ਕੰਪਨੀਆਂ ਨੇ ਹੜ੍ਹ ਪੀੜਤਾਂ ਲਈ ਸੁੱਕਾ ਰਾਸ਼ਨ ਭੇਜਿਆ, ਕੇਂਦਰੀ ਮੰਤਰੀ ਨੇ ਲੋੜਵੰਦਾਂ 'ਚ ਰਾਸ਼ਨ ਵੰਡਣ ਲਈ ਅਕਾਲੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ
ਚੰਡੀਗੜ੍ਹ/21 ਅਗਸਤ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਵੱਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਸੁੱਕਾ ਰਾਸ਼ਨ ਦਾਨ ਕਰਨ ਲਈ ਕੀਤੀ ਅਪੀਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੁੱਕਾ ਰਾਸ਼ਨ ਹੜ੍ਹ ਪੀੜਤਾਂ ਵਿਚ ਵੰਡਿਆ ਜਾਵੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਫੂਡ ਕੰਪਨੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ਅਤੇ ਵਾਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਹਤ ਸਮੱਗਰੀ ਨੂੰ ਲੋੜਵੰਦਾਂ ਤੀਕ ਪਹੁੰਚਾਉਣ ਵਿਚ ਉਹਨਾਂ ਦੀ ਮੱਦਦ ਕਰਨ। ਉਹਨਾਂ ਨੇ ਲੋਕਾਂ ਨੂੰ ਸਭ ਤੋਂ ਵੱਧ ਹੜ੍ਹ-ਪ੍ਰਭਾਵਿਤ ਥਾਵਾਂ ਦੀ ਸ਼ਨਾਖਤ ਕਰਨ ਦੀ ਅਪੀਲ ਕੀਤੀ ਤਾਂ ਕਿ ਉਸ ਮੁਤਾਬਿਕ ਰਾਹਤ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾ ਸਕੇ। ਬੀਬਾ ਬਾਦਲ ਨੇ ਕਿਹਾ ਕਿ ਵਲੰਟੀਅਰ ਅਜਿਹੀਆਂ ਥਾਵਾਂ ਦੀ ਜਾਣਕਾਰੀ ਮੇਰੇ ਨਾਲ ਸਾਂਝੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਦੌਰਾਨ ਉਹ ਇਸ ਰਾਹਤ ਸਮੱਗਰੀ ਨੂੰ ਆਪਣੀ ਨਿਗਰਾਨੀ ਹੇਠ ਲੋੜਵੰਦਾਂ ਤੀਕ ਪਹੁੰਚਾਉਣਗੇ।
ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਕੋਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਹੜ੍ਹਾਂ ਦੇ ਪਾਣੀ ਨੇ ਰੋਪੜ ਅਤੇ ਆਨੰਦਪੁਰ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਵਿਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਹੈ ਅਤੇ ਸੁਲਤਾਨਪੁਰ ਲੋਧੀ, ਸ਼ਾਹਕੋਟ ਅਤੇ ਫਿਲੌਰ ਵਿਚ ਪੀੜਤ ਲੋਕਾਂ ਤਕ ਅਜੇ ਢੁੱਕਵੀ ਰਾਹਤ ਨਹੀਂ ਪੁੱਜੀ ਹੈ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਮੈਂ ਕੁੱਝ ਫੂਡ ਪ੍ਰੋਸੈਸਿੰਗ ਕੰਪਨੀਆਂ ਤਕ ਪਹੁੰਚ ਕੀਤੀ ਸੀ ਅਤੇ ਉਹਨਾਂ ਨੇ ਸੁੱਕਾ ਰਾਸ਼ਨ ਭੇਜਿਆ ਹੈ, ਜਿਸ ਵਿਚ ਦੁੱਧ ਦਾ ਪਾਊਡਰ, ਬਿਸਕੁੱਟ ਅਤੇ ਸਨੈਸਕਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਇੱਕ ਲੱਖ ਬੋਤਲਾਂ ਸ਼ਾਮਿਲ ਹਨ। ਆਉਣ ਵਾਲੇ ਦਿਨਾਂ ਵਿਚ ਇਹ ਰਾਹਤ ਸਮੱਗਰੀ ਸਭ ਤੋਂ ਵੱਧ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਭੇਜ ਦਿੱਤੀ ਜਾਵੇਗੀ।