ਚੰਡੀਗੜ੍ਹ/17 ਜਨਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਇਤਿਹਾਸਕਾਰ, ਵਿਦਵਾਨ ਅਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਹਾਂਸ ਸ਼ੈਕਸਪੀਅਰ ਦੀ ਮੁਕੰਮਲ ਰਚਨਾ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਮਾਂ-ਬੋਲੀ ਦੀ ਵੱਡਮੁੱਲੀ ਸੇਵਾ ਕਰਨ ਲਈ ਜਾਣੇ ਜਾਂਦੇ ਸਨ।
ਮਸ਼ਹੂਰ ਪੱਤਰਕਾਰ ਨਾਨਕੀ ਹਾਂਸ ਸਮੇਤ ਸਮੁੱਚੇ ਪੀੜਤ ਪਰਿਵਾਰ ਨੂੰ ਭੇਜੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪ੍ਰੋਫੈਸਰ ਹਾਂਸ ਵੱਲੋਂ ਆਪਣੀ ਮਾਂ ਬੋਲੀ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਅਤੇ ਚੰਡੀਗੜ੍ਹ ਸਾਹਿਤਿਯ ਅਕਾਦਮੀ ਇਨਾਮ ਜੇਤੂ ਪ੍ਰੋਫੈਸਰ ਹਾਂਸ 70 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ ਸੀ, ਜਿਹਨਾਂ ਵਿਚੋਂ ਉਹਨਾਂ ਦੀ ਪੁਸਤਕ 'ਮਿੱਟੀ ਦੀ ਢੇਰੀ' ਦੀ ਬਹੁਤ ਜ਼ਿਆਦਾ ਚਰਚਿਤ ਹੋਈ ਸੀ। ਇੰਨਾ ਹੀ ਨਹੀਂ ਪ੍ਰੋਫੈਸਰ ਹਾਂਸ ਵਿਗਿਆਨਕ ਰੁਚੀਆਂ ਦੇ ਵੀ ਮਾਲਕ ਸਨ ਅਤੇ ਉਹਨਾਂ ਨੇ ਡਾਰਵਿਨ ਦੀ ਕਿਤਾਬ 'ਓਰੀਜਨ ਆਫ ਸਪੀਸੀਜ਼' ਦਾ ਅਨੁਵਾਦ ਕੀਤਾ ਸੀ।
ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਬਾਦਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।