ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਾਏ ਅੜਿੱਕਿਆਂ ਦੇ ਬਾਵਜੂਦ ਕੇਦਰ ਸਰਕਾਰ ਗਰੀਬਾਂ ਤਕ ਮਦਦ ਪਹੁੰਚਾਈ
ਬਠਿੰਡਾ/10 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਸਾਨਾਂ ਦੀ ਆਰਥਿਕ ਮੱਦਦ ਲਈ ਡਾਇਰੈਕਟ ਇਨਕਮ ਸਪੋਰਟ (ਡੀਆਈਐਸ) ਸਕੀਮ ਦੀ ਦੂਜੀ ਕਿਸ਼ਤ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਰੋੜੇ ਅਟਕਾਉਣ ਲਈ ਲਾਭਾਪਾਤਰੀਆਂ ਦੀ ਜਾਂਚ ਕਰਨ ਦੇ ਨਾਂ ਤੇ ਕੇਂਦਰ ਸਰਕਾਰ ਨੂੰ ਇਹ ਰਾਸ਼ੀ ਜਾਰੀ ਨਾ ਕਰਨ ਲਈ ਕਿਹਾ ਗਿਆ ਸੀ।
ਖੋਖਰ ਕਲਾਂ, ਮੂਸਾ, ਮੱਕੜ ਅਤੇ ਰਾਇਪੁਰ ਆਦਿ ਪਿੰਡਾਂ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਸਕੀਮ ਅਧੀਨ ਪਹਿਲੀ ਕਿਸ਼ਤ ਵਜੋਂ ਕੇਂਦਰ ਸਰਕਾਰ 2 ਹਜ਼ਾਰ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਕੇਂਦਰੀ ਖੇਤੀਬਾੜੀ ਮੰਤਰਾਲਾ ਇਸ ਸਕੀਮ ਤਹਿਤ 11æ44 ਲੱਖ ਕਿਸਾਨਾਂ ਦੀ ਲਈ 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਕਾਂਗਰਸ ਸਰਕਾਰ ਵੱਲੋਂ ਪਾਏ ਅੜਿੱਕਿਆਂ ਦੇ ਬਾਵਜੂਦ ਆਪਣਾ ਵਾਅਦਾ ਨਿਭਾਉਣ ਲਈ ਅਤੇ ਸੂਬੇ ਦੇ ਕਿਸਾਨਾਂ ਲਈ ਦੂਜੀ ਕਿਸ਼ਤ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੀ ਹਾਂ।
ਬੀਬੀ ਬਾਦਲ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਇਸ ਸਕੀਮ ਵਿਚ ਵੀ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਵੇਂਕਿ ਇਸ ਨੇ ਬਾਕੀ ਕੇਂਦਰੀ ਸਕੀਮਾਂ ਦੇ ਮਾਮਲੇ ਵਿਚ ਕੀਤਾ ਹੈ ਤਾਂ ਕਿ ਐਨਡੀਏ ਸਰਕਾਰ ਨੂੰ ਇਹ ਸਕੀਮਾਂ ਦਾ ਸਿਹਰਾ ਨਾ ਮਿਲੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਈ ਮਾਮਲਿਆਂ ਵਿਚ ਜਿਵੇਂ ਐਸਸੀ ਸਕਾਲਰਸ਼ਿਪ ਸਕੀਮ, ਪਖਾਨਾ ਸਕੀਮ ਅਤੇ 12 ਲੱਖ ਸਕੂਲੀ ਬੱਚਿਆਂ ਲਈ ਸਰਦੀਆਂ ਦੀਆਂ ਵਰਦੀਆਂ ਵਾਲੀ ਸਕੀਮ ਤਹਿਤ ਕੇਂਦਰ ਸਰਕਾਰ ਤੋਂ ਹਾਸਿਲ ਕੀਤੇ ਕੇਂਦਰੀ ਫੰਡਾਂ ਨੂੰ ਅੱਗੇ ਲਾਭਪਾਤਰੀਆਂ ਨੂੰ ਵੰਡਣ ਤੋਂ ਵੀ ਇਨਕਾਰ ਚੁੱਕੀ ਹੈ।
ਬਠਿੰਡਾ ਸਾਂਸਦ ਨੇ ਕਿਹਾ ਕਿ ਕਾਂਗਰਸ ਸਰਕਾਰ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਚੁੱਕੀ ਹੈ। ਕਾਂਗਰਸ ਸਰਕਾਰ ਨੇ ਗੰਨਾ ਉਤਪਾਦਕਾਂ ਦੇ ਬਕਾਏ ਜਾਰੀ ਨਹੀਂ ਕੀਤੇ ਹਨ। ਇਹ ਝਾੜ ਜ਼ਿਆਦਾ ਹੋਣ ਕਰਕੇ ਮੰਦੀ ਦਾ ਸ਼ਿਕਾਰ ਹੋਏ ਆਲੂ ਉਤਪਾਦਕਾਂ ਦੀ ਮੱਦਦ ਲਈ ਵੀ ਨਹੀਂ ਸੀ ਬਹੁੜੀ। ਇਸ ਨੇ ਪਿਛਲੇ ਇੱਕ ਸਾਲ ਤੋਂ ਫਸਲੀ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਹੈ। ਹੁਣ ਇਹ ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਜਾਂਦੀ ਸਿੱਧੀ ਮੱਦਦ ਦੇ ਰਾਹ ਵਿਚ ਰੋੜਾ ਅਟਕਾਉਣਾ ਚਾਹੁੰਦੀ ਸੀ। ਉਹਨਾਂ ਕਿਹਾ ਕਿ ਮੈਂ ਮੋਦੀ ਜੀ ਦਾ ਧੰਨਵਾਦ ਕਰਦੀ ਹਾਂ ਕਿ ਕਾਂਗਰਸ ਸਰਕਾਰ ਵੱਲੋਂ ਪਾਈਆਂ ਰੁਕਾਵਟਾਂ ਦੇ ਬਾਵਜੂਦ ਉਹਨਾਂ ਨੇ ਡੀਆਈਐਸ ਸਕੀਮ ਤਹਿਤ ਦੂਜੀ ਕਿਸ਼ਤ ਜਾਰੀ ਕਰਕੇ ਕਿਸਾਨਾਂ ਦੀ ਸਿੱਧੀ ਮੱਦਦ ਕੀਤੀ ਹੈ।