ਡਿਫਾਲਟਰ ਹੋਣ ਕਾਰਨ ਸੂਬੇ ਨੂੰ ਸਮੇਂ ਸਿਰ ਨਹੀਂ ਮਿਲ ਰਿਹਾ ਕੋਲਾ : ਪ੍ਰੋ. ਚੰਦੂਮਾਜਰਾ
ਹਫਤੇ ਵਿਚ ਸੁਧਾਰ ਨਾ ਹੋਇਆ ਤਾਂ ਅਕਾਲੀ ਦਲ ਦੀ ਕੋਰ ਕਮੇਟੀ ਲਵੇਗੀ ਜਨਤਕ ਸੰਘਰਸ਼ ਬਾਰੇ ਫੈਸਲਾ
ਚੰਡੀਗੜ੍ਹ, 12 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਪ੍ਰਸ਼ਾਸਨਿਕ ਗੈਰ ਸੰਜੀਦਗੀ ਤੇ ਪ੍ਰਸ਼ਾਸਨਿਕ ਢਿੱਲ ਕਾਰਨ ਮੌਜੂਦਾ ਸੰਕਟ ਬਣਿਆ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੀਤੀ ਮੀਟਿੰਗ ਵਿਚ ਇਹ ਮਾਮਲਾ ਨਾ ਚੁੱਕਣਾ ਸਰਕਾਰ ਦੀ ਲਾਪਰਵਾਹੀ ਦਾ ਸੂਚਕ ਹੈ।
ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਤੇ ਸਰਕਾਰ ਸਿਖ਼ਰਲੀ ਕੁਰਸੀ ਦੀ ਲੜਾਈ ਵਿਚ ਰੁੱਝੇ ਹੋਏ ਹਨ ਤੇ ਬਿਜਲੀ ਸੰਕਟ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਚੰਨੀ ਵੱਲੋਂ ਪ੍ਰਧਾਨ ਮੰਤਰੀ ਨੁੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਪਰ ਉਸ ਮੀਟਿੰਗ ਵਿਚ ਜੇਕਰ ਇਹ ਮਾਮਲਾ ਚੁੱਕਿਆ ਹੁੰਦਾ ਤਾਂ ਸ਼ਾਇਦ ਮੌਜੂਦਾ ਬਿਜਲੀ ਸੰਕਟ ਨਾ ਉਪਜਦਾ।
ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕੋਲਾ ਸੰਕਟ ਇਸ ਕਾਰਨ ਬਣਿਆ ਹੈ ਕਿਉਂਕਿ ਬਿਜਲੀ ਨਿਗਮ ਕੋਲ ਇੰਡੀਆ ਲਿਮਟਿਡ ਦੀ ਡਿਫਾਲਟਰ ਹੈ। ਉਹਨਾਂ ਕਿਹਾ ਕਿ ਕੋਲਾ ਸਪਲਾਈ ਦੇ ਨਿਯਮ ਸਪਸ਼ਟ ਹਨ ਕਿ ਜੋ ਪਹਿਲਾਂ ਐਡਵਾਂਸ ਅਦਾਇਗੀ ਕਰਦੇ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਕੋਲਾ ਮਿਲਦਾ ਹੈ, ਜੋ ਸਪਲਾਈ ਹੋਣ ’ਤੇ ਤੁਰੰਤ ਅਦਾਇਗੀ ਕਰਦੇ ਹਨ, ਉਹਨਾਂ ਨੂੰ ਦੂਜੀ ਤਰਜੀਹ ਮਿਲਦੀ ਹੈ ਤੇ ਫਿਰ ਅਖੀਰ ਵਿਚ ਡਿਫਾਲਟਰਾਂ ਨੁੰ ਕੋਲਾ ਸਪਲਾਈ ਮਿਲਦੀ ਹੈ। ਉਹਨਾਂ ਕਿਹਾ ਕਿ ਬਿਜਲੀ ਨਿਗਮ ਕੋਲ ਇੰਡੀਆ ਲਿਮਟਿਡ ਦੀ ਕਰੋੜਾਂ ਦੀ ਕਰਜ਼ਈ ਹੈ ਜਿਸ ਕਾਰਨ ਪੰਜਾਬ ਨੁੰ ਕੋਲਾ ਦੇਰੀ ਨਾਲ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜਿਥੇ ਬਿਜਲੀ ਨਿਗਮ ਕੋਲ ਇੰਡੀਆ ਦੀ ਕਰਜ਼ਈ ਹੈ, ਉਥੇ ਹੀ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਦੇ ਹਜ਼ਾਰਾਂ ਕਰੋੜ ਰੁਪਏ ਦੇਣੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਦੇ 3600 ਕਰੋੜ ਰੁਪਏ ਦੇਣੇ ਹਨ ਜਦਕਿ 2000 ਕਰੋੜ ਰੁਪਏ ਸਰਕਾਰੀ ਦਫਤਰਾਂ ਦੇ ਬਿੱਲਾਂ ਦੀ ਅਦਾਇਗੀ ਬਕਾਇਆ ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਬਿਜਲੀ ਨਿਗਮ ਦਾ ਡਿਫਾਲਟਰ ਹੋਣਾ ਕੁਦਰਤੀ ਹੈ।
ਉਹਨਾਂ ਕਿਹਾ ਕਿ ਸੁਬਾ ਸਰਕਾਰ ਦੀ ਅਣਗਹਿਲੀ ਦੇ ਕਾਰਨ ਅੱਜ ਸੁਬਾ ਬਿਜਲੀ ਦੇ ਸੰਕਟ ਵਿਚ ਗ੍ਰਸਤ ਹੋਹਿਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਹੀ ਸਰਕਾਰੀ ਖ਼ਜ਼ਾਨੇ ’ਤੇ ਬੋਝ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬਿਜਲੀ ਨਿਗਮ ਬਿਜਲੀ ਖਰੀਦਣ ਲਈ ਮਜਬੂਰ ਹੈ ਕਿ ਕੱਲ੍ਹ 14 ਰੁਪਏ 46 ਪੈਸੇ ਪ੍ਰਤੀ ਯੁਨਿਟ ਦੀ ਦਰ ’ਤੇ 1450 ਮੈਗਾਵਾਟ ਬਿਜਲੀ ਖਰੀਦੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ 250 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਹੈ ਤੇ ਇਹ ਕਰੋੜਾਂ ਰੁਪਏ ਦਾ ਬੋਝ ਸਰਕਾਰੀ ਖ਼ਜ਼ਾਨੇ ’ਤੇ ਪੈ ਰਿਹਾ ਹੈ ਜੋ ਅਖੀਰ ਵਿਚ ਲੋਕਾਂ ਸਿਰ ਪਵੇਗਾ।
ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਪਸ਼ਟ ਕੀਤਾ ਹੈ ਕਿ 430 ਲੱਖ ਟਨ ਕੋਲਾ ਭੰਡਾਰ ਵਿਚ ਪਿਆ ਹੈ ਤੇ ਕੋਲੇ ਦੀ ਕੋਈ ਕਮੀ ਨਹੀਂ ਹੈ ਪਰ ਪੰਜਾਬ ਸਰਕਾਰ ਮਾਪਦੰਡ ਪੂਰੇ ਨਾ ਕਰਦੇ ਹੋਣ ਕਾਰਨ ਕੋਲਾ ਪ੍ਰਾਪਤ ਕਰਨ ਵਿਚ ਨਾਕਾਮ ਹੈ।
ਉਹਨਾਂ ਕਿਹ ਕਿ ਬਿਜਲੀ ਅੱਜ ਜੀਵਨ ਵਾਸਤੇ ਬੇਹੱਦ ਜ਼ਰੂਰ ਹੈ ਤੇ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਵਿਚ ਬਿਜਲੀ ਨਾ ਮਿਲਣ ਕਾਰਨ 20 ਫੀਸਦੀ ਬਾਸਮਤੀ ਸਿੰਜਾਈ ਨਾ ਹੋਣ ਕਾਰਨ ਪ੍ਰਭਾਵਤ ਹੋ ਰਹੀ ਹੈ ਤੇ ਕਣਕ ਦੀ ਬਿਜਾਈ ’ਤੇ ਅਸਰ ਪੈਣ ਦਾ ਖਦਸ਼ਾ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਫੈਸਲਾ ਕਰੇਗਾ ਕਿ ਜੇਕਰ ਬਿਜਲੀ ਦਾ ਹਫਤੇ ਵਿਚ ਸੁਧਾਰ ਨਾ ਹੋਇਆ, ਕੋਲੇ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਸੜਕਾਂ ’ਤੇ ਆਵੇਗਾ।
ਉਹਨਾਂ ਨੇ ਸਰਕਾਰ ਨੂੰ ਫਜ਼ੂਲ ਖਰਚੇ ਬੰਦ ਕਰ ਕੇ ਡਿਫਾਲਟਰਾਂ ਦੀ ਸੂਚੀ ਵਿਚੋਂ ਨਿਕਲਣ ਲਈ ਕੰਮ ਕਰਨ ਵਾਸਤੇ ਆਖਿਆ। ਉਹਨਾਂ ਕਿਹਾ ਕਿ ਕੁਰਸੀ ਦੀ ਲੜਾਈ ਵਿਚ ਵਾਰ ਵਾਰ ਚਾਰਟਡ ਜਹਾਜ਼ ਲੈਣੇ ਤੇ ਹੈਲੀਕਾਪਟਰ ਦੀ ਵਰਤੋਂ ਕਦੇ ਛੱਡ ਕੇ ਆਉਣ ਤੇ ਕਦੇ ਲਿਆਉਣ ਲਈ ਕਰਨਾ ਫਜ਼ੂਲ ਖਰਚੀ ਹੈ।
ਮੀਡੀਆ ਵੱਲੋਂ ਮੇਘਾਲਿਆ ਦੀ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੇਘਾਲਿਆ ਵਿਚ ਸਿੱਖਾਂ ਦਾ ਉਜਾੜਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਥੇ ਵੱਸ ਰਹੇ ਸਿੱਖ ਲੰਬੇ ਸਮੇਂ ਤੋਂ ਉਥੇ ਹੀ ਬੈਠੇ ਹਨ ਤੇ ਪਹਿਲਾਂ 1987 ਤੇ ਫਿਰ 2012 ਵਿਚ ਇਸ ਬਾਰੇ ਨਿਬੇੜਾ ਹੋ ਚੁੱਕਾ ਹੈ ਤੇ ਹੁਣ ਨਵੇਂ ਸਿਰੇ ਤੋਂ ਲੈਂਡ ਮਾਫੀਆ ਦੇ ਪ੍ਰਭਾਵ ਹੇਠ ਮੁੱਦਾ ਮੁੜ ਉਠਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਵਿਚ ਘੱਟ ਗਿਣਤੀਆਂ ਵਿਚ ਡਰ ਤੇ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਬੇਹੱਦ ਮੰਦਭਾਗੀ ਹੈ।