ਚੰਡੀਗੜ੍ਹ/30ਅਗਸਤ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਵਲੰਟੀਅਰਾਂ ਦੁਆਰਾ ਹੜ੍ਹ ਰਾਹਤ ਸਮੱਗਰੀ ਦੀ ਦੂਜੀ ਖੇਪ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਦੇ ਪ੍ਰਭਾਵਿਤ ਪਿੰਡਾਂ ਵਿਚ ਵੰਡ ਦਿੱਤੀ ਗਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਹੜ੍ਹ ਪੀੜਤਾਂ ਵਾਸਤੇ ਦਿਲ ਖੋਲ੍ਹ ਕੇ ਦਾਨ ਕਰਨ ਲਈ ਫੂਡ ਪ੍ਰੋਸੈਸਿੰਗ ਕੰਪਨੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਸ਼ਾਹਕੋਟ ਵਿਖੇ ਭੇਜੀ ਗਈ ਰਾਹਤ ਸਮੱਗਰੀ ਨੂੰ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਅਤੇ ਬਚਿੱਤਰ ਸਿੰਘ ਕੋਹਾੜ ਵੱਲੋਂ ਹਾਸਿਲ ਕੀਤਾ ਗਿਆ ਹੈ।
ਬੀਬਾ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 23 ਅਗਸਤ ਨੂੰ ਰਾਹਤ ਸਮੱਗਰੀ ਦੇ ਟਰੱਕ, ਜਿਸ ਵਿਚ ਸਨੈਕਸ, ਬਿਸਕੁਟ ਅਤੇ ਪੀਣ ਵਾਲੇ ਪਦਾਰਥ ਸ਼ਾਮਿਲ ਸਨ, ਹੜ੍ਹ ਪੀੜਤਾਂ ਵਿਚ ਵੰਡੇ ਗਏ ਸਨ। ਉਹਨਾਂ ਕਿਹਾ ਕਿ ਅੱਜ ਭੇਜੀ ਗਈ ਰਾਹਤ ਸਮੱਗਰੀ, ਜਿਸ ਵਿਚ ਮੱਛਰ ਮਾਰਨ ਵਾਲੀ ਦਵਾਈ ਅਤੇ ਸਾਬਣ ਉਤਪਾਦ ਸ਼ਾਮਿਲ ਹਨ, ਸਮਾਜ ਸੇਵੀ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚਲਾਈ ਜਾ ਰਹੀ ਲੰਗਰ ਸੇਵਾ ਦੇ ਕਾਰਜਾਂ ਵਿਚ ਮੱਦਦਗਾਰ ਸਾਬਿਤ ਹੋਵੇਗੀ। ਉਹਨਾਂ ਨੇ ਹਰ ਜਰੂਰਤ ਵਾਲੀ ਜਗ੍ਹਾ ਉੱਤੇ ਦੁਧਾਰੂ ਪਸ਼ੂਆਂ ਲਈ ਹਰਾ ਚਾਰਾ ਪਹੰੁਚਾਉਣ ਵਾਸਤੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਹੜ੍ਹ ਪੀੜਤਾਂ ਦੀ ਮੱਦਦ ਕਰਨਾ ਜਾਰੀ ਰੱਖਣਗੇ। ਹੜ੍ਹਾਂ ਕਰਕੇ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਵੀ ਖ਼ਤਰਾ ਖੜ੍ਹਾ ਹੋ ਗਿਆ ਹੈ। ਮੈਂ ਇਸ ਸੰਬੰਧੀ ਕੇਂਦਰੀ ਸਿਹਤ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਸੂਬਾ ਸਰਕਾਰ ਨੂੰ ਇਸ ਕਾਰਜ ਲਈ ਲੋੜੀਂਦੀਆਂ ਸਾਰੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ ਹੈ।