ਚੰਡੀਗੜ੍ਹ, 27 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਗਠਨਾਂ ਨੂੰ ਦੇਸ਼, ਖਾਸ ਤੌਰ ’ਤੇ ਪੰਜਾਬ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਤੇ ਖੇਤੀ ਉਪਜ ਦੇ ਵਪਾਰੀਆਂ ਦੇ ਹਿਤਾਂ ਦੇ ਬਚਾਅ ਵਾਸਤੇ ਇਕਜੁੱਟ ਹੋ ਕੇ ਡੱਟਣ ਦਾ ਸੱਦਾ ਦਿੱਤਾ।
ਸ੍ਰੀ ਬਾਦਲ ਨੇ ਕਿਹਾ ਕਿ ਅਸੀਂ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ ਤੇ ਹੋਰ ਖੇਤੀ ਉਪਜ ਦੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸੇ ਵੀ ਸੰਘਰਸ਼ ਵਿਚ ਸ਼ਾਮਲ ਹੋਣ ਜਾਂ ਇਸਦੇ ਪਿੱਛੇ ਚੱਲਣ ਲਈ ਤਿਆਰ ਹਾਂ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਕੱਲ੍ਹ ਰਾਤ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨ ਡੀ ਏ) ਨਾਲ ਪਾਰਟੀ ਵੱਲੋਂ ਗਠਜੋੜ ਤੋੜਨ ਤੋਂ ਬਾਅਦ ਪਹਿਲੀ ਵਾਰ ਜਨਤਕ ਤਕਰੀਰ ਕੀਤੀ, ਨੇ ਕਿਹਾ ਕਿ ਦੇਸ਼ ਨੂੰ ਕਿਸਾਨਾਂ ਤੇ ਖੇਤ ਮਜ਼ਦੂਰ ਕਿਹੜੇ ਤਰਸਯੋਗ ਹਾਲਾਤ ਵਿਚ ਰਹਿ ਰਹੇ ਹਨ, ਇਹਨਾਂ ਨੂੰ ਸਮਝਣ ਤੇ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਖੇਤੀ ਬਿੱਲ ਵਰਗਾ ਕੁਝ ਵੀ ਨਵਾਂ ਜੋ ਕਿਸਾਨਾਂ ਦੀ ਜਿਣਸ ਪ੍ਰਤੀ ਅਨਿਚਸ਼ਚਿਤਤਾ ਪੈਦਾ ਕਰਦਾ ਹੋਵੇ, ਦਾ ਨਾ ਸਿਰਫ ਅਰਥਚਾਰੇ ’ਤੇ ਤਬਾਹਕੁੰਨ ਅਸਰ ਪਵੇਗਾ ਬਲਕਿ ਇਸਦਾ ਦੇਸ਼ ਦੀ ਸਮਾਜਿਕ ਸਥਿਰਤਾ ’ਤੇ ਵੀ ਅਸਰ ਪਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਆਰਥਿਕ ਹਾਲਾਤ ਸਾਰੇ ਅਰਥਚਾਰੇ ਨੂੰ ਪ੍ਰਭਾਵਤ ਕਰਦੇ ਹਨ। ਇਸ ਲਈ ਸਾਨੂੰ ਦੇਸ਼ ਦੇ ਵਡੇਰੇ ਕੌਮੀ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਸ੍ਰੀ ਬਾਦਲ ਨੇ ਇਹ ਵੀ ਮੁੜ ਦੁਹਰਾਇਆ ਕਿ ਉਹਨਾਂ ਦੀ ਪਾਰਟੀ ਹਰ ਕੀਮਤ ’ਤੇ ਪੰਜਾਬ ਦੀ ਸ਼ਾਂਤੀ, ਫਿਰਕੂ ਸਦਭਾਵਨਾ ਤੇ ਭਾਈਚਾਰਾ ਬਚਾਉਣ ਲਈ ਦ੍ਰਿੜ੍ਹ ਸੰਕਲਪ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਸਾਨੂੰ ਲੋਕਾਂ ਦੇ ਹੱਕਾਂ ਲਈ ਆਪਣੀ ਲੜਾਈ ਸ਼ਾਂਤੀਪੂਰਨ ਤੇ ਲੋਕਤੰਤਰੀ ਰੱਖਣ ਦੇ ਆਪਣੇ ਸਿਧਾਂਤਾਂ ਤੋਂ ਥਿੜਕਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਮੈਂ ਸਾਡੇ ਸੰਘਰਸ਼ ਨੂੰ ਸ਼ਾਂਤੀ ਭੰਗ ਕਰਨ ਦੇ ਨਾਂ ’ਤੇ ਬਦਨਾਮ ਕੀਤੇ ਜਾਣ ਵਿਰੁੱਧ ਚੌਕੰਨਾ ਕਰ ਰਿਹਾ ਹਾਂ ਤੇ ਸਾਨੂੰ ਆਪਣੇ ਸਦੀਆਂ ਪੁਰਾਣੇ ਪੰਜਾਬੀ ਭਾਈਚਾਰੇ ਤੇ ਸ਼ਾਂਤੀਪੂਰਨ ਲੋਕਤੰਤਰੀ ਸੰਘਰਸ਼ ਦੇ ਬਚਾਅ ਲਈ ਵਚਨਬੱਧਤਾ ਹੋਰ ਮਜ਼ਬੂਤ ਕਰਨੀ ਚਾਹੀਦੀ ਹੈ।
ਉਹਨਾਂ ਨੇ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ‘ਕਾਲੇ ਕਾਨੂੰਨਾਂ’ ਤੋਂ ਬਚਾਉਣ ਲਈ ਸਾਰੇ ਸੂਬੇ ਨੂੰ ਕਿਸਾਨਾਂ ਦੀਆਂ ਜਿਣਸਾਂ ਲਈ ਸਰਕਾਰੀ ਮੰਡੀ ਘੋਸ਼ਤ ਕਰਨ।
ਅਕਾਲੀ ਦਲ ਦੇ ਪ੍ਰਧਾਨ ਰੋਪੜ, ਹੁਸ਼ਿਆਰਪੁਰ ਤੇ ਫਗਵਾੜਾ ਵਿਚ ਉਤਸ਼ਾਹਜਨਕ ਵਰਕਰਾਂ ਦੇ ਭਾਰੀ ਇਕੱਠ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਹ ਮੀਟਿੰਗਾਂ 1 ਅਕਤੂਬਰ ਦੇ ਕਿਸਾਨ ਮਾਰਚ ਵਿਚ ਭਰਵੇਂ ਇੱਕਠ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆ ਗਈਆਂ। ਯਾਦ ਰਹੇ ਕਿ ਪੰਜਾਬ ਦੇ ਤਿੰਨਾਂ ਤਖ਼ਤਾਂ ਤੋਂ ਚਲ ਕੇ ਕਿਸਾਨ ਮਾਰਚ ਮੁਹਾਲੀ ਪੁੱਜਣਾ ਹੈ।
ਇਹ ਮਾਰਚ ਸੰਪੰਨ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ’ਤੇ ਮੰਗ ਪੱਤਰ ਸੌਂਪੇਗਾ ਤੇ ਅਪੀਲ ਕਰੇਗਾ ਕਿ ਉਹ ਤਿੰਨ ਖੇਤੀ ਬਿੱਲਾਂ ’ਤੇ ਹਸਤਾਖ਼ਰ ਨਾ ਕਰਨ ਤੇ ਇਹ ਮੁੜ ਵਿਚਾਰ ਲਈ ਸੰਸਦ ਨੂੰ ਭੇਜਣ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਕਿਸਾਨਾਂ ਦੀ ਪਾਰਟੀ ਹੈ। ਭਾਜਪਾ ਦੀ ਲੀਡਰਸ਼ਿਪ ਸਾਡੀਆਂ ਕਿਸਾਨ ਵਿਰੋਧੀ ਬਿੱਲਾਂ ਬਾਰੇ ਵਾਰ ਵਾਰ ਕੀਤੀਆਂ ਗਈਆਂ ਅਪੀਲਾਂ ਨੂੰ ਸੁਣਨ ਲਈ ਤਿਆਰ ਨਹੀਂ ਸੀ। ਨਾ ਹੀ ਉਹਨਾਂ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਤੋਂ ਬਾਹਰ ਕੀਤੇ ਜਾਣ ਬਾਰੇ ਸਾਡੀਆਂ ਅਪੀਲਾਂ ’ਤੇ ਗੌਰ ਕੀਤੀ। ਇਸ ਮਗਰੋਂ ਉਹਨਾਂ ਨਾਲ ਬਣਿਆ ਰਹਿਣਾ ਫਜ਼ੂਲ ਸੀ। ਇਸ ਲਈ ਪਾਰਟੀ ਦੇ ਮੰਤਰੀ ਮੰਡਲ ਵਿਚ ਪ੍ਰਤੀਨਿਧ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਤੇ ਪਾਰਟੀ ਵਰਕਰਾਂ ਤੇ ਆਗੂਆਂ ਸਮੇਤ ਹੋਰ ਆਮ ਲੋਕਾਂ ਨਾਲ ਰਾਇ ਕਰਨ ਤੋਂ ਬਾਅਦ ਅਸੀਂ ਗਠਜੋੜ ਤੋੜਨ ਦਾ ਫੈਸਲਾ ਕੀਤਾ ।
ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨ, ਖੇਤ ਮਜ਼ਦੂਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੱਲ੍ਹ ਵਿਸ਼ਾਲ ਪਰ ਸ਼ਾਂਤੀਪੂਰਨ ਧਰਨੇ ਦਿੱਤੇ ਸਨ। ਉਹਨਾਂ ਕਿਹਾ ਕਿ ਅਸੀਂ ਇਕਜੁੱਟ ਹਾਂ ਤੇ ਅਸੀਂ ਭਾਰਤ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣ ਤੇ ਤਿੰਨੋਂ ਖੇਤੀ ਬਿੱਲ ਰੱਦ ਕਰਨ ਲਈ ਮਜਬੂਰ ਕਰ ਦਿਆਂਗੇ। ਉਹਨਾਂ ਕਿਹਾ ਕਿ ਇਹ ਬਿੱਲ ਸਾਡੀ ਆਵਾਜ਼ ਦਬਾ ਕੇ ਬਹੁਤ ਹੀ ਅੜਬਪੁਣੇ ਵਿਚ ਪਾਸ ਕੀਤੇ ਗਏ।
ਇਸ ਤੋਂ ਪਹਿਲਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿੰਨਾ ਕੇਂਦਰ ਪੰਜਾਬੀਆਂ ਨੂੰ ਦਬਾਉਣ ਦਾ ਯਤਨ ਕਰੇਗਾ, ਅਸੀਂ ਉਨੇ ਹੋਰ ਮਜ਼ਬੂਤ ਤੇ ਦ੍ਰਿੜ੍ਹ ਸੰਕਲਪ ਹੁੰਦੇ ਜਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਰਾਧਾਰ ਬਿਆਨ ਜਾਰੀ ਕਰਨ ’ਤੇ ਉਹਨਾਂ ’ਤੇ ਤਿੱਖਾ ਹਮਲਾ ਬੋਲਦਿਆਂ ਸ੍ਰੀ ਬਾਦਲ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਛੁਪਣਗਾਹ ਵਿਚੋਂ ਬਾਹਰ ਨਿਕਲਣ ਨਾ ਕਿ ਆਪਣੇ ਅਧਿਕਾਰੀਆਂ ਰਾਹੀਂ ਕੀਤੇ ਟਵੀਟਸ ਦ ਪਿੱਛੇ ਲੁੱਕ ਕੇ ਬੈਠੇ ਰਹਿਣ।
ਸ੍ਰੀ ਬਾਦਲ ਨੇ ਕਿਹਾ ਕਿ ਕੇਂਦਰ ਦੇ ਖੇਤੀ ਬਿੱਲਾਂ ਵਿਚ ਵੀ ਉਹੀ ਮੱਦਾਂ ਸ਼ਾਮਲ ਹਨ ਜੋ ਕਾਂਗਰਸ ਪਾਰਟੀ ਦੇ 2017 ਦੀਆਂ ਵਿਧਾਨ ਸਭਾ ਚੋਣਾਂ ਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਦੇ ਚੋਣ ਮਨੋਰਥ ਪੱਤਰਾਂ ਵਿਚ ਵਾਅਦੇ ਕੀਤੇ ਗਏ ਸੀ । ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਅਮਰਿੰਦਰ ਸਿੰਘ ਹੋਰ ਸਾਰੇ ਵਾਅਦਿਆਂ ਤੋਂ ਮੁਕਰ ਗਏ ਪਰ ਉਹਨਾਂ ਕਿਸਾਨਾਂ ਦੇ ਖਿਲਾਫ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਮੱਦਾਂ ਵਾਲਾ ਵਾਅਦਾ ਪੂਰਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਕੀਤੀ ਗਈ ਸੋਧ ਰੱਦ ਕਰਨ ਕਿਉਂਕਿ ਇਹ ਕਾਂਗਰਸ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਕੀਤੀਆਂ ਗਈਆਂ ਸੋਧਾਂ ਹਨ।