ਐਸਸੀ/ਬੀਸੀ ਵਰਗਾਂ ਦੀ ਭਲਾਈ ਲਈ ਨਾਗਰਿਕਤਾ ਸੋਧ ਬਿਲ ਪਾਸ ਕਰਨ ਵਾਸਤੇ ਐਨਡੀਏ ਸਰਕਾਰ ਦੀ ਵੀ ਸ਼ਲਾਘਾ ਕੀਤੀ
ਚੰਡੀਗੜ੍ਹ/11 ਦਸੰਬਰ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਗੁਰੂ ਰਵੀਦਾਸ ਜੀ ਦੇ 643ਵੇਂ ਪਰਕਾਸ਼ ਪੁਰਬ ਸਮਾਗਮਾਂ ਮੌਕੇ 9 ਫਰਵਰੀ 2020 ਨੂੰ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਲਈ ਰੇਲ ਕਿਰਾਏ 'ਚ 50 ਫੀਸਦੀ ਛੋਟ ਦੇਣ ਲਈ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ।
ਰੇਲ ਮੰਤਰੀ ਵੱਲੋਂ ਬੀਬਾ ਬਾਦਲ ਨੂੰ ਸ਼ਰਧਾਲੂਆਂ ਲਈ ਯਾਤਰੀ ਕਿਰਾਏ ਵਿਚ ਦਿੱਤੀ ਛੋਟ ਦੀ ਜਾਣਕਾਰੀ ਦਿੱਤੇ ਜਾਣ ਮਗਰੋਂ ਕੇਂਦਰੀ ਮੰਤਰੀ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਨਡੀਏ ਸਰਕਾਰ ਨੇ ਇਸ ਪੱਿਵਤਰ ਮੌਕੇ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫੀਸਦੀ ਛੋਟ ਦੇ ਕੇ ਸ੍ਰੀ ਗੁਰੂ ਰਵੀਦਾਸ ਨੂੰ ਉਹਨਾਂ ਦੇ 643ਵੇਂ ਪਰਕਾਸ਼ ਪੁਰਬ ਮੌਕੇ ਇੱਕ ਢੁੱਕਵੀਂ ਸ਼ਰਧਾਂਜ਼ਲੀ ਦਿੱਤੀ ਹੈ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਰਵੀਦਾਸ ਜਨਮ ਅਸਥਾਨ ਚੈਰੀਟੇਬਲ ਟਰੱਸਟ, ਜਲੰਧਰ ਵੱਲੋਂ ਬੀਬਾ ਬਾਦਲ ਨੂੰ ਮਿਲ ਕੇ ਕੀਤੀ ਅਪੀਲ ਮਗਰੋਂ ਕੇਂਦਰੀ ਮੰਤਰੀ ਨੇ ਰੇਲ ਮੰਤਰੀ ਕੋਲ ਯਾਤਰੀਆਂ ਨੂੰ ਛੋਟ ਦੇਣ ਸੰਬੰਧੀ ਬੇਨਤੀ ਕੀਤੀ ਸੀ। ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਰੇਲਵੇ ਵਿਭਾਗ ਨੇ ਸ੍ਰੀ ਗੁਰੂ ਰਵੀਦਾਸ ਦੇ 643ਵੇਂ ਪਰਕਾਸ਼ ਪੁਰਬ ਸਮਾਗਮਾਂ ਵਿਚ ਭਾਗ ਲੈਣ ਲਈ ਵਾਰਾਨਸੀ ਜਾਣ ਵਾਲੇ ਸ੍ਰੀ ਗੁਰੂ ਰਵੀਦਾਸ ਜਨਮ ਅਸਥਾਨ ਚੈਰੀਟੇਬਲ ਟਰੱਸਟ, ਜਲੰਧਰ ਦੇ ਸ਼ਰਧਾਲੂਆਂ ਨੂੰ ਸੈਕੰਡ/ਸਲੀਪਰ ਕਲਾਸ ਵਿਚ 50 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਮੰਤਰੀ ਨੇ ਨਾਗਰਿਕਤਾ ਸੋਧ ਬਿਲ ਪਾਸ ਕਰਵਾਉਣ ਲਈ ਵੀ ਐਨਡੀਏ ਸਰਕਾਰ ਦਾ ਧੰਨਵਾਦ ਕੀਤਾ, ਜਿਹੜਾ ਕਿ ਸੰਸਦ ਅਤੇ ਵਿਧਾਨਸਭਾ ਅੰਦਰ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਲੋਕਾਂ ਨੂੰ 10 ਸਾਲ ਦੇ ਵਾਧੇ ਦੀ ਸਹੂਲਤ ਦਿੰਦਾ ਹੈ। ਉਹਨਾਂ ਕਿਹਾ ਕਿ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਨਾਗਰਿਕਤਾ ਸੋਧ ਬਹੁਤ ਹੀ ਅਹਿਮ ਭੂਮਿਕਾ ਨਿਭਾਏਗਾ।