ਕਿਹਾ ਕਿ ਜਿਵੇਂ ਉਮੀਦ ਸੀ ਅਖੌਤੀ ਟਕਸਾਲੀਆਂ ਨੇ ਜਨਰਲ ਸਾਹਿਬ ਨੂੰ ਚੋਣ ਮੈਦਾਨ ਵਿੱਚੋਂ ਹਟਾ ਦਿੱਤਾ ਹੈ
ਚੰਡੀਗੜ੍ਹ/14 ਅਪ੍ਰੈਲ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੁਆਰਾ ਖਡੂਰ ਸਾਹਿਬ ਤੋ ਜਨਰਲ (ਸੇਵਾਮੁਕਤ) ਜੇਜੇ ਸਿੰਘ ਨੂੰ ਹਟਾਏ ਜਾਣ ਨਾਲ ਨਾ ਤਾਂ ਉਹਨਾਂ ਨੂੰ ਹੈਰਾਨੀ ਹੋਈ ਹੈ ਅਤੇ ਨਾ ਹੀ ਧੱਕਾ ਲੱਗਿਆ ਹੈ, ਕਿਉਂਕਿ ਮੈਂ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਇਸ ਭੱਦਰਪੁਰਸ਼ ਜਰਨਲ ਨੂੰ ਇਹਨਾਂ ਅਖੌਤੀ ਟਕਸਾਲੀਆਂ ਵੱਲੋਂ ਧੋਖਾ ਦਿੱਤਾ ਜਾਵੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਸਪੱਸ਼ਟ ਕਹਿ ਦਿੱਤਾ ਸੀ ਕਿ ਦੇਰ ਸਵੇਰ ਅਖੌਤੀ ਟਕਸਾਲੀ ਜਨਰਲ ਸਾਹਿਬ ਨੂੰ ਚੋਣ ਮੈਦਾਨ ਵਿਚੋਂ ਹਟਣ ਦਾ ਹੁਕਮ ਸੁਣਾ ਦੇਣਗੇ ਅਤੇ ਮੇਰੀ ਭਵਿੱਖਬਾਣੀ ਬਿਲਕੁੱਲ ਸਹੀ ਸਾਬਿਤ ਹੋ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਇਹ ਬਿਆਨ ਬਹੁਤ ਸਾਰੀ ਪੰਜਾਬੀ ਅਖ਼ਬਾਰਾਂ ਵਿਚ ਲੱਗਿਆ ਸੀ।
ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਉਮੀਦਵਾਰ ਜੇਜੇ ਸਿੰਘ ਨੂੰ ਚੋਣ ਮੈਦਾਨ ਵਿਚੋਂ ਹਟਾਉਣ ਦਾ ਕਾਰਣ ਦੱਸਦਿਆਂ ਅਖੌਤੀ ਟਕਸਾਲੀਆਂ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹ ਲੋਕਾਂ ਦੀ ਇੱਛਾ ਅੱਗੇ ਸਿਰ ਝੁਕਾ ਰਹੇ ਹਨ। ਬੀਬੀ ਜਗੀਰ ਕੌਰ ਨੇ ਪੁੱਛਿਆ ਕਿ ਉਹ ਲੋਕ ਰਾਇ ਨੂੰ ਕਿਸ ਪੈਮਾਨੇ ਨਾਲ ਤੋਲ ਰਹੇ ਹਨ। ਉਹਨਾਂ ਕਿਹਾ ਕਿ ਸਿਵਾਇ ਕੁੱਝ ਸੋਸ਼ਲ ਮੀਡੀਆ ਉੱਤੇ ਸਰਗਰਮ ਪਰਵਾਸੀਆਂ ਤੋਂ, ਬੀਬੀ ਪਰਮਜੀਤ ਕੌਰ ਖਾਲੜਾ ਦਾ ਹਲਕੇ ਅੰਦਰ ਕੋਈ ਆਧਾਰ ਨਹੀਂ ਹੈ। ਇਹ ਪਰਵਾਸੀ ਹੀ ਖਾਲੜਾ ਦੀ ਆਰਥਿਕ ਮੱਦਦ ਕਰ ਰਹੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਧੱਕਾ ਲੱਗਿਆ ਹੈ ਕਿ ਇਹਨਾਂ ਅਖੌਤੀ ਟਕਸਾਲੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਫੈਸਲੇ ਬਾਰੇ ਦੱਸਣ ਤੋਂ ਪਹਿਲਾਂ ਜਨਰਲ ਸਾਹਿਬ ਨਾਲ ਸਲਾਹ ਤਕ ਨਹੀਂ ਕੀਤੀ। ਉਹ ਆਪਣੇ ਹਲਕੇ ਤੋਂ ਕੁੱਝ ਕਿਲੋਮੀਟਰ ਦੂਰ ਹੀ ਹੋਣੇ ਹਨ। ਉਹਨਾਂ ਨਾਲ ਫੋਨ ਉੱਤੇ ਵੀ ਸਲਾਹ ਕੀਤੀ ਜਾ ਸਕਦੀ ਸੀ। ਪਰ ਅਖੌਤੀ ਟਕਸਾਲੀਆਂ ਦੀ ਤਾਨਾਸ਼ਾਹ ਲੀਡਰਸ਼ਿਪ ਨੇ ਇੱਕਪਾਸੜ ਫੈਸਲਾ ਸੁਣਾ ਕੇ ਜਨਰਲ ਸਾਹਿਬ ਦੇ ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਸਰਦਾਰ ਬ੍ਰਹਮਪੁਰਾ ਨੇ ਪ੍ਰੈਸ ਕਾਨਫਰੰਸ ਵਿਚ ਸਵੀਕਾਰ ਕੀਤਾ ਹੈ ਕਿ ਜਨਰਲ ਸਾਹਿਬ ਨੂੰ ਇਸ ਬਾਰੇ ਪਤਾ ਨਹੀਂ ਹੋਵੇਗਾ, ਕਿਉਂਕਿ ਉਹਨਾਂ ਨਾਲ ਸਲਾਹ ਨਹੀਂ ਕੀਤੀ ਗਈ।
ਅਕਾਲੀ ਆਗੂ ਨੇ ਕਿਹਾ ਕਿ ਬ੍ਰਹਮਪੁਰਾ ਅਤੇ ਕੰਪਨੀ ਵੱਲੋਂ ਪ੍ਰਭਾਵਿਤ ਹੋਣ ਵਾਲੇ ਵਿਅਕਤੀ ਨਾਲ ਸਲਾਹ ਕੀਤੇ ਬਿਨਾਂ ਲਿਆ ਫੈਸਲਾ ਸਪੱਸ਼ਟ ਕਰਦਾ ਹੈ ਕਿ ਉਹ ਬ੍ਰਹਮਪੁਰਾ ਕਿੰਨਾ ਵੱਡਾ ਤਾਨਾਸ਼ਾਹ ਹੈ। ਉਹ ਇਹੀ ਤਾਕਤ ਆਪਣੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਦਰ ਮੰਗਦਾ ਸੀ। ਪਰੰਤੂ ਅਕਾਲੀ ਦਲ ਇੱਕ ਲੋਕਤੰਤਰੀ ਪਾਰਟੀ ਹੈ, ਜਿਹੜੀ ਆਪਣੇ ਅਸੂਲਾਂ ਨਾਲ ਕਿਸੇ ਕੀਮਤ ਉੱਤੇ ਸਮਝੌਤਾ ਨਹੀਂ ਕਰ ਸਕਦੀ।
ਅਕਾਲੀ ਆਗੂ ਨੇ ਕਿਹਾ ਕਿ ਬ੍ਰਹਮਪੁਰਾ ਨੇ ਪੰਜਾਬ ਡੈਮੋਕਰੇਟਿਕ ਅਲਾਇੰਸ ( ਪੀਡੀਏ) ਦੀ ਭਾਈਵਾਲ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਬਿਨਾਂ ਸ਼ਰਤ ਸਮਰਥਨ ਦਿੰਦਿਆਂ ਇਸ ਉਮੀਦ ਨਾਲ ਜਨਰਲ ਜੇਜੇ ਸਿੰਘ ਨੂੰ ਚੋਣ ਪਿੜ ਵਿਚੋਂ ਹਟਾ ਲਿਆ ਹੈ ਕਿ ਉਹ ਸਮੁੱਚੀ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਹੋਵੇਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਬੀ ਖਾਲੜਾ ਦੇ ਪੀਡੀਏ ਉਮੀਦਵਾਰ ਬਣੇ ਰਹਿਣ ਉੱਤੇ ਬ੍ਰਹਮਪੁਰਾ ਨੂੰ ਕੋਈ ਇਤਰਾਜ਼ ਨਹੀਂ ਹੈ, ਇਸ ਤੋਂ ਸਪੱਸ਼ਟ ਹੈ ਕਿ ਪੀਡੀਏ, ਅਕਾਲੀ ਦਲ (ਟਕਸਾਲੀ) ਅਤੇ ਆਮ ਆਦਮੀ ਪਾਰਟੀ ਦਰਅਸਲ ਅੰਦਰੋਂ ਸਾਰੀਆਂ ਇੱਕ ਹਨ।