵਜੋਂ ਫੌਜ ਦੀ ਨੌਕਰੀ ਛੱਡ ਆਏ ਸਨ) ਨੂੰ ਮੁਆਵਜ਼ਾ ਦਿੱਤੇ ਜਾਣ ਲਈ ਅਪੀਲ ਕੀਤੀ ਜਾਵੇਗੀ। ਅਕਾਲੀ ਦਲ ਵੱਲੋਂ ਜੋਧਪੁਰ ਦੇ ਸਾਰੇ ਬੰਦੀ ਸਿੰਘਾਂ ਨੂੰ ਮੁਆਵਜ਼ਾ ਦੇਣ ਦੀ ਵੀ ਅਪੀਲ ਕੀਤੀ ਜਾਵੇਗੀ, ਕਿਉਂਕਿ ਹੁਣ ਤਕ 365 ਬੰਦੀਆਂ ਵਿਚੋਂ ਸਿਰਫ 45 ਨੂੰ ਮੁਆਵਜ਼ਾ ਦਿੱਤਾ ਗਿਆ ਹੈ।
ਬਾਕੀ ਮੰਗਾਂ ਵਿਚ ਵਫ਼ਦ ਵੱਲੋਂ ਇਹ ਵੀ ਅਪੀਲ ਕੀਤੀ ਜਾਵੇਗੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਡੀਐਸਜੀਐਮਸੀ ਨੂੰ ਨਨਕਾਣਾ ਸਾਹਿਬ, ਪਾਕਿਸਤਾਨ ਤਕ ਨਗਰ ਕੀਰਤਨ ਲੈ ਕੇ ਜਾਣ ਦੀ ਰਸਮੀ ਆਗਿਆ ਦਿੱਤੀ ਜਾਵੇ। ਵਫ਼ਦ ਵੱਲੋਂ ਇਹ ਵੀ ਅਪੀਲ ਕੀਤੀ ਜਾਵੇਗੀ ਕਿ ਭਾਰਤ ਵਿਚ ਰਹਿ ਰਹੇ ਹਜ਼ਾਰਾਂ ਅਫਗਾਨ ਸਿੱਖਾਂ ਨੂੰ ਨਾਗਰਿਕਤਾ ਦਿੱਤੀ ਜਾਵੇ ਅਤੇ ਜੰਮੂ-ਕਸ਼ਮੀਰ ਦੇ ਸਿੱਖਾਂ ਨੂੰ ਜੰਮੂ-ਕਸ਼ਮੀਰ ਅੰਦਰ ਘੱਟ ਗਿਣਤੀ ਦਾ ਰੁਤਬਾ ਦਿੱਤਾ ਜਾਵੇ ਅਤੇ ਮੁੰਬਈ ਵਿਚ ਪੰਜਾਬੀ ਕਲੋਨੀ, ਜਿਸ ਨੂੰ ਖਤਰਨਾਕ ਐਲਾਨਿਆ ਜਾ ਚੁੱਕਿਆ ਹੈ, ਦੀ ਤੁਰੰਤ ਮੁੜ ਉਸਾਰੀ ਕਰਵਾਈ ਜਾਵੇ।