ਸੰਨੀ ਦਿਓਲ ਨੇ 'ਢਾਈ ਕਿਲੋ ਕਾ ਹਾਥ' ਨਾਲ ਸਾਰਿਆਂ ਦਾ ਦਿਲ ਜਿੱਤਿਆ
ਲੋਕਾਂ ਨੇ 'ਜਿੱਤੂਗਾ ਬਈ ਜਿੱਤੂਗਾ' ਤੋਂ 'ਜਿੱਤ ਗਿਆ ਬਈ ਜਿੱਤ ਗਿਆ ਤੱਕੜੀ ਵਾਲਾ ਜਿੱਤ ਗਿਆ' ਕਹਿਣਾ ਸ਼ੁਰੂ ਕੀਤਾ
ਬਠਿੰਡਾ/16 ਮਈ: ਅੱਜ ਇੱਥੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੱਢੇ ਇੱਕ ਵੱਡੇ ਰੋਡ ਸ਼ੋਅ ਦੌਰਾਨ ਉਹਨਾਂ ਦੇ ਹੱਕ ਵਿਚ ਲੋਕਾਂ ਦਾ ਜਿਵੇਂ ਸੈਲਾਬ ਉਮੜ ਆਇਆ। ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਨਾਲ ਲੈ ਕੇ ਕੇਂਦਰੀ ਮੰਤਰੀ ਵੱਲੋਂ ਕੱਢਿਆ ਗਿਆ ਇਹ ਰੋਡ ਸ਼ੋਅ ਬਠਿੰਡਾ ਸ਼ਹਿਰ ਅੰਦਰ ਹੁਣ ਤੀਕ ਦਾ ਸਭ ਤੋਂ ਵੱਡਾ ਸ਼ੋਅ ਬਣ ਨਿਬੜਿਆ।
ਫਾਇਰ ਬ੍ਰਿਗੇਡ ਚੌਂਕ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਇੰਨਾ ਲੰਬਾ ਸੀ ਕਿ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਧੋਬੀ ਘਾਟ ਵਲ ਵਧ ਰਿਹਾ ਸੀ। ਲੋਕ ਸੰਨੀ ਦਿਓਲ ਦੀ ਝਲਕ ਵੇਖਣ ਲਈ ਸੜਕਾਂ ਉੱਤੇ ਉੱਤਰ ਆਏ ਅਤੇ ਬੀਬਾ ਹਰਸਿਮਰਤ ਦੇਣ ਹੱਕ ਵਿਚ ਨਾਅਰੇ ਲਾਉਣ ਲੱਗੇ। ਇੰਨਾ ਭਾਰੀ ਇਕੱਠ ਵੇਖ ਕੇ ਲੋਕ ਇੰਨੇ ਜੋਸ਼ ਵਿਚ ਆ ਗਏ ਕਿ ਉਹਨਾਂ ਨੇ 'ਜਿੱਤੂਗਾ ਬਈ ਜਿੱਤੂਗਾ, ਤੱਕੜੀ ਵਾਲਾ ਜਿੱਤੂਗਾ' ਤੋਂ 'ਜਿੱਤ ਗਿਆ ਬਈ ਜਿੱਤ ਗਿਆ ਤੱਕੜੀ ਵਾਲਾ ਜਿੱਤ ਗਿਆ' ਕਹਿਣਾ ਸ਼ੁਰੂ ਕਰ ਦਿੱਤਾ।
ਰੋਡ ਸ਼ੋਅ ਦੌਰਾਨ ਜਦੋਂ ਸੰਨੀ ਦਿਓਲ ਆਪਣਾ 'ਢਾਈ ਕਿਲੋ ਕਾ ਹਾਥ' ਉਠਾਉਂਦਾ ਸੀ ਤਾਂ ਲੋਕ ਖੁਸ਼ੀ ਵਿਚ ਕਿਲਕਾਰੀਆਂ ਮਾਰਨ ਲੱਗ ਜਾਂਦੇ ਸਨ। ਇਸ ਮੌਕੇ ਸੰਨੀ ਦਿਓਲ ਨੇ ਵਾਰ ਵਾਰ ਆਪਣਾ ਡਾਇਲਾਗ ' ਹਿੰਦੁਸਤਾਨ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ" ਬੋਲ ਕੇ ਸੁਣਾਇਆ। ਉਹਨਾਂ ਨੇ ਲੋਕਾਂ ਨੂੰ ਬੀਬਾ ਹਰਸਿਮਰਤ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੇ ਬਠਿੰਡਾ ਨੂੰ ਇੱਕ ਮਾਡਲ ਸਿਟੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਜਿਵੇਂ ਇਸ ਦੇਸ਼ ਨੂੰ ਸ੍ਰੀ ਨਰਿੰਦਰ ਮੋਦੀ ਦੀ ਲੋੜ ਹੈ, ਉਸੇ ਤਰ੍ਹਾਂ ਬਠਿੰਡਾ ਨੂੰ ਹਰਸਿਮਰਤ ਦੀ ਲੋੜ ਹੈ। ਤੁਸੀਂ ਇਹਨਾਂ ਦੋਵਾਂ ਵਿਚ ਆਪਣਾ ਭਰੋਸਾ ਜਤਾਓ, ਇਹ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਨਗੇ।
ਸੰਨੀ ਦਿਓਲ ਨੇ ਬੀਬਾ ਬਾਦਲ ਵੱਲੋਂ ਬਠਿੰਡਾ ਹਲਕੇ ਵਿਚ ਕੀਤੇ ਗਏ ਕੰਮਾਂ ਦੀ ਸੂਚੀ ਗਿਣਾਉਂਦਿਆਂ ਕਿਹਾ ਕਿ ਸਿਰਫ ਬੀਬਾ ਬਾਦਲ ਦੇ ਯਤਨਾਂ ਸਦਕਾ ਹੀ ਬਠਿੰਡਾ ਵਿਚ ਏਮਜ਼ ਵਰਗਾ ਵੱਕਾਰੀ ਹਸਪਤਾਲ ਬਣ ਸਕਿਆ ਹੈ। ਉਹਨਾਂ ਕਿਹਾ ਕਿ ਬਠਿੰਡਾ ਸਾਂਸਦ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਵਰਗੇ ਸ਼ਾਨਦਾਰ ਵਿੱਦਿਅਕ ਸੰਸਥਾਂਵਾਂ ਦੀ ਨੀਂਹ ਰੱਖੀ ਹੈ। ਉਹਨਾਂ ਕਿਹਾ ਕਿ ਮੈਂ ਪੂਰੇ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਹਰਸਿਮਰਤ ਜੀ ਨੇ ਬਠਿੰਡਾ ਦੀ ਨੁਹਾਰ ਬਦਲ ਦਿੱਤੀ ਹੈ। ਇਸ ਮੌਕੇ ਖੁੱਲ੍ਹੇ ਵਾਹਨ ਵਿਚ ਸੰਨੀ ਦਿਓਲ ਦੇ ਨਾਲ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਹਾਜ਼ਿਰ ਸਨ।
ਇਸ ਮੌਕੇ ਬੀਬਾ ਬਾਦਲ ਨੇ ਸੰਨੀ ਦਿਓਲ ਦਾ ਆਪਣੇ ਹਲਕੇ ਗੁਰਦਾਸਪੁਰ ਵਿਚੋਂ ਸਮਾਂ ਕੱਢਕੇ ਉਹਨਾਂ ਵਾਸਤੇ ਪ੍ਰਚਾਰ ਲਈ ਆਉਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਸੰਨੀ ਪੰਜਾਬ ਦੇ ਸੱਚੇ ਸਪੁੱਤਰ ਹਨ। ਪੰਜਾਬ, ਪੰਜਾਬੀ ਲੋਕ ਅਤੇ ਪੰਜਾਬੀ ਸੱਭਿਆਚਾਰ ਦਿਓਲ ਪਰਿਵਾਰ ਦੇ ਡੀਐਨਏ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਮੈਂ ਸੰਨੀ ਜੀ ਦੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣੇ ਸੂਬੇ ਅਤੇ ਲੋਕਾਂ ਕੋਲ ਵਾਪਸ ਆਕੇ ਉਹਨਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਇਹਨਾਂ ਸਾਰੇ ਯਤਨ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਵਾਪਸੀ ਵਿਚ ਅਹਿਮ ਭੂਮਿਕਾ ਨਿਭਾਉਣਗੇ।