ਦੋਦਾ (ਗਿੱਦੜਬਾਹਾ)/ਜੈਤੋ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਦਾ ਮੁੱਦਾ ਹੁਣ ਚੋਣ ਕਮਿਸ਼ਨ ਕੋਲ ਚਲਿਆ ਗਿਆ ਹੈ। ਇਸ ਲਈ ਅਸੀਂ ਨਾ ਤਾਂ ਸਿਟ ਦਾ ਵਿਰੋਧ ਕਰ ਰਹੇ ਹਾਂ ਅਤੇ ਨਾ ਹੀ ਇਸ ਦੇ ਚੇਅਰਮੈਨ ਸਮੇਤ ਚਾਰੇ ਮੈਂਬਰਾਂ ਵਿਚੋਂ ਕਿਸੇ ਦੀ ਭੂਮਿਕਾ ਉੱਤੇ ਸਵਾਲ ਉਠਾ ਰਹੇ ਹਾਂ। ਅਸੀਂ ਸਿਟ ਨੂੰ ਪੂਰਾ ਸਹਿਯੋਗ ਦਿੱਤਾ ਹੈ। ਸਾਡਾ ਇਤਰਾਜ਼ ਸਿਰਫ ਇੱਕ ਅਧਿਕਾਰੀ ਖ਼ਿਲਾਫ ਹੈ, ਜੋ ਕਿ ਚੋਣ ਜ਼ਾਬਤੇ ਦੌਰਾਨ ਕਾਂਗਰਸ ਪਾਰਟੀ ਦਾ ਏਜੰਟ ਬਣ ਕੇ ਇਸ ਦੇ ਸਿਆਸੀ ਵਿਰੋਧੀਆਂ ਉੱਤੇ ਸਿਆਸੀ ਹਮਲੇ ਕਰ ਰਿਹਾ ਹੈ।
ਇੱਥੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿਚ ਅਕਾਲੀ-ਭਾਜਪਾ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿਚ ਪੰਜਾਬ ਅੰਦਰ ਸਿਰਫ ਇੱਕੋਂ ਤਰੱਕੀ ਵੇਖਣ ਨੂੰ ਮਿਲੀ ਹੈ, ਉਹ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਨਾ ਮਿਲਣ ਵਾਲੇ ਮੁੱਖ ਮੰਤਰੀ ਤੋਂ ਇੱਕ ਨਜ਼ਰ ਨਾ ਆਉਣ ਵਾਲਾ ਮੁੱਖ ਮੰਤਰੀ ਬਣ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਇਸ ਦੇ ਦੂਜੇ ਪਿੱਠੂਆਂ ਆਪ, ਪੀਈਪੀ ਅਤੇ ਅਖੌਤੀ ਬਰਗਾੜੀ ਮੋਰਚੇ ਵਾਲੇ ਆਦਿ ਵੱਲੋਂ ਪਾਇਆ ਜਾ ਰਿਹਾ ਰੌਲਾ ਸਿਰਫ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਚਾਲ ਹੈ।
ਉਹਨਾਂ ਕਿਹਾ ਕਿ ਇੱਥੋਂ ਤਕ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਵੀ ਸਿਰਫ ਚੋਣਾਂ ਤਕ ਲਾਂਭੇ ਕੀਤਾ ਗਿਆ ਹੈ। 25 ਮਈ ਤੋਂ ਬਾਅਦ ਉਹ ਦੁਬਾਰਾ ਆਪਣਾ ਕਾਰਜਭਾਰ ਸੰਭਾਲ ਸਕਦਾ ਹੈ। ਫਿਰ ਇਹ ਸਾਰਾ ਹੱਲਾ ਕਿਸ ਵਾਸਤੇ ਹੈ? ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਅਤੇ ਇਸਦੇ ਪਿਆਦੇ ਗਰੁੱਪ ਚੋਣਾਂ ਦੌਰਾਨ ਪੁਲਿਸ ਅਧਿਕਾਰੀ ਦੀ ਦੁਰਵਰਤੋਂ ਕਰਨਾ ਚਾਹੁੰਦੇ ਹਨ। ਇਹ ਵਿਵਾਦਾਗ੍ਰਸਤ ਅਧਿਕਾਰੀ ਕਾਂਗਰਸ ਦੀ ਹਰ ਇੱਛਾ ਪੂਰੀ ਕਰਨ ਲਈ ਤਿਆਰ ਹੈ ਜਦਕਿ ਸਿਟ ਦੇ ਬਾਕੀ ਮੈਂਬਰ ਪੇਸ਼ਾਵਰ ਢੰਗ ਨਾਲ ਆਪਣਾ ਕੰਮ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਗੱਲ ਆਪਣੇ ਆਪ ਵਿਚ ਇਸ ਅਧਿਕਾਰੀ ਦੀ ਸਿਆਸੀ ਅਤੇ ਪੱਖਪਾਤੀ ਭੂਮਿਕਾ ਦਾ ਸਬੂਤ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਚਰਨਾਂ ਦੀਆਂ ਝੂਠੀਆਂ ਸਹੁੰਾਂ ਖਾ ਕੇ ਪੰਥ ਦੀ ਬੇਅਦਬੀ ਕਰਨ ਦੀ ਕੋਈ ਕਸਰ ਨਹੀਂ ਛੱਡੀ, ਉਹ ਪੰਥਕ ਭਾਵਨਾਵਾਂ ਅਤੇ ਮੁੱਦਿਆਂ ਦੀ ਗੱਲ ਕਰਨ ਦਾ ਢਕਵੰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਹੱਥ 1984 ਅਤੇ ਉਸ ਤੋਂ ਬਾਅਦ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗ ਹੋਏ ਹਨ। ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਅਤੇ ਟੈਂਕਾਂ ਨਾਲ ਢਾਹ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਸੀ। ਉਹਨਾਂ ਦੇ ਪਿਆਦੇ ਆਪਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਬਾਰੇ ਆਪਣਾ ਮੂੰਹ ਤਕ ਨਹੀਂ ਖੋਲ੍ਹਦੇ। ਕੀ ਇਹੀ ਇਹਨਾਂ ਦਾ ਪੰਥਕ ਕਿਰਦਾਰ ਹੈ? ਸਰਦਾਰ ਬਾਦਲ ਦੇ ਇਹ ਕਹਿਣ ਤੇ ਲੋਕਾਂ ਨੇ ਵਾਰ ਵਾਰ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਕਾਸ਼ ਗੁੰਜਾ ਦਿੱਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ,ਘਰ ਘਰ ਨੌਕਰੀ, ਚਾਰ ਹਫਤਿਆਂ ਵਿਚ ਨਸ਼ਿਆਂ ਦਾ ਖਾਤਮਾ, 2500 ਰੁਪਏ ਬੇਰੁਜ਼ਗਾਰੀ ਭੱਤਾ, ਪੈਨਸ਼ਨ 500 ਤੋਂ ਵਧਾ ਕੇ 2500 ਰੁਪਏ ਕਰਨਾ ਅਤੇ ਸ਼ਗਨ ਦੀ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨਾ ਆਦਿ ਸਾਰੇ ਵਾਅਦਿਆਂ ਤੋਂ ਮੁਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਕੈਪਟਨ ਨੇ ਇਹ ਸਾਰੇ ਵਾਅਦੇ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਸਹੁੰ ਖਾ ਕੇ ਕੀਤੇ ਸਨ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਅੰਦਰ ਸਾਰੇ ਵਿਕਾਸ ਕਾਰਜਾਂ ਅਤੇ ਸਮਾਜ ਭਲਾਈ ਸਕੀਮਾਂ ਨੂੰ ਬੰਦ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਸ਼ੁਰੂ ਕੀਤੇ ਸਾਰੇ ਪ੍ਰਾਜੈਕਟ ਸਰਕਾਰ ਦੀ ਅਣਦੇਖੀ ਕਰਕੇ ਧੂੜ ਚੱਟ ਰਹੇ ਹਨ। 800 ਸਰਕਾਰੀ ਸਕੂਲ, ਆਦਰਸ਼ ਸਕੂਲ, ਹੋਣਹਾਰ ਗਰੀਬ ਬੱਚਿਆਂ ਲਈ ਖੋਲ੍ਹੇ ਮੈਰੀਟੋਰੀਅਸ ਸਕੂਲ ਅਤੇ ਸੇਵਾ ਕੇਂਦਰ ਬੰਦ ਕੀਤੇ ਜਾ ਚੁੱਕੇ ਹਨ। ਦਲਿਤਾਂ ਦੇ ਵਜ਼ੀਫੇ ਬੰਦ ਕਰ ਦਿੱਤੇ, ਪੈਨਸ਼ਨਾਂ ਰੋਕ ਦਿੱਤੀਆਂ, ਸ਼ਗਨ ਸਕੀਮ ਖਟਾਈ ਵਿਚ ਪੈ ਚੁੱਕੀ ਹੈ। ਸਰਕਾਰੀ ਕਰਮਚਾਰੀਆਂ ਨੂੰ ਡੀਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ, ਤਨਖਾਹ ਕਮਿਸ਼ਨ ਨੂੰ ਲਾਗੂ ਨਹੀਂ ਕੀਤਾ, 40 ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਰਹੇ ਅਧਿਆਪਕਾਂ ਨੂੰ 15 ਹਜ਼ਾਰ ਰੁਪਏ ਉੱਤੇ ਕੰਮ ਕਰਨ ਜਾਂ ਘਰੇ ਬੈਠਣ ਲਈ ਕਹਿ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਸਭ ਤੋਂ ਕਠੋਰ ਅਤੇ ਬੇਰਹਿਮ ਸਰਕਾਰ ਹੈ।