ਬੀਬੀ ਬਾਦਲ ਵੱਲੋਂ ਲਿਖੀ ਚਿੱਠੀ ਨੂੰ ਪ੍ਰਧਾਨ ਮੰਤਰੀ ਵੱਲੋਂ ਹਾਂ-ਪੱਖੀ ਹੁੰਗਾਰਾ
ਚਿੱਠੀ ਵਿਚ ਸਿੱਖ ਔਰਤਾਂ ਲਈ ਹੈਲਮਟ ਤੋਂ ਛੋਟ ਅਤੇ ਯੂਟੀ ਅੰਦਰ ਪੰਜਾਬੀ ਦਾ ਰੁਤਬਾ ਜਿਹੇ ਮੁੱਦੇ ਵੀ ਉਠਾਏ
ਚੰਡੀਗੜ/03 ਅਕਤੂਬਰ: ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਚੰਡੀਗੜ ਦਾ ਤਬਾਦਲਾ ਪੰਜਾਬ ਨੂੰ ਕੀਤੇ ਜਾਣ ਤਕ ਚੰਡੀਗੜ ਦਾ ਪ੍ਰਸਾਸ਼ਕੀ ਸਟਾਫ ਕ੍ਰਮਵਾਰ ਪੰਜਾਬ ਅਤੇ ਹਰਿਆਣਾ ਵਿਚੋਂ 60:40 ਦੀ ਦਰ ਨਾਲ ਲਾਏ ਜਾਣ ਸੰਬੰਧੀ ਸਮੇਂ ਸਮੇਂ ਭਾਰਤ ਸਰਕਾਰਾਂ ਵੱਲੋਂ ਲਏ ਫੈਸਲਿਆਂ ਅਤੇ ਵਚਨਬੱਧਤਾਵਾਂ ਦੀ ਉਲੰਘਣਾ ਰੋਕਣ ਲਈ ਉਹ ਨਿੱਜੀ ਤੌਰ ਤੇ ਦਖ਼ਲ ਦੇਣ।
ਇਸ ਸੰਬੰਧੀ ਬੀਬੀ ਬਾਦਲ ਨੇ ਪਾਰਟੀ ਦੀ ਤਰਫੋਂ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਸੌਂਪੀ। ਇਸ ਚਿੱਠੀ ਵਿਚ ਡੀਐਸਪੀ ਦੇ ਅਹੁਦੇ ਨੂੰ ਯੂਟੀ ਕੇਡਰ ਵਿਚ ਸ਼ਾਮਿਲ ਕੀਤੇ ਜਾਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ਤੇ ਉੁਠਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੂੰ ਇਹ ਫੈਸਲਾ ਰੁਕਵਾਉਣ ਲਈ ਬੇਨਤੀ ਕੀਤੀ ਗਈ। ਪਾਰਟੀ ਨੇ ਚੰਡੀਗੜ ਵਿਚ ਅਧਿਕਾਰੀਆਂ ਅਤੇ ਸਟਾਫ ਦੀ ਨਿਯੁਕਤੀ ਸੰਬੰਧੀ ਪਹਿਲਾਂ ਲਏ ਗਏ ਫੈਸਲਿਆਂ ਅਤੇ ਵਚਨਬੱਧਤਾਵਾਂ ਦੀ ਉਲੰਘਣਾ ਕਰਨ ਵਾਲੀਆਂ ਸਾਰੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ।
ਪ੍ਰਧਾਨ ਮੰਤਰੀ ਨੇ ਪੰਜਾਬ ਦੇ ਅਹੁਦੇ ਨੂੰ ਯੂਟੀ ਕੇਡਰ ਵਿਚ ਸ਼ਾਮਿਲ ਕੀਤੇ ਜਾਣ ਸੰਬੰਧੀ ਹੈਰਾਨੀ ਪ੍ਰਗਟ ਕੀਤੀ ਅਤੇ ਬੀਬੀ ਬਾਦਲ ਨੂੰ ਭਰੋਸਾ ਦਿਵਾਇਆ ਕਿ ਇਸ ਸੰਬੰਧ ਵਿਚ ਜਲਦੀ ਹੀ ਲੋੜੀਂਦੇ ਕਦਮ ਚੁੱਕੇ ਜਾਣਗੇ। ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਵੱਲੋਂ ਇਸ ਮੁੱਦੇ ਉੱਤੇ ਦਿੱਤੇ ਹਾਂ-ਪੱਖੀ ਅਤੇ ਮੱਦਦਪੂਰਨ ਹੁੰਗਾਰੇ ਉੱਤੇ ਤਸੱਲੀ ਜ਼ਾਹਿਰ ਕੀਤੀ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਚੰਡੀਗੜ ਉੱਤੇ ਪੰਜਾਬ ਦੇ ਅਧਿਕਾਰਾਂ ਖ਼ਤਮ ਕਰਨ ਲਈ ਕਾਂਗਰਸ ਸਰਕਾਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਬੀਬੀ ਬਾਦਲ ਨੂੰ ਕਿਹਾ ਕਿ ਉਹ ਇਸ ਮੁੱਦੇ ਉੱਤੇ ਦਖ਼ਲਅੰਦਾਜ਼ੀ ਕਰਨ ਵਾਸਤੇ ਉਹ ਪ੍ਰਧਾਨ ਮੰਤਰੀ ਨੂੰ ਕਹਿਣ।
ਸਰਦਾਰ ਬਾਦਲ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਚੰਡੀਗੜ ਵਿਚ ਯੂਟੀ ਕੇਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਅਫਸਰਸ਼ਾਹੀ ਵੱਲੋਂ ਘੜੀ ਇੱਕ ਮਨਘੜਤ ਅਤੇ ਝੂਠੀ ਗੱਲ ਹੈ। ਚੰਡੀਗੜ ਪੰਜਾਬ ਦਾ ਹੈ, ਜਿਸ ਦਾ ਤਬਾਦਲਾ ਪੰਜਾਬ ਨੂੰ ਕੀਤੇ ਜਾਣ ਤਕ ਇਸ ਦਾ ਪ੍ਰਸਾਸ਼ਨ ਪੰਜਾਬ ਅਤੇ ਹਰਿਆਣਾ ਵੱਲੋਂ 60:40 ਦੇ ਫਾਰਮੂਲੇ ਨਾਲ ਚਲਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੇਂਦਰ ਵਿਚ ਬੈਠੇ ਕਾਂਗਰਸੀ ਆਗੂਆਂ ਵੱਲੋਂ ਪੰਜਾਬੀਆਂ ਪ੍ਰਤੀ ਆਪਣੀ ਨਫਰਤ ਦੇ ਤਹਿਤ ਜਾਣ ਬੁੱਝ ਕੇ ਇਸ ਸਥਿਤੀ ਨੂੰ ਪੇਚੀਦਾ ਬਣਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਪਾਰਟੀ ਦੇ ਵਿਚਾਰਾਂ ਦੀ ਤਰਜਮਾਨੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਇਹ ਧਾਰਨਾ ਪ੍ਰਬਲ ਹੈ ਕਿ ਯੂਟੀ ਵਿਚ ਕੋਈ ਪੰਜਾਬੀਆਂ,ਖਾਸ ਕਰਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਸੱਟ ਮਾਰਨ ਲਈ ਬੈਠਾ ਹੈ। ਉਹਨਾਂ ਕਿਹਾ ਕਿ ਇਸ ਬਾਰੇ ਸਾਰੇ ਲੋਕਾਂ ਵਿਚ ਮੁਕੰਮਲ ਸਹਿਮਤੀ ਹੈ ਕਿ ਚੰਡੀਗੜ ਪੰਜਾਬ ਦਾ ਹੈ ਅਤੇ ਇਸ ਦਾ ਮੌਜੂਦਾ ਯੂਟੀ ਸਟੇਟਸ ਇਸ ਨੂੰ ਪੰਜਾਬ ਨੂੰ ਸੌਂਪੇ ਜਾਣ ਤਕ ਕੀਤਾ ਹੋਇਆ ਇੱਕ ਆਰਜ਼ੀ ਇੰਤਜ਼ਾਮ ਹੈ।
ਭਾਰਤ ਸਰਕਾਰ ਵੱਲੋਂ ਚੰਡੀਗੜ ਵਿਚ ਡੀਐਸਪੀ ਦੇ ਅਹੁਦੇ ਦਾ ਯੂਟੀ ਕੇਡਰ ਵਿਚ ਰਲੇਵਾਂ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਮਗਰੋਂ ਬੀਬੀ ਬਾਦਲ ਦੀ ਚਿੱਠੀ ਅਤੇ ਸਰਦਾਰ ਸੁਖਬੀਰ ਬਾਦਲ ਦਾ ਸਖ਼ਤ ਪ੍ਰਤੀਕਰਮ ਸਾਹਮਣੇ ਆਏ ਹਨ।
ਡੀਐਸਪੀ ਦੇ ਅਹੁਦੇ ਨੂੰ ਯੂਟੀ ਕੇਡਰ ਵਿਚ ਰਲਾਉਣ ਦਾ ਫੈਸਲਾ ਵਾਪਸ ਲਏ ਜਾਣ ਦੀ ਮੰਗ ਤੋ ਇਲਾਵਾ ਬੀਬੀ ਬਾਦਲ ਨੇ ਚੰਡੀਗੜ ਅਤੇ ਇਸ ਨਾਲ ਜੁੜੇ ਮੁੱਦਿਆਂ ਸੰਬੰਧੀ ਪੰਜਾਬੀਆਂ ਦੀਆਂ ਸ਼ੰਕੇ ਦੂਰ ਕਰਨ ਲਈ ਖਾਸ ਕਦਮ ਚੁੱਕਣ ਲਈ ਕਿਹਾ ਹੈ।
ਉਹਨਾਂ ਕਿਹਾ ਕਿ ਮੂਲ ਧਾਰਨਾ ਅਨੁਸਾਰ ਯੂਟੀ ਪ੍ਰਸਾਸ਼ਕ ਇੱਕ ਪੰਜਾਬ ਕੇਡਰ ਦਾ ਅਧਿਕਾਰੀ ਹੋਣਾ ਚਾਹੀਦਾ ਹੈ। ਯੂਟੀ ਕੇਡਰ ਦੇ ਸਾਰੇ ਆਈਏਐਸ ਅਤੇ ਆਈਪੀਐਸ ਅਧਿਕਾਰ ਨੂੰ ਚੰਡੀਗੜ ਵਿਚੋਂ ਹਟਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿੱਤ ਸਕੱਤਰ ਅਤੇ ਗ੍ਰਹਿ ਸਕੱਤਰ ਵਿਚਕਾਰ ਕੰਮ ਦੀ ਮੁੱਢਲੀ ਵੰਡ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਚੰਡੀਗੜ ਯੂਟੀ ਅੰਦਰ ਸਾਰੇ ਵਿਭਾਗਾਂ ਵਿਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਿਯੁਕਤੀਆਂ ਸੰਬੰਧੀ 60:40 ਦੀ ਦਰ ਬਰਕਰਾਰ ਰਹਿਣੀ ਚਾਹੀਦੀ ਹੈ। ਇਸ ਮੰਤਵ ਲਈ ਪੰਜਾਬ ਅਤੇ ਹਰਿਆਣਾ ਵਿਚੋਂ ਉਪਰੋਕਤ ਦਰ ਉਤੇ ਸਟਾਫ ਲਿਆ ਜਾਣਾ ਚਾਹੀਦਾ ਹੈ।
ਚਿੱਠੀ ਵਿਚ ਅੱਗੇ ਇਹ ਮੰਗ ਕੀਤੀ ਗਈ ਕਿ ਯੂਟੀ ਚੰਡੀਗੜ ਅੰਦਰ ਕਿਸੇ ਵੀ ਅਖੌਤੀ ਯੂਟੀ ਕੇਡਰ ਵਾਲੇ ਅਧਿਕਾਰੀ/ਕਰਮਚਾਰੀ ਦੀ ਨਿਯੁਕਤੀ ਨਹੀਂ ਕੀਤੀ ਜਾਣੀ ਚਾਹੀਦੀ। ਦਰਅਸਲ ਇਸ ਅਖੌਤੀ ਕੇਡਰ ਨੂੰ ਚੰਡੀਗੜ ਵਿਚ ਤੁਰੰਤ ਖ਼ਤਮ ਕਰ ਦੇਣਾ ਚਾਹੀਦਾ ਹੈ।
ਚੰਡੀਗੜ ਵਿਚ ਪੰਜਾਬੀ ਭਾਸ਼ਾ ਦੇ ਰੁਤਬੇ ਵਰਗੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਚਾਨਣਾ ਪਾਉਂਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬੀ ਨੂੰ ਯੂਟੀ, ਚੰਡੀਗੜ ਵਿਚ ਸਰਕਾਰੀ ਭਾਸ਼ਾ ਦਾ ਰੁਤਬਾ ਮਿਲਣਾ ਚਾਹੀਦਾ ਹੈ। ਇਸ ਸੰਬੰਧੀ ਮੁੱਢਲੇ ਕਦਮ ਵਜੋਂ ਚੰਡੀਗੜ ਯੂਟੀ ਅੰਦਰ ਸਾਰੇ ਸਾਈਨ ਬੋਰਡ ਪੰਜਾਬੀ (ਹਿੰਦੀ ਅਤੇ ਅੰਗਰੇਜ਼ੀ ਉਲਥਿਆਂ ਸਮੇਤ) ਵਿਚ ਲਿਖੇ ਜਾਣ।
ਬੀਬੀ ਬਾਦਲ ਨੇ ਚੰਡੀਗੜ ਪ੍ਰਸਾਸ਼ਨ ਦੇ ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਦੇਣ ਸੰਬੰਧੀ ਜਾਰੀ ਕੀਤੇ ਅਪਮਾਨਜਨਕ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਹੁਕਮ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੀਆਂ ਸਿੱਖ ਔਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦੇਣੀ ਚਾਹੀਦੀ ਹੈ, ਕਿਉਂਕਿ ਇਹ ਗੱਲ ਉਹਨਾਂ ਦੇ ਧਾਰਮਿਕ ਜਜ਼ਬਾਤ ਨਾਲ ਜੁੜੀ ਹੋਈ ਹੈ।