ਕਿਹਾ ਕਿ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ 12 ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ
ਚੰਡੀਗੜ੍ਹ/04
ਅਕਤੂਬਰ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ
ਅੱਜ ਨਵੀਂ ਦਿੱਲੀ ਵਿਖੇ ਉੱਤਰੀ ਭਾਰਤ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨਾਲ ਜੋੜਣ
ਵਾਲੀ 'ਸਰਬੱਤ ਦਾ ਭਲਾ ਐਕਸਪ੍ਰੈਸ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਵੀਂ ਦਿੱਲੀ
ਤੋਂ ਲੋਹੀਆਂ ਖਾਸ ਜਾਣ ਵਾਲੀ ਇਸ ਵਿਸ਼ੇਸ਼ ਰੇਲ ਗੱਡੀ ਰਵਾਨਾ ਕਰਨ ਮੌਕੇ ਕੇਂਦਰੀ ਰੇਲ
ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਸਿਹਤ ਮੰਤਰੀ ਸ੍ਰੀ ਹਰਸ਼ ਵਰਧਨ ਵੀ ਹਾਜ਼ਿਰ ਸਨ।
ਇਸ
ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਮੌਕੇ ਬੀਬਾ
ਬਾਦਲ ਨੇ ਨਵੀਂ ਦਿੱਲੀ ਅਤੇ ਸੁਲਤਾਨਪੁਰ ਲੋਧੀ ਵਿਚਕਾਰ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ
ਵਿਸ਼ੇਸ਼ ਰੇਲ ਸੇਵਾ ਸ਼ੁਰੂ ਕਰਨ ਲਈ ਆਖਿਆ ਸੀ। ਉਹਨਾਂ ਨੇ ਗੁਰੂ ਸਾਹਿਬ ਦੇ ਸੰਦੇਸ਼ ਅਤੇ
ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਰੇਲ ਮੰਤਰਾਲੇ
ਨੂੰ ਇਸ ਦਾ ਨਾਂ ਸਰਬੱਤ ਦਾ ਭਲਾ ਐਕਸਪ੍ਰੈਸ ਰੱਖਣ ਦੀ ਵੀ ਅਪੀਲ ਕੀਤੀ ਸੀ।
ਪੂਰੇ ਦੇਸ਼ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਪਹੁੰਚਾਉਣ ਲਈ ਸਰਬੱਤ ਦਾ ਭਲਾ ਐਕਸਪ੍ਰੈਸ ਰੇਲ ਗੱਡੀ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਇਤਿਹਾਸਕ ਦਿਨ ਹੈ, ਕਿਉਂਕਿ ਇਹ ਰੇਲ ਗੱਡੀ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਨਾਲ ਜੋੜੇਗੀ। ਸੁਲਤਾਨਪੁਰ ਲੋਧੀ ਨੂੰ ਗੁਰਬਾਣੀ ਦਾ ਜਨਮ ਅਸਥਾਨ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਥਾਂ ਉੱਤੇ ਹੀ ਗੁਰੂ ਸਾਹਿਬ ਨੇ ਮਨੁੱਖਤਾ ਨੂੰ 'ਪ੍ਰਮਾਤਮਾ ਇੱਕ ਹੈ' ਅਤੇ 'ਨਾ ਕੋ ਹਿੰਦੂ ਨਾ ਕੋ ਮੁਸਲਮਾਨ' ਦਾ ਸੰਦੇਸ਼ ਦਿੱਤਾ ਸੀ।
ਗੁਰੂ
ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼
ਪ੍ਰਬੰਧਾਂ ਬਾਰੇ ਦੱਸਦਿਆਂ ਬੀਬਾ ਬਾਦਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ
ਦੇ ਆਧੁਨਿਕੀਕਰਨ ਉੱਤੇ 22 ਕਰੋੜ ਰੁਪਏ ਖਰਚਣ ਅਤੇ ਇੱਕ ਮਿਊਜ਼ੀਅਮ ਦੀ ਉਸਾਰੀ ਤੋਂ ਇਲਾਵਾ
ਹਜੂਰ ਸਾਹਿਬ, ਨਾਂਦੇੜ ਤੋਂ ਫਿਰੋਜ਼ਪੁਰ ਵਿਚਕਾਰ 14 ਵਿਸ਼ੇਸ਼ ਰੇਲਗੱਡੀਆਂ ਚਲਾਈਆਂ
ਜਾਣਗੀਆਂ। ਉਹਨਾਂ ਕਿਹਾ ਕਿ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਯਾਤਰੀਆਂ ਦੀ ਸਹੂਲਤ
ਲਈ ਉੱਤਰੀ ਰੇਲਵੇ ਵੱਲੋਂ 12 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਉਹਨਾਂ ਰੇਲ ਮੰਤਰੀ ਨੂੰ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਵਿਚਕਾਰ ਇੱਕ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਇੱਥੋਂ ਦੇ ਸ਼ਰਧਾਲੂ ਪਵਿੱਤਰ ਨਗਰੀ ਵਿਚ ਮੱਥਾ ਟੇਕਣ ਮਗਰੋਂ ਉਸੇ ਦਿਨ ਘਰਾਂ ਨੂੰ ਵਾਪਸ ਪਰਤ ਸਕਣ।
ਕਰਤਾਰਪੁਰ ਲਾਂਘੇ ਨੂੰ 'ਸ਼ਾਂਤੀ ਦਾ ਲਾਂਘਾ'ਕਰਾਰ ਦਿੰਦਿਆਂ ਕੇਂਦਰੀ ਮੰਤਰੀ ਨੇ ਸਿੱਖਾਂ ਦੀ ਦੇਸ਼ ਦੀ ਵੰਡ ਵੇਲੇ ਉਹਨਾਂ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦੀ 70 ਸਾਲ ਪੁਰਾਣੀ ਇੱਛਾ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਤਹਿ ਦਿਲੋ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਹਕੀਕਤ ਵੇਖ ਕੇ ਅਹਿਸਾਸ ਹੁੰਦਾ ਹੈ ਕਿ ਗੁਰੂ ਸਾਹਿਬ ਅੱਜ ਵੀ ਹਾਜ਼ਿਰ ਨਾਜ਼ਰ ਹਨ ਅਤੇ ਲੋਕਾਂ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਦੀਆਂ ਝੋਲੀਆਂ ਭਰਦੇ ਹਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਿਰ ਸਨ। ਇਸੇ ਦੌਰਾਨ 'ਸਰਬੱਤ ਦਾ ਭਲਾ ਐਕਸਪ੍ਰੈਸ' ਦਾ ਸਾਰੇ ਹੀ ਸਟੇਸ਼ਨਾਂ ਉੱਤੇ ਸਿੱਖ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।