ਚੰਡੀਗੜ੍ਹ/11 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ 100 ਸਾਲ ਪਹਿਲਾਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਅੰਦਰ ਘਿਰੇ ਨਿਹੱਥੇ ਨਾਗਰਿਕਾਂ ਉੱਤੇ ਅੰਨ੍ਹਵਾਹ ਗੋਲੀਆਂ ਚਲਾ ਕੇ 400 ਤੋਂ ਵੱਧ ਲੋਕਾਂ ਨੂੰ ਮਾਰਨ ਅਤੇ ਹਜ਼ਾਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਲਈ ਬਰਤਾਨੀਆ ਸਰਕਾਰ ਤੁਰੰਤ ਰਸਮੀ ਤੌਰ ਤੇ ਮੁਆਫੀ ਮੰਗੇ।
ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੈਲਬੀ ਵੱਲੋਂ ਕੱਲ੍ਹ ਜਲ੍ਹਿਆਂਵਾਲਾ ਬਾਗ ਦੇ ਦੌਰੇ ਦੌਰਾਨ ਮੰਗੀ ਸਪੱਸ਼ਟ ਮੁਆਫੀ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹੁਣ ਸਹੀ ਸਮਾਂ ਹੈ ਕਿ ਬਰਤਾਨੀਆ ਸਰਕਾਰ ਇਸ ਘਿਨੌਣੇ ਕਾਰੇ ਲਈ ਮੁਆਫੀ ਮੰਗੇ। ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਮਾਨਸਿਕਤਾ ਉੱਤੇ ਇੱਕ ਪੱਕਾ ਨਿਸ਼ਾਨ ਛੱਡ ਚੁੱਕੀ ਇਸ ਕਤਲੇਆਮ ਦੀ ਘਟਨਾ ਦੀ ਹੁਣ ਜਦੋਂ ਸੌ ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਰਸਮੀ ਮੁਆਫੀ ਮੰਗਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤੀ ਖਾਸ ਕਰਕੇ ਪੰਜਾਬੀ ਅਤੇ ਜਿਹਨਾਂ ਦੇ ਰਿਸ਼ਤੇਦਾਰ ਇਸ ਖੂਨੀ ਸਾਕੇ ਦੌਰਾਨ ਮਾਰੇ ਗਏ ਜਾਂ ਜ਼ਖ਼ਮੀ ਹੋਏ ਸਨ, ਅਜੇ ਆਪਣੇ ਪੁਰਖਿਆਂ ਨਾਲ ਹੋਈ ਇਸ ਜ਼ਿਆਦਤੀ ਦਾ ਬੋਝ ਛਾਤੀਆਂ ਉੱਤੇ ਚੁੱਕੀ ਫਿਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪੀੜ ਉੱਤੇ ਬਰਤਾਨੀਆ ਸਰਕਾਰ ਵੱਲੋਂ ਮੰਗੀ ਸਪੱਸ਼ਟ ਮੁਆਫੀ ਨਾਲ ਹੀ ਮੱਲ੍ਹਮ ਲੱਗ ਸਕਦੀ ਹੈ। ਇਹ ਮੁਆਫੀ ਇਸੇ ਸ਼ਤਾਬਦੀ ਵਰ੍ਹੇ ਦੌਰਾਨ ਮੰਗੀ ਜਾਣੀ ਚਾਹੀਦੀ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕੈਂਟਰਬਰੀ ਦੇ ਆਰਕਬਿਸ਼ਪ ਨੇ ਇਹ ਕਹਿੰਦਿਆਂ ਨਿੱਜੀ ਮੁਆਫੀ ਮੰਗੀ ਹੈ ਕਿ ਬਤੌਰ ਇੱਕ ਧਾਰਮਿਕ ਆਗੂ ਅਤੇ ਈਸਾਈ ਉਹਨਾਂ ਨੂੰ ਇਹ ਘਟਨਾ ਉੱਤੇ ਬਹੁਤ ਸ਼ਰਮ ਆਈ ਹੈ ਕਿ ਜਨਰਲ ਰੇਗੀਨਾਲਡ ਡਾਇਰ ਦੀ ਅਗਵਾਈ ਹੇਠ ਬ੍ਰਿਟਿਸ਼-ਭਾਰਤੀ ਫੌਜ ਨੇ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ ਲੋਕਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਹਰ ਆਮ ਬਰਤਾਨਵੀ ਨਾਗਰਿਕ ਇਸੇ ਤਰ੍ਹਾਂ ਸੋਚਦਾ ਹੈ।ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਇਸ ਭਾਵਨਾ ਨੂੰ ਪਹਿਚਾਣੇ ਅਤੇ ਉਹਨਾਂ ਵੱਲ ਪਿਛਲੀ ਇੱਕ ਸਦੀ ਤੋਂ ਬਕਾਇਆ ਪਈ ਮੁਆਫੀ ਨੂੰ ਰਸਮੀ ਤੌਰ ਤੇ ਮੰਗੇ।