ਜੱਥੇ ਦੀ ਅਗਵਾਈ ਕਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਿਰਾਦਰ ਕਰਨ ਦੀ ਕੀਤੀ ਨਿਖੇਧੀ
ਕਿਹਾ ਕਿ ਇਹ ਕਿਸਾਨ ਅੰਦੋਲਨ ਦਾ ਸਿੱਧਾ ਨਤੀਜਾ, ਕੇਂਦਰ ਦਿੱਲੀ ਦੇ ਬਾਰਡਰਾਂ ’ਤੇ ਮੋਰਚੇ ਦੀ ਅਗਵਾਈ ਕਰਨ ਲਈ ਪੰਜਾਬੀਆਂ ਨੁੰ ਸਬਕ ਸਿਖਾਉਣਾ ਚਾਹੁੰਦਾ ਹੈ
ਇਸਨੂੰ ਸਿੱਖਾਂ ਦੇ ਮਾਮਲਿਆਂ ਵਿਚ ਸਿੱਧਾ ਦਖਲ ਕਰਾਰ ਦਿੱਤਾ ਤੇ ਕਿਹਾ ਕਿ ਭਾਜਪਾ ਸਰਕਾਰ ਇੰਦਰਾ ਗਾਂਧੀ ਦੇ ਕਦਮਾਂ ’ਤੇ ਚੱਲ ਰਹੀ ਹੈ
ਅੰਮ੍ਰਿਤਸਰ, 18 ਫਰਵੀ : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਾਲੀ ਕੇਂਦਰ ਸਰਕਾਰ ਨੇ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਾ ਰਹੇ ਸਿੱਖ ਜੱਥੇ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਆਗਿਆ ਨਾ ਦੇ ਕੇ ਸਿੱਖਾਂ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ, ਇਸਦੇ ਜਕੇਦਾਰ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਅਪਮਾਨ ਕੀਤਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਫੈਸਲਾ ਹੰਕਾਰ ਤੇ ਨਮੋਸ਼ੀ ਅਤੇ ਕਿਸਾਨ ਅੰਦੋਲਨ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੇ ਬਾਰਡਰਾਂ ’ਤੇ ਮੋਰਚੇ ਦੀ ਅਗਵਾਈ ਕਰਨ ਲਈ ਪੰਜਾਬੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਤੇ ਜੱਥੇ ਦੇ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਕੁਝ ਸਮੇਂ ਹੀ ਪਹਿਲਾਂ ਬੇਤੁਕੇ ਆਧਾਰਾਂ ’ਤੇ ਆਗਿਆ ਦੇਣ ਤੋਂ ਨਾਂਹ ਕਰ ਕੇ ਜਾਣ ਬੁੱਝ ਕੇ ਪ੍ਰੋਗਰਾਮਾਂ ਨੁੰ ਤਾਰਪੀਡੋ ਕਰ ਹੈ ਜੋ ਗੁਰਦੁਆਰਾ ਸਾਹਿਬਾਨ ਨੁੰ ਮੁਕਤ ਕਰਵਾਉਣ ਦੀ ਲਹਿਰ ਦੀ 100ਵੀਂ ਵਰ੍ਹੇਗੰਢ ਮੌਕੇ ਕੀਤੇ ਜਾ ਰਹੇ ਹਨ।
ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਸਿੱਖ ਧਰਮ ਤੇ ਇਸਦੇ ਪ੍ਰੋਗਰਾਮਾਂ ਵਿਚ ਤਾਨਾਸ਼ਾਹੀ ਦਖਲ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖਾਂ ਲਈ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸੁਧਾਰ ਲਹਿਰ ਪ੍ਰਤੀ ਬਹੁਤ ਸਨਮਾਨ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ ਤੇ ਸਿੱਖ ਭਾਈਚਾਰੇ ਨਾਲ ਮਤੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਮਾਮਲਾ ਆਪਣੀ ਕੋਰ ਕਮੇਟੀ ਮੀਟਿੰਗ ਵਿਚ ਵਿਚਾਰੇਗਾ ਤਾਂ ਜੋ ਸੰਗਤ ਜਿਸਦੀਆਂ ਭਾਵਨਾਵਾਂ ਨੁੰ ਡੂੰਘੀ ਸੱਟ ਵੱਜੀ ਹੈ, ਨੂੰ ਆਵਾਜ਼ ਮਿਲ ਸਕੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਮਾਮਲਾ ਆਪਣੀ ਕੋਰ ਕਮੇਟੀ ਮੀਟਿੰਗ ਵਿਚ ਵਿਚਾਰੇਗਾ ਤਾਂ ਜੋ ਸੰਗਤ ਜਿਸਦੀਆਂ ਭਾਵਨਾਵਾਂ ਨੁੰ ਡੂੰਘੀ ਸੱਟ ਵੱਜੀ ਹੈ, ਨੂੰ ਆਵਾਜ਼ ਮਿਲ ਸਕੇ।
ਸ੍ਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਸਾਰੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਿਹਨਾਂ ਨੇ ਵਫਦ ਦੀ ਅਗਵਾਈ ਕਰਨੀ ਸੀ, ਦੇ ਕੀਤੇ ਗਏ ਨਿਰਾਦਰ ਤੋਂ ਰੋਹ ਵਿਚ ਹੈ ਤੇ ਜਿਸ ਤਰੀਕੇ ਸਿੱਖ ਸੰਸਥਾ ਦੀ ਸਰਵਉਚਤਾ ਨੁੰ ਚੁਣੌਤੀ ਦਿੱਤੀ ਗਈ, ਉਸਦੀ ਵਿਆਪਕ ਨਿੰਦਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿੱਖ ਹਿਰਦਿਆਂ ਨੂੰ ਉਸੇ ਤਰੀਕੇ ਸੱਟ ਵੱਜੀ ਹੈ ਜਿਵੇਂ ਮੱਕਾ ਜਾਂ ਅਯੋਧਿਆ ਦੇ ਦਰਸ਼ਨਾਂ ਲਈ ਕਿਸੇ ਨੂੰ ਰੋਕਣ ਨਾਲ ਵੱਜਦੀ ਹੋਵੇ।
ਸ੍ਰੀ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਘਟੀਆ ਰਾਜਨੀਤੀ ਕਰ ਰਹੀ ਹੈ। ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜੱਥੇ ਨੁੰ ਆਗਿਆਦੇਣ ਤੋਂ ਇਨਕਾਰ ਕਰਨ ਦੇ ਦੱਸੇ ਦੋ ਕਾਰਨਾਂ ਨੁੰ ਖਾਰਜ ਕਰ ਦਿੱਤਾ। ਉਹਨਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਸੁਰੱਖਿਆ ਚੁਣੌਤੀਆਂ ਦੇ ਬਾਵਜੂਦ ਵਾਹਗਾ ਸਰਹੰਦ ਕਦੇ ਵੀ ਬੰਦ ਨਹੀਂ ਕੀਤੀ ਗਈ ਤੇ ਜੇਕਰ ਸੁਰੱਖਿਆ ਦਾ ਕੋਈ ਮਸਲਾ ਸੀ ਤਾਂ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਰਾਇ ਮਸ਼ਵਰਾ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਕੋਰੋਨਾ ਕਾਰਨ ਆਗਿਆ ਨਾ ਦੇਣ ਦਾ ਬਹਾਨਾ ਹੋਰ ਵੀ ਹਾਸੋਹੀਣਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਜ਼ਰੂਰਤ ਪਤਾ ਹੋਣਾ ਚਾਹੀਦਾ ਹੈ ਕਿ ਨਵੰਬਰ ਮਹੀਨੇ ਵਿਚ ਜਦੋਂ ਕੋਰੋਨਾ ਸਿਖ਼ਰਾਂ’ਤੇ ਸੀ, ਉਸ ਵੇਲੇ ਸਿੱਖ ਜੱਥੇ ਨੁੰ ਆਗਿਆ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ ਮੰਨ ਲਿਆ ਹੈ ਕਿ ਕੋਰੋਨਾਂ ਦਾ ਪ੍ਰਭਾਵ ਘੱਟ ਰਿਹਾ ਹੈ ਤੇ ਇਸਦੇ ਇਸ ਬਾਬਤ ਲਾਈਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਹਨ ਤਾਂ ਫਿਰ ਸਰਹੱਦ ਦੇ ਉਸ ਪਾਰ 100 ਕਿਲੋਮੀਟਰ ਸਫਰ ਲਈ ਵੱਖਰੀਆਂ ਸਫਰ ਪਾਬੰਦੀਆਂ ਕਿਵੇਂ ਹੋ ਸਕਦੀਆਂ ਹਨ ?
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਬੰਦ ਕੀਤਾ ਕਰਤਾਰਪੁਰ ਲਾਂਘਾ ਨਹੀਂ ਖੋਲਿ੍ਹਆ ਤੇ ਹੋਰ ਧਾਰਮਿਕ ਸਥਾਨਾਂ ਲਈ ਦਿੱਤੀ ਛੋਟ ਇਸ ਵਾਸਤੇ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਭਾਜਪਾ ਲੀਡਰਸ਼ਿਪ ਵੀ ਇਸ ਮਾਮਲੇ ’ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੋਂ ਕੇਂਦਰ ਸਰਕਾਰ ਨੂੰ ਜਾਣੂ ਨਹੀਂ ਕਰਵਾ ਸਕੀ। ਉਹਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੱਲ੍ਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ’ਤੇ ਕੁਝ ਵਿਅਕਤੀ ਪਾਕਿਸਤਾਨ ਲਈ ਰਵਾਨਾ ਹੋਏ ਸਨ ਪਰ ਮੁੱਖ ਮੰਤਰੀ ਨੇ ਠੋਸ ਸਟੈਂਡ ਲੈ ਕੇ ਇਹ ਯਕੀਨੀ ਨਹੀਂ ਬਣਾਇਆ ਕਿ ਸ੍ਰੀ ਨਨਕਾਣਾ ਸਾਹਿਬ ਲਈ ਜਾਣ ਵਾਲੇ ਜੱਥੇ ਨੂੰ ਨਜਾਇਜ਼ ਨਾ ਰੋਕਿਆ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਂਦਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੋਵੇਂ ਫਿਕਸ ਮੈਚ ਖੇਡ ਰਹੇ ਹਨ।
ਸ੍ਰੀ ਮਜੀਠੀਆ ਨੇ ਇਹ ਵੀ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਹਾਂ ਪੱਖੀ ਭੂਮਿਕਾ ਅਦਾ ਕਰੇ ਤੇ ਸਿੱਖ ਭਾਈਚਾਰੇ ਦੇ ਸਰਹੱਦ ਦੇ ਦੋਵੇਂ ਪਾਸੇ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸਹਾਇਤ ਕਰੇ। ਉਹਨਾਂ ਕਿਹਾ ਕਿ ਇਸਦੀ ਥਾਂ ਉਹ ਇਸਦੇ ਰਾਹ ਵਿਚ ਅੜਿਕਾ ਬਣ ਰਹੀ ਹੈ ਜੋ ਨਿਖੇਧੀਯੋਗ ਹੈ ਤੇ ਨਾ ਤਾਂ ਜਾਇਜ਼ ਹੈ ਤੇ ਨਾ ਹੀ ਸਿੱਖ ਭਾਈਚਾਰੇ ਜਾਂ ਪੰਜਾਬੀਆਂ ਨੂੰ ਪ੍ਰਵਾਨ ਹੈ।