ਅਕਾਲੀ ਦਲ ਦੇ ਪ੍ਰਧਾਨ ਨੇ ਜਾਖੜ ਦੁਆਰਾ ਦਰਜ ਕਰਵਾਏ ਸਾਰੇ ਝੂਠੇ ਪਰਚਿਆਂ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ
ਚੰਡੀਗੜ•/15 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਦੇ ਅੱਤਿਆਚਾਰਾਂ ਤੋਂ ਦੁਖੀ ਲੋਕਾਂ ਨੇ ਅੱਜ ਦੱਸਿਆ ਕਿ ਉਹਨਾਂ ਖ਼ਿਲਾਫ ਵਾਰ ਵਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਮੁਖੀ ਵੱਲੋਂ ਕੀਤੀਆਂ ਸਾਰੀਆਂ ਧੱਕੇਸ਼ਾਹੀਆਂ ਦੀ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਪੀੜਤਾਂ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਖ਼ਿਲਾਫ ਸਿਰਫ ਇਸ ਲਈ ਵਾਰ ਵਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਕਿਉਂਕਿ ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਬੋਹਰ ਹਲਕੇ ਤੋਂ ਭਾਜਪਾ ਉਮੀਦਵਾਰ ਦੀ ਹਮਾਇਤ ਕੀਤੀ ਸੀ। ਸ੍ਰੀ ਜਾਖੜ ਅਬੋਹਰ ਸੀਟ ਤੋਂ ਲੜੇ ਸਨ ਅਤੇ ਹਾਰ ਗਏ ਸਨ।
ਕਾਰੋਬਾਰੀ ਮਹਿੰਦਰ ਬਾਠਲਾ ਦੇ ਪਰਿਵਾਰ ਵਿਚੋਂ ਨੌਜਵਾਨ ਲੜਕੀਆਂ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਖ਼ਿਲਾਫ ਨਾ ਸਿਰਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਸਗੋਂ ਕਾਂਗਰਸੀ ਗੁੰਡਿਆਂ ਨੇ ਉਹਨਾਂ ਦੀ ਜ਼ਮੀਨ ਉੱਤੇ ਵੀ ਕਬਜ਼ਾ ਕਰ ਲਿਆ ਹੈ। ਬਾਠਲਾ ਦੀ ਬੇਟੀ ਡਾਕਟਰ ਸਲੋਨੀ ਨੇ ਦੱਸਿਆ ਕਿ ਹੁਣ ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਉਹਨਾਂ ਦਾ ਸਾਰਾ ਪਰਿਵਾਰ ਪੰਜਾਬ ਤੋਂ ਬਾਹਰ ਜਾਣ ਬਾਰੇ ਸੋਚ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਇੱਕ ਸਟੇਅ ਆਰਡਰ ਨੂੰ ਜਮ•ਾਂ ਕਰਵਾਉਣ ਦੇ ਝੂਠੇ ਬਹਾਨੇ ਨਾਲ ਸੱਦ ਕੇ ਗਿਰਫਤਾਰ ਕਰ ਲਿਆ।
ਬਾਕੀ ਪੀੜਤਾਂ ਵਿਚ ਸ਼ਾਮਿਲ ਸੁਰੇਸ਼ ਸਚਦੇਵਾ ਦੇ ਪਰਿਵਾਰ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਦਾ ਸਮਰਥਨ ਕਰਨ ਵਾਸਤੇ ਸਚਦੇਵਾ ਨੂੰ ਜਲੀਲ ਕਰਨ ਲਈ ਹੱਥਕੜੀਆਂ ਲਗਾ ਕੇ ਦੋ ਘੰਟੇ ਬਾਜ਼ਾਰ ਵਿਚ ਘੁਮਾਇਆ ਗਿਆ। ਸਚਦੇਵਾ ਦੇ ਸਪੁੱਤਰ ਅਮਿਤ ਨੇ ਦੱਸਿਆ ਕਿ ਹੁਣ ਵੀ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਹਨਾਂ ਨੇ ਝੂਠੇ ਪਰਚਿਆਂ ਤੋਂ ਰਾਹਤ ਲੈਣ ਵਾਸਤੇ ਹਾਈਕੋਰਟ ਵਿਚ ਪਾਏ ਮੁਕੱਦਮੇ ਵਾਪਸ ਨਾ ਲਏ ਤਾਂ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਕਿਹਾ ਕਿ ਜਾਖੜ ਇੰਨੇ ਜ਼ਿਆਦਾ ਅੱਤਿਆਚਾਰ ਕਰ ਰਿਹਾ ਹੈ ਕਿ ਲੋਹੜੀ ਵਾਲੇ ਦਿਨ ਵੀ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰਿਆ ਅਤੇ ਤਿਉਹਾਰ ਦਾ ਸਾਰਾ ਸਮਾਨ ਨਸ਼ਟ ਕਰ ਦਿੱਤਾ।
ਇੱਕ ਹੋਰ ਪੀੜਤ ਸੁਨੀਲ ਗੋਇਲ, ਜੋ ਕਿ ਅਬੋਹਰ ਤੋਂ ਕੌਂਸਲਰ ਹੈ, ਨੇ ਦੱਸਿਆ ਕਿ ਜਾਖੜ ਦੇ ਇਸ਼ਾਰੇ ਉੱਤੇ ਉਸ ਖ਼ਿਲਾਫ ਦਰਜ ਕੀਤੇ ਇੱਕ ਝੂਠੇ ਪਰਚੇ ਕਰਕੇ ਉਸ ਨੂੰ ਪੰਜ ਮਹੀਨੇ ਜੇਲ• ਵਿਚ ਗੁਜ਼ਾਰਨੇ ਪਏ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਇਸ ਮਾਮਲੇ ਵਿਚ ਹਾਈ ਕੋਰਟ ਜਾਵੇਗੀ ਅਤੇ ਜਾਖੜ ਖ਼ਿਲਾਫ ਜਾਂਚ ਦੀ ਮੰਗ ਕਰੇਗੀ।ਉਹਨਾਂ ਅਬੋਹਰ ਵਿਚ ਵੱਡੀ ਗਿਣਤੀ ਵਿਚ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਪਿੱਛੇ ਜਾਖੜ ਦੀ ਭੂਮਿਕਾ ਸਾਹਮਣੇ ਲਿਆਉਣ ਲਈ ਸੀਬੀਆਈ ਜਾਂਚ ਦੀ ਮੰਗ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜ਼ੀਰਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਫਿਰੋਜ਼ਪੁਰ ਰੇਂਜ਼ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ ਵੀ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹਾਲ ਹੀ ਵਿਚ ਜ਼ੀਰਾ ਨੇ ਦੋਸ਼ ਲਾਇਆ ਸੀ ਕਿ ਪੁਲਿਸ ਅਧਿਕਾਰੀ ਨਸ਼ਾ ਤਸਕਰਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਇਕ ਸ਼ਰਾਬ ਦੇ ਠੇਕੇਦਾਰ ਨੇ ਕੁਲਬੀਰ ਜ਼ੀਰਾ ਉਤੇ ਦੋਸ਼ ਲਾਇਆ ਹੈ ਕਿ ਉਹ ਜ਼ੀਰਾ ਹਲਕੇ ਵਿਚ ਸ਼ਰਾਬ ਦਾ ਧੰਦਾ ਚਲਾਉਣ ਲਈ ਉਸ ਤੋਂ ਰਿਸ਼ਵਤ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਸੀਬੀਆਈ ਨੂੰ ਜ਼ੀਰਾ ਅਤੇ ਮੁਖਵਿੰਦਰ ਛੀਨਾ ਦੋਵਾਂ ਦੀ ਜਾਂਚ ਕਰਨੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਅਬੋਹਰ ਵਿਧਾਇਕ ਅਸ਼ਵਨੀ ਗਰਗ ਵੀ ਹਾਜ਼ਿਰ ਸਨ।