ਚੰਡੀਗੜ੍ਹ/17 ਸਤੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਲੈਂਡ ਪੋਰਟਸ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਕਰਤਾਰਪੁਰ ਸਾਹਿਬ ਲਾਂਘੇ ਨੂੰ 31 ਅਕਤੂਬਰ ਤਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਕਿਹਾ ਹੈ ਕਿ ਚੱਲ ਰਹੇ ਕੰਮ ਦੀ ਨਜ਼ਰਸਾਨੀ ਕਰਨ ਲਈ ਉਹ ਅਗਲੇ ਹਫਤੇ ਪ੍ਰਾਜੈਕਟ ਵਾਲੀ ਥਾਂ ਦਾ ਦੌਰਾ ਕਰਨਗੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੀ ਨਾਨਕ ਨਾਮ ਲੇਵਾ ਸੰਗਤ ਕਰਤਾਰਪੁਰ ਲਾਂਘਾ ਮੁਕੰਮਲ ਹੋਣ ਦਾ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਹੈ, ਕਿਉਂਕਿ ਉਹਨਾਂ ਲਈ ਸਰਹੱਦ ਪਾਰ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਮੱਥਾ ਟੇਕਣਾ ਇੱਕ ਸੁਫਨੇ ਦੇ ਸੱਚ ਹੋਣ ਵਾਂਗ ਹੋਵੇਗਾ। ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਪ੍ਰਾਜੈਕਟ ਹਰ ਹੀਲੇ ਮਿੱਥੇ ਸਮੇਂ ਅੰਦਰ ਪੂਰਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਹੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਇੱਕ ਸ਼ਾਨਦਾਰ ਸ਼ਰਧਾਂਜ਼ਲੀ ਹੋਵੇਗਾ।
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਸ਼ਰਧਾਲੂਆਂ ਨੂੰ ਸਰਹੱਦ ਪਾਰ ਲਿਜਾਣ ਲਈ ਸਥਾਪਤ ਕੀਤੀ ਜਾ ਰਹੀ ਇੰਟੇਗਰੇਟਿਡ ਚੈਕ ਪੋਸਟ ਬਾਰੇ ਦੱਸਦਿਆਂ ਬੀਬਾ ਬਾਦਲ ਨੇ ਕਿਹਾ ਕਿ 400 ਕਰੋੜ ਦੀ ਲਾਗਤ ਵਾਲੀ ਇਹ ਚੈਕ ਪੋਸਟ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰੇਗੀ। ਉਹਨਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪਸੰਜਰ ਟਰਮੀਨਲ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਨੂੰ ਪੇਸ਼ ਕਰਨ ਵਾਲਾ ਇਕ ਕਲਾ ਦਾ ਨਮੂਨਾ ਹੋਵੇਗਾ। ਇਸ ਤੋਂ ਇਲਾਵਾ ਅਸੀਂ ਚੈਕ ਪੋਸਟ ਕੰਪਲੈਕਸ ਦੇ ਅੰਦਰ ਵੱਖ ਵੱਖ ਮੂਰਤੀਆਂ ਲਾਉਣ ਦਾ ਵੀ ਫੈਸਲਾ ਕੀਤਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਚੈਕ ਪੋਸਟ ਉੱਤੇ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਹੋਵੇਗਾ। ਉਹਨਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪੁਲਿਸ ਸਟੇਸ਼ਨ ਅਤੇ ਫਾਇਰ ਸਟੇਸ਼ਨ ਵਰਗੀਆਂ ਸਹੂਲਤਾਂ ਦਾ ਖਰਚਾ ਦਿੱਤਾ ਜਾਵੇਗਾ, ਜਿਹੜੀਆਂ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੀਆਂ ਜਾਣੀਆਂ ਹਨ ।