ਕਿਹਾ ਕਿ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਇੱਕ ਸਾਂਝੀ ਨੀਤੀ ਤਿਆਰ ਕਰਨ
ਬਠਿੰਡਾ/16 ਸਤੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਉਤਪਾਦਕਾਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਵੱਲੋਂ ਉਹਨਾਂ ਲਈ ਤਿਆਰ ਕੀਤੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਹਨਾਂ ਇਹ ਵੀ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਾਰੇ ਮਸਲਿਆਂ ਨੂੰ ਬਾਕੀ ਮੰਤਰਾਲਿਆਂ ਕੋਲ ਉਠਾ ਕੇ ਹੱਲ ਕਰ ਦਿੱਤਾ ਜਾਵੇਗਾ।
ਇੱਥੇ ਕਿਸਾਨਾਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਇੱਕ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਅਪੀਲ ਕੀਤੀ ਕਿ ਸਾਰੇ ਵਧੇਰੇ ਲਾਭ ਕਮਾਉਣ ਕਮਾਉਣ ਲਈ ਇੱਕ ਸਾਂਝਾ ਟੀਚਾ ਮਿੱਥਣ। ਉਹਨਾਂ ਕਿਹਾ ਕਿ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਸਾਰੇ ਇਕੱਠੇ ਵਿਕਾਸ ਕਰੀਏ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਵੱਖ ਵੱਖ ਸਕੀਮ ਤਹਿਤ ਦਿੱਤੇ ਜਾ ਰਹੇ ਮੌਕਿਆਂ ਦਾ ਕਿਵੇਂ ਲਾਭ ਉਠਾਈਏ।
ਕੇਂਦਰੀ ਮੰਤਰੀ ਦੀ ਅਗਵਾਈ ਵਿਚ ਕੀਤੀ ਗਈ ਇਸ ਮੀਟਿੰਗ ਵਿਚ ਕਾਰਗਿਲ ਕੰਪਨੀ ਤੋਂ ਰਮਾ ਸ਼ੰਕਰ, ਹਿੰਦੁਸਤਾਨ ਲੀਵਰ ਲਿਮਟਿਡ ਤੋਂ ਸਵਿੰਦਰ ਸਿੰਘ ਅਤੇ ਕੁਮਾਰ ਨਾਦਰ, ਪੈਪਸੀਕੋ ਤੋਂ ਸੰਤੋਸ਼ ਕਨੋਜੀਆ ਅਤੇ ਸਾਂਖਿਆ, ਬਾਗਬਾਨੀ ਬੋਰਡ ਵੱਲੋਂ ਸੁਰਿੰਦਰ ਸਿੰਘ, ਐਫਐਸਏਟੀਓ ਵੱਲੋਂ ਪਰਮਵੀਰ ਦਿਓਲ ਅਤੇ ਫਲ ਨਿਰਯਾਤਕਾਰ ਨਰੇਂਦਰ ਕੁਮਾਰ ਨੇ ਭਾਗ ਲਿਆ।
ਕੇਂਦਰੀ ਮੰਤਰੀ ਨੇ ਰਾਸ਼ਟਰੀ ਬਾਗਬਾਨੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਜਾ ਰਹੀਆਂ ਫੂਡ ਪਾਰਕ ਅਤੇ ਹੋਰ ਛੋਟੇ ਕਾਰੋਬਾਰ ਸਥਾਪਤ ਕਰਨ ਦੀਆਂ ਪੇਸ਼ਕਸ਼ਾਂ ਤਹਿਤ ਉਤਪਾਦਕਾਂ ਅਤੇ ਕਾਰੋਬਾਰੀਆਂ ਦੀ ਅਜਿਹੇ ਕਾਰੋਬਾਰ ਸਥਾਪਤ ਕਰਨ ਵਿਚ ਮੱਦਦ ਕਰਨ। ਉਹਨਾਂ ਕਿਹਾ ਕਿ ਤੁਹਾਨੂੰ ਕਿਸਾਨਾਂ ਨੂੰ ਕਿਨੂੰ ਅਤੇ ਮੱਕੀ ਦੀਆਂ ਫਸਲਾਂ ਬੀਜਣ ਵਾਸਤੇ ਉਤਸ਼ਾਹਿਤ ਕਰਨ ਲਈ ਉਹਨਾਂ ਵਾਸਤੇ ਸਿਖਲਾਈ ਕੈਂਪ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਦਯੋਗਪਤੀਆਂ ਨੂੰ ਮਾਲਵਾ ਖੇਤਰ ਵਿਚ ਕਿਨੂੰ ਪ੍ਰੋਸੈਸਿੰਗ ਦੀਆਂ ਫੈਕਟਰੀਆਂ ਲਗਾਉਣੀਆਂ ਚਾਹੀਦੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਕਰਨੀ ਚਾਹੀਦੀ ਹੈ, ਜਿਸ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਆਪਣੀ ਸਕੀਮ ਟੀਓਪੀ (ਟਮਾਟਰ, ਪਿਆਜ਼ ਤੇ ਆਲੂ) ਤਹਿਤ ਇਹਨਾਂ ਫਸਲਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ। ਉਹਨਾਂ ਇਹਨਾਂ ਸਾਰੇ ਮਸਲਿਆਂ ਉਤੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਖੇਤੀ ਆਮਦਨ ਵਿਚ ਵਾਧਾ ਕਰਕੇ ਕਿਸਾਨਾਂ ਦੀ ਮੱਦਦ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਅਸੀਂ ਕਿਸਾਨ-ਪੱਖੀ ਨੀਤੀਆਂ ਦੇ ਬਗੈਰ ਵਿਕਾਸ ਨਹੀਂ ਕਰ ਸਕਦੇ, ਕਿਉਂਕਿ ਉਹ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ।
ਉਦਯੋਗਾਂ ਦੇ ਪ੍ਰਤੀਨਿਧੀਆਂ ਨੇ ਉਤਪਾਦਕਾਂ ਨੂੰ ਉਹਨਾਂ ਦੀ ਫਸਲ ਖਰੀਦਣ ਅਤੇ ਉਹਨਾਂ ਦੀਆਂ ਉਮੀਦਾਂ ਅਨੁਸਾਰ ਗੁਣਵੱਤਾ ਕਾਇਮ ਰੱਖਣ ਦਾ ਭਰੋਸਾ ਦਿਵਾਇਆ। ਉਹਨਾਂ ਨੇ ਉਤਪਾਦਕਾਂ ਨੂੰ ਬੀਜ ਪ੍ਰਦਾਨ ਕਰਨ ਅਤੇ ਉਹਨਾਂ ਲਈ ਸਿਖਲਾਈ ਸੈਮੀਨਾਰ ਕਰਵਾਉਣ ਦਾ ਵੀ ਭਰੋਸਾ ਦਿਵਾਇਆ।