ਕਿਹਾ ਕਿ ਹੜ੍ਹ-ਰੋਕੂ ਕਾਰਜ ਮੁਕੰਮਲ ਨਹੀਂ ਕੀਤੇ ਗਏ ਅਤੇ ਰੇਤ ਮਾਫੀਆ ਨੂੰ ਦਰਿਆਵਾਂ ਦੇ ਕੰਢੇ ਕੁਰੇਦਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ
ਕਿਹਾ ਕਿ ਕਾਂਗਰਸ ਸਰਕਾਰ ਨੇ ਵਾਧੂ ਪਾਣੀ ਨੂੰ ਗਰਮੀਆਂ 'ਚ ਸਿੰਜਾਈ ਲਈ ਸੰਭਾਲਣ ਸੰਬੰਧੀ ਬੀਬੀਐਮਬੀ ਵੱਲੋਂ ਕੀਤੀਆਂ ਬੇਨਤੀਆਂ ਨੂੰ ਨਹੀਂ ਸੁਣਿਆ ਅਤੇ ਨਾ ਹੀ ਭਾਖੜਾ ਡੈਮ ਵਿਚੋਂ ਪਾਣੀ ਛੱਡਣ ਤੋਂ ਪਹਿਲਾਂ ਨੁਕਸਾਨ ਤੋਂ ਬਚਾਅ ਲਈ ਹੰਗਾਮੀ ਕਦਮ ਚੁੱਕੇ
ਸੁਲਤਾਨਪੁਰ ਲੋਧੀ/22 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੜ੍ਹਾਂ ਵੱਲੋਂ ਮਚਾਈ ਤਬਾਹੀ ਸਦਕਾ ਪੰਜਾਬੀਆਂ ਉੱਤੇ ਟੁੱਟੀ ਬਿਪਤਾ ਲਈ ਕਾਂਗਰਸ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਕਿਉਂਕਿ ਇਸ ਵੱਲੋਂ ਵੇਲੇ ਸਿਰ ਲੋੜੀਂਦੇ ਹੜ੍ਹ-ਰੋਕੂ ਕਾਰਜ ਮੁਕੰਮਲ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸਰਕਾਰ ਗੈਰਕਾਨੂੰਨੀ ਮਾਈਨਿੰਗ ਰੋਕਣ ਵਿਚ ਵੀ ਨਾਕਾਮ ਰਹੀ, ਜਿਸ ਕਰਕੇ ਰੇਤ ਮਾਫੀਆਂ ਦੇ ਦਰਿਆਵਾਂ ਦੇ ਕੰਢੇ ਹੀ ਸਾਫ ਕਰ ਦਿੱਤੇ ਹਨ।
ਇੱਥੇ ਅਹਲੀ ਕਲਾਂ ਵਿਖੇ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹੜ੍ਹ-ਰੋਕੂ ਕਾਰਜਾਂ ਦੀ ਅਣਦੇਖੀ ਕੀਤੀ ਹੈ ਅਤੇ ਇਹਨਾਂ ਕਾਰਜਾਂ ਨੂੰ ਲੋੜ ਮੁਤਾਬਿਕ ਤਿੰਨ ਮਹੀਨੇ ਪਹਿਲਾਂ ਮੁਕੰਮਲ ਨਹੀਂ ਕਰਵਾਇਆ।ਉਹਨਾਂ ਕਿਹਾ ਕਿ ਸਰਕਾਰ ਦੀ ਤਿਆਰੀ ਦੀ ਪੋਲ ਇੱਕ ਮਹੀਨੇ ਪਹਿਲਾਂ ਖੁੱਲ ਗਈ ਸੀ, ਜਦੋਂ ਵੱਖ ਵੱਖ ਥਾਂਵਾਂ ਉੱਤੇ ਟੁੱਟੇ ਕੰਢਿਆਂ ਕਰਕੇ ਕਿਸਾਨਾਂ ਦੇ ਖੇਤ ਪਾਣੀ ਨਾਲ ਭਰ ਗਏ ਸਨ। ਉਹਨਾਂ ਕਿਹਾ ਕਿ ਇੱਥੋ ਤਕ ਕਿ ਉਸ ਸਮੇਂ ਵੀ ਹੜ੍ਹ ਰੋਕੂ ਕਾਰਜਾਂ ਨੂੰ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਪੈਸਾ ਜਾਰੀ ਨਹੀਂ ਕੀਤਾ ਗਿਆ।
ਸਰਦਾਰ ਬਾਦਲ ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਨੇ ਬਹੁਤ ਸਾਰੀਆਂ ਥਾਂਵਾਂ ਉੱਤੇ ਦਰਿਆ ਦੇ ਕੰਢੇ ਸਾਫ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ, ਕਿਉਂਕਿ ਇਹ ਕਾਂਗਰਸੀ ਆਗੂਆਂ ਦੀ ਛੱਤਰ ਛਾਇਆ ਹੇਠ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਸ ਖੇਤਰ ਵਿਚ ਇੰਨੇ ਭਿਆਨਕ ਹੜ੍ਹ ਆਉਣ ਪਿੱਛੇ ਇਹ ਵੀ ਇੱਕ ਵੱਡੀ ਵਜ੍ਹਾ ਰਹੀ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵੱਲੋਂ ਭਾਖੜਾ ਡੈਮ ਦੇ ਪਾਣੀ ਦੀ ਸਿੰਜਾਈ ਲਈ ਵਰਤੋਂ ਕਰਨ ਸੰਬੰਧੀ ਕੀਤੀਆਂ ਅਰਜ਼ੋਈਆਂ ਨੂੰ ਵੀ ਅਣਸੁਣਿਆ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਭਾਖੜਾ ਡੈਮ ਆਪਣੀ ਸਮਰੱਥਾ ਅਨੁਸਾਰ ਮਈ ਵਿਚ ਹੀ ਭਰ ਗਿਆ ਸੀ ਅਤੇ ਅਧਿਕਾਰੀਆਂ ਨੇ ਸਹਿਯੋਗੀ ਰਾਜਾਂ ਨੂੰ ਵਾਧੂ ਪਾਣੀ ਦੀ ਸਿੰਜਾਈ ਕਾਰਜਾਂ ਲਈ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵਾਧੂ ਪਾਣੀ ਲੈਣ ਦੇ ਇਸ ਮੌਕੇ ਦਾ ਲਾਭ ਨਹੀਂ ਉਠਾਇਆ ਜਦਕਿ ਨਹਿਰਾਂ ਦੇ ਆਖਰੀ ਸਿਰਿਆਂ ਉੱਤੇ ਕਿਸਾਨਾਂ ਨੂੰ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਬੀਬੀਐਮਬੀ ਵੱਲੋਂ 13 ਅਗਸਤ ਨੂੰ ਦਿੱਤੀ ਚਿਤਾਵਨੀ ਕਿ ਇਸ ਵੱਲੋਂ 17 ਅਗਸਤ ਨੂੰ ਭਾਖੜਾ ਡੈਮ ਵਿਚੋਂ ਪਾਣੀ ਛੱਡਿਆ ਜਾਵੇਗਾ, ਮਗਰੋਂ ਵੀ ਕਾਂਗਰਸ ਸਰਕਾਰ ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੂੰ ਕਮਜ਼ੋਰ ਕੰਢਿਆਂ ਨੂੰ ਪੱਕੇ ਕਰਨਾ ਚਾਹੀਦਾ ਸੀ ਅਤੇ ਸਾਹਮਣੇ ਆ ਰਹੀ ਬਿਪਤਾ ਨੂੰ ਵੇਖਦੇ ਹੋਏ ਰਾਹਤ ਸਮੱਗਰੀ ਅਗਾਂਊ ਤੌਰ ਤੇ ਭੇਜਣੀ ਚਾਹੀਦੀ ਸੀ।
ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਕੋਲ ਕੇਂਦਰ ਸਰਕਾਰ ਦੇ ਆਫਤ ਪ੍ਰਬੰਧਨ ਫੰਡ ਤਹਿਤ ਕਰੋੜਾਂ ਰੁਪਏ ਮੌਜੂਦ ਸਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਫੰਡਾਂ ਦੀ ਵਰਤੋਂ ਕਰਨੀ ਚਾਹੀਦੀ ਸੀ ਨਾ ਕਿ ਆਪਣੀ ਨਾਕਾਮੀਆਂ ਲੁਕੋਣ ਲਈ ਇਸ ਮੁੱਦੇ ਦਾ ਸਿਆਸੀਕਰਨ ਕਰਨਾ ਚਾਹੀਦਾ ਹੈ। ਉਹਨਾਂ ਸਰਕਾਰ ਨੂੰ ਆਪਣੀ ਨੀਂਦ 'ਚੋਂ ਜਾਗ ਕੇ ਲੋੜੀਂਦੇ ਹੜ੍ਹ-ਰੋਕੂ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਤਾਂ ਕਿ ਲੋਕਾਂ ਨੂੰ ਦੁਬਾਰਾ ਅਜਿਹੀ ਬਿਪਤਾ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਢਾਈ ਸਾਲ ਲੰਘ ਚੁੱਕੇ ਹਨ। ਕਾਂਗਰਸ ਸਰਕਾਰ ਨੇ ਕੁੱਝ ਨਹੀਂ ਕੀਤਾ ਹੈ। ਇਸ ਨੂੰ ਫੋਕੇ ਐਲਾਨ ਕਰਨ ਦੀ ਬਜਾਇ ਹੁਣ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਅਕਾਲੀ ਦਲ ਪ੍ਰਧਾਨ ਨੇ ਅਹਲੀ ਕਲਾਂ ਅਤੇ ਹੋਰ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਕਾਂਗਰਸ ਸਰਕਾਰ ਖ਼ਿਲਾਫ ਸਖ਼ਤ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅਗਾਂਊ ਪ੍ਰਬੰਧ ਕਰ ਲੈਂਦੀ ਤਾਂ ਉਹ ਇਸ ਆਫਤ ਤੋਂ ਬਚ ਜਾਂਦੇ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਹਮੇਸ਼ਾਂ ਹੜ੍ਹ ਰੋਕੂ ਕਾਰਜਾਂ ਲਈ ਸਮੇਂ ਸਿਰ ਫੰਡ ਜਾਰੀ ਕਰਦੀ ਸੀ। ਇਸ ਮੌਕੇ ਅਕਾਲੀ ਦਲ ਪ੍ਰਧਾਨ ਦੇ ਨਾਲ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਬੀਬੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ ਅਤੇ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਿਰ ਸਨ।