ਚੰਡੀਗੜ•, 18 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਨਛੱਤਰ ਸਿੰਘ ਗਿੱਲ ਨੂੰ ਪਾਰਟੀ ਦੇ ਆਈ ਟੀ ਵਿੰਗ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਹੈ।
ਸ੍ਰੀ ਨਛੱਤਰ ਸਿੰਘ ਗਿੱਲ ਦੀ ਮੁੜ ਨਿਯੁਕਤੀ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦਾ ਇਕ ਹਿੱਸਾ ਹੈ ਜਿਸ ਤਹਿਤ ਪਿਛਲੇ ਹਫਤੇ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਸੀ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਛੱਤਰ ਸਿੰਘ ਗਿੱਲ ਨੇ ਪਿਛਲੇ ਡੇਢ ਸਾਲਾਂ ਦੌਰਾਨ ਆਈ ਟੀ ਵਿੰਗ ਦੇ ਪ੍ਰਧਾਨ ਵਜੋਂ ਬਹੁਤ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਤੇ ਉਹਨਾਂ ਦੀ ਅਹੁਦੇ 'ਤੇ ਮੁੜ ਨਿਯੁਕਤੀ ਸੋਸ਼ਲ ਮੀਡੀਆ 'ਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਸਹਿਜ ਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਸ੍ਰੀ ਗਿੱਲ ਸਖ਼ਤ ਮਿਹਨਤ ਜਾਰੀ ਰੱਖਦਿਆਂ ਪਾਰਟੀ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਇਸਦੀ ਸਿਆਸੀ ਸੋਚ ਦਾ ਲੋਕਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕਰਨਗੇ।