ਚੰਡੀਗੜ੍ਹ/07 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਹਰਿਆਣਾ ਵਿੰਗ ਨੇ ਅੱਜ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਹੋਏ ਸਮਝੌਤੇ ਮੁਤਾਬਿਕ ਹਰਿਆਣਾ ਵਿਚ ਹੋ ਰਹੀਆਂ ਅਸੰਬਲੀ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਜਿਹਨਾਂ ਸੀਟਾਂ ਉੱਤੇ ਚੋਣ ਲੜੀ ਜਾਣੀ ਹੈ, ਉਹਨਾਂ ਦੀ ਸ਼ਨਾਖਤ ਕਰ ਲਈ ਜਾਵੇ।
ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਸੀ ਕਿ ਹਰਿਆਣਾ ਭਾਜਪਾ ਇਕਾਈ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੌਤਾ ਹੋ ਗਿਆ ਹੈ, ਜਿਸ ਤਹਿਤ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹਮਾਇਤ ਕਰੇਗਾ ਅਤੇ ਅਸੰਬਲੀ ਚੋਣਾਂ ਵਿਚ ਅਕਾਲੀ ਦਲ ਨੂੰ ਭਾਜਪਾ ਵੱਲੋਂ ਢੁੱਕਵੀਆਂ ਸੀਟਾਂ ਦਿੱਤੀਆਂ ਜਾਣਗੀਆਂ।
ਹਰਿਆਣਾ ਸੂਬਾ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਪਾਰਟੀ ਦੀ ਹਰਿਆਣਾ ਇਕਾਈ ਦੀ ਹੋਈ ਇੱਕ ਮੀਟਿੰਗ ਵਿਚ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਅਪੀਲ ਕੀਤੀ ਗਈ ਕਿ ਉਹ ਭਾਜਪਾ ਨਾਲ ਗੱਲਬਾਤ ਕਰਕੇ ਉਹਨਾਂ ਸੀਟਾਂ ਦੀ ਗਿਣਤੀ ਦਾ ਵੇਰਵਾ ਲੈ ਲਵੇ, ਜੋ ਕਿ ਭਗਵਾਂ ਪਾਰਟੀ ਨਾਲ ਹੋਏ ਚੋਣ ਸਮਝੌਤੇ ਤਹਿਤ ਅਕਾਲੀ ਦਲ ਨੂੰ ਦਿੱਤੀਆਂ ਜਾਣੀਆਂ ਹਨ।
ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਸਮੇਤ ਅਕਾਲੀ ਆਗੂਆਂ ਨੇ ਕਿਹਾ ਕਿ 30 ਤੋਂ ਵੱਧ ਅਸੰਬਲੀ ਹਲਕਿਆਂ ਅੰਦਰ ਅਕਾਲੀ ਦਲ ਦਾ ਚੋਖਾ ਪ੍ਰਭਾਵ ਹੈ, ਜਿਸ ਕਰਕੇ ਇਸ ਪਾਰਟੀ ਨੂੰ ਸਨਮਾਨਜਨਕ ਢੰਗ ਨਾਲ ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਰਿਆਣਾ ਅੰਦਰ ਆਪਣਾ ਰਸੂਖ ਬਣਾ ਚੁੱਕਿਆ ਹੈ ਅਤੇ ਹੁਣ ਇਸ ਨੂੰ ਕੀਤੀ ਹੋਈ ਮਿਹਨਤ ਦਾ ਮੁੱਲ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਮੀਟਿੰਗ ਵਿਚ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੀਆਂ ਸਾਰੀਆਂ ਸੀਟਾਂ ਉਤੇ ਨਿਗਰਾਨ ਲਾਉਣ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ੁਰੂ ਵਿਚ ਇਹਨਾਂ ਸਾਰੇ ਹਲਕਿਆਂ ਅੰਦਰ ਇਸ ਮਹੀਨੇ ਨਿਗਰਾਨਾਂ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਪਾਰਟੀ ਵੱਲੋਂ ਆਪਣਾ ਆਧਾਰ ਮਜ਼ਬੂਤ ਕਰਨ ਅਤੇ ਅਸੰਬਲੀ ਚੋਣਾਂ ਦੀ ਤਿਆਰ ਲਈ ਲਗਾਤਾਰ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਮੀਟਿੰਗ ਵਿਚ ਬਲਕੌਰ ਸਿੰਘ ਕਿੱਲਿਆਂਵਾਲੀ, ਵੀਰਭਾਨ ਮਹਿਤਾ, ਸੁਖਬੀਰ ਸਿੰਘ ਮੰਡੀ, ਕੰਵਲਜੀਤ ਸਿੰਘ ਅਜਰਾਣਾ, ਮਾਲਵਿੰਦਰ ਸਿੰਘ ਬੇਦੀ, ਕਰਤਾਰ ਕੌਰ, ਸੁਖਦੇਵ ਸਿੰਘ ਗੋਬਿੰਦਗੜ੍ਹ, ਸੰਤ ਸਿੰਘ ਕੰਧਾਰੀ, ਹਰਦੀਪ ਸਿੰਘ ਭੁੱਲਰ, ਜਸਪਾਲ ਸਿੰਘ ਸ਼ਾਹਬਾਦ ਅਤੇ ਬਲਬੀਰ ਸਿੰਘ ਇੰਜਨੀਅਰ ਨੇ ਭਾਗ ਲਿਆ।