ਕਿਹਾ ਕਿ ਉਹ ਇਸ ਕੰਮ ਨੂੰ ਪੂਰਾ ਕਰਨ ਲਈ ਸਿੱਖ ਸੰਗਤ ਦੀ ਮੱਦਦ ਲੈਣਗੇ
ਰੇਲਵੇ ਅਧਿਕਾਰੀਆਂ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸਾਰਾ ਕੰਮ 25 ਅਕਤੂਬਰ ਤਕ ਮੁਕੰਮਲ ਹੋ ਜਾਵੇਗਾ
ਸੁਲਤਾਨਪੁਰ ਲੋਧੀ/17 ਅਗਸਤ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ ਨੂੰ ਚਿੱਟਾ ਰੰਗ ਕੀਤੇ ਜਾਣ ਦੀ ਤਜਵੀਜ਼ ਭੇਜਦਿਆਂ ਕਿਹਾ ਕਿ ਉਹ ਇਸ ਕਾਰਜ ਨੂੰ ਸੰਭਵ ਬਣਾਉਣ ਲਈ ਸਿੱਖ ਸੰਗਤ ਦੀ ਮੱਦਦ ਲੈਣਗੇ।
ਅੱਜ ਰੇਲਵੇ ਦੁਆਰਾ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਇਸ ਸ਼ਹਿਰ ਪੁੱਜੇ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਇਸ ਪਵਿੱਤਰ ਸ਼ਹਿਰ ਨੂੰ ਵੀ ਚਿੱਟੇ ਰੰਗ ਵਿਚ ਰੰਗਿਆ ਜਾਵੇ, ਜਿਸ ਤਰ੍ਹਾਂ ਕਿ ਖਾਲਸਾ ਸਿਰਜਣਾ ਦੇ 300 ਸਾਲਾ ਸਮਾਗਮਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਨੂੰ ਰੰਗਿਆ ਗਿਆ ਸੀ। ਉਹਨਾਂ ਨੇ ਇਸ ਕਾਰਜ ਸੰਭਵ ਬਣਾਉਣ ਲਈ ਲੋਕਾਂ ਨੂੰ ਪੂਰੇ ਮਨ ਨਾਲ ਕਾਰ ਸੇਵਾ ਵਿਚ ਭਾਗ ਲੈਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਰੇਲਵੇ ਅਧਿਕਾਰੀਆਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਰੇਲਵੇ ਨਾਲ ਸੰਬੰਧਿਤ ਸਾਰੇ ਕਾਰਜ 25 ਅਕਤੂਬਰ ਤਕ ਮੁਕੰਮਲ ਹੋ ਜਾਣਗੇ। ਬੀਬਾ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਵਿਰਾਸਤੀ ਸ਼ਕਲ ਦੇਣ ਲਈ ਬਣਾਏ ਜਾ ਰਹੇ ਤਿੰਨ ਅੰਡਰ ਬਰਿੱਜਾਂ ਅਤੇ ਤੁਰ ਕੇ ਪਾਰ ਕੀਤੇ ਜਾਣ ਵਾਲੇ ਦੋ ਓਵਰ ਬਰਿੱਜਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਹਨਾਂ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਚੁੱਕੇ ਜਾ ਰਹੇ ਵਿਭਿੰਨ ਕਦਮਾਂ ਦਾ ਵੀ ਨਿਰੀਖਣ ਕੀਤਾ।
ਇਹ ਪੁੱਛਣ ਤੇ ਕਿ ਕੀ ਪਾਕਿਸਤਾਨ ਨਾਲ ਵਧ ਰਹੇ ਤਣਾਅ ਦਾ ਕਰਤਾਰਪੁਰ ਲਾਂਘਾ ਮੁਕੰਮਲ ਹੋਣ ਅਤੇ ਇਸ ਨੂੰ ਖੋਲ੍ਹੇ ਜਾਣ ਉੱਤੇ ਕੋਈ ਅਸਰ ਪਵੇਗਾ, ਬੀਬਾ ਬਾਦਲ ਨੇ ਕਿਹਾ ਕਿ ਇਹ ਲਾਂਘਾ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੋਂਦ ਵਿਚ ਆ ਰਿਹਾ ਹੈ ਅਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਪਾਕਿਸਤਾਨ ਸਰਕਾਰ ਇਸ ਲਾਂਘੇ ਨੂੰ ਪੂਰਾ ਕਰੇਗੀ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਇਸ ਵਾਸਤੇ ਸਮੁੱਚਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਵਚਨਬੱਧ ਹੈ, ਜਿਸ ਵਿਚ ਇੱਕ ਸਹੂਲਤ ਕੇਂਦਰ ਬਣਾਉਣਾ ਵੀ ਸ਼ਾਮਿਲ ਹੈ, ਤਾਂ ਕਿ ਸਾਰੇ ਯਾਤਰੀ ਆਸਾਨੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਬੀਬਾ ਬਾਦਲ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੇ ਪਰਕਾਸ਼ ਪੁਰਬ ਦੇ ਜਸ਼ਨਾਂ ਵਜੋਂ ਸ਼ੁਰੂ ਕੀਤੇ ਵੱਖ ਵੱਖ ਪ੍ਰਾਜੈਕਟਾਂ ਉੱਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਇੱਕ ਵੱਡਾ ਵਿਰਾਸਤੀ ਕੰਪਲੈਕਸ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ 321 ਕਰੋੜ ਰੁਪਏ ਦੀ ਲਾਗਤ ਨਾਲ 'ਪਿੰਡ ਬਾਬੇ ਨਾਨਕ ਦਾ' ਨਾਂ ਦਾ ਇੱਕ ਪਿੰਡ ਵੀ ਉਸਾਰਿਆ ਜਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ਾਸ਼ਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਇੱਕ ਚੇਅਰ ਸਥਾਪਤ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਗੁਰੂ ਸਾਹਿਬ ਦੇ ਨਾਂ ਉੱਤੇ ਬਰਤਾਨੀਆ ਵਿਚ ਇੱਕ ਚੇਅਰ ਸਥਾਪਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇੱਕ ਅੰਤਰ-ਧਰਮ ਸਟੱਡੀ ਕੇਂਦਰ ਸਥਾਪਤ ਕਰਨ ਲਈ ਫੰਡ ਦੇਣ ਦਾ ਵੀ ਫੈਸਲਾ ਕੀਤਾ ਹੈ।
ਬੀਬਾ ਬਾਦਲ ਨੇ ਕਿਹਾ ਕਿ ਅਕਤੂਬਰ-ਨਵੰਬਰ 2019 ਵਿਚ ਦਿੱਲੀ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਅੰਤਰਰਾਸ਼ਟਰੀ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਸ਼ਤਾਬਦੀ ਜਸ਼ਨਾਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅਜਿਹੇ 100 ਸੈਮੀਨਾਰ ਹੋਰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇੱਕ ਮੋਬਾਇਲ ਡਿਜੀਟਲ ਪ੍ਰਦਰਸ਼ਨੀ, ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਤੇ ਦਸਤਾਵੇਜੀ ਅਤੇ ਐਨੀਮੇਸ਼ਨ ਫਿਲਮਾਂ ਦੇ ਨਿਰਮਾਣ ਤੋਂ ਕਿਤਾਬਾਂ ਵੀ ਛਾਪੀਆਂ ਜਾਣਗੀਆਂ, ਜਿਹਨਾਂ ਦਾ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇਗਾ।
ਬੀਬਾ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਾਮਰੂਪ, ਪੁਰੀ, ਰਮੇਸ਼ਵਰਮ, ਨਾਂਦੇੜ, ਉਜੈਨ, ਦਵਾਰਕਾ, ਕਾਸ਼ੀ, ਕੁਰਕੂਸ਼ੇਤਰ, ਨਾਨਕਮਤਾ (ਉੱਤਰਾਖੰਡ) ਅਤੇ ਮਾਰਤੰਡ ਸਮੇਤ ਜਿਹਨਾਂ ਸਥਾਨਾਂ ਦੀ ਯਾਤਰਾ ਕੀਤੀ ਸੀ, ਉਹਨਾਂ ਸਾਰੀਆਂ ਥਾਂਵਾਂ ਉੱਤੇ 10 ਪੈਨੋਰਮਾ ਲਗਾਏ ਜਾਣਗੇ। ਇਸ ਤੋਂ ਇਲਾਵਾ ਸਾਰੇ ਵਿਦੇਸ਼ੀ ਮਿਸ਼ਨਾਂ ਨੂੰ ਯਾਦਗਾਰੀ ਸਿੱਕੇ ਅਤੇ ਡਾਕ ਟਿਕਟਾਂ ਸਪਲਾਈ ਕੀਤੀਆਂ ਜਾਣਗੀਆਂ।