ਕਿਹਾ ਕਿ ਪੁਲਿਸ ਜਾਂਚ-ਪੜਤਾਲ ਦੀ ਬਜਾਇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਦੀ ਆਗਿਆ ਪੰਚਾਇਤਾਂ/ਕੌਂਸਲਰਾਂ ਨੂੰ ਦਿੱਤੀ ਜਾਵੇ
ਚੰਡੀਗੜ੍ਹ/15 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੋਵੇਂ ਦੇਸ਼ਾਂ ਵਿਚਕਾਰ ਸਹੀਬੰਦ ਹੋਏ ਐਮਓਯੂ ਵਿਚ ਸੋਧ ਕਰਨ ਲਈ ਪਾਕਿਸਤਾਨ ਨੂੰ ਬੇਨਤੀ ਕਰਨ ਅਤੇ ਇਸ ਸਮਝੌਤੇ ਵਿੱਚੋਂ ਉਸ ਸ਼ਰਤ ਨੂੰ ਹਟਾ ਦੇਣ, ਜਿਹੜੀ ਕਰਤਾਰਪੁਰ ਲਾਂਘੇ ਦਾ ਇਸਤੇਮਾਲ ਕਰਨ ਵਾਲੇ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਬਣਾਉਂਦੀ ਹੈ। ਇਸ ਤੋਂ ਇਲਾਵਾ ਉਹ ਜਾਂਚ-ਪੜਤਾਲ ਅਤੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਸੌਖੀ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕਣ।
ਇਸ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਲੱਖਾਂ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ, ਪਰ ਉਹਨਾਂ ਲਈ ਦਸਤਾਵੇਜ਼ਾਂ ਦੀ ਜਾਂਚ ਦੀ ਪੇਚੀਦਾ ਪ੍ਰਕਿਰਿਆ ਅਤੇ ਪਾਸਪੋਰਟ ਦੀ ਲਾਜ਼ਮੀ ਸ਼ਰਤ ਇਸ ਪਾਵਨ ਤੀਰਥ ਅਸਥਾਨ ਦੀ ਯਾਤਰਾ ਦੇ ਰਾਹ ਵਿਚ ਵੱਡਾ ਅੜਿੱਕਾ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਬਜਾਇ ਸਿਰਫ ਸੈਕੜਿਆਂ ਦੀ ਗਿਣਤੀ ਵਿਚ ਹੀ ਸ਼ਰਧਾਲੂ ਇਸ ਤੀਰਥ ਅਸਥਾਨ ਦੀ ਯਾਤਰਾ ਲਈ ਜਾ ਰਹੇ ਹਨ, ਕਿਉਂਕਿ ਤੀਰਥ ਯਾਤਰਾ ਉੱਤੇ ਜਾਣ ਦੇ ਚਾਹਵਾਨ ਜ਼ਿਆਦਾਤਰ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ। ਸ਼ਰਧਾਲੂ ਇਸ ਸ਼ਰਤ ਨੂੰ ਤੁਰੰਤ ਹਟਾਉਣ ਦੀ ਮੰਗ ਕਰ ਰਹੇ ਹਨ।
ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਸਰਕਾਰ ਵਿਚਕਾਰ ਸਹੀਬੰਦ ਹੋਏ ਸਮਝੌਤੇ ਅਨੁਸਾਰ ਸ਼ਰਧਾਲੂਆਂ ਕੋਲ ਇਸ ਯਾਤਰਾ ਲਈ ਪਾਸਪੋਰਟ ਹੋਣਾ ਲਾਜ਼ਮੀ ਹੈ, ਜਦਕਿ ਪਾਸਪੋਰਟ ਉੱਤੇ ਕੋਈ ਮੋਹਰ ਨਹੀਂ ਲਾਈ ਜਾ ਰਹੀ ਹੈ ਅਤੇ ਸਾਰੇ ਸ਼ਰਧਾਲੂਆਂ ਨੂੰ ਆਮਦ/ ਵਾਪਸੀ ਲਈ ਇੱਕ ਸਲਿੱਪ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਸਪੋਰਟ ਦੀ ਲੋੜ ਇਸ ਲਈ ਨਹੀਂ ਹੈ ਕਿਉਂਕਿ ਸ਼ਰਧਾਲੂਆਂ ਨੂੰ ਸਿਰਫ ਗੁਰਦੁਆਰਾ ਦਰਬਾਰ ਸਾਹਿਬ ਤਕ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਸਰਦਾਰ ਬਾਦਲ ਕਿਹਾ ਕਿ ਇਸ ਮੁੱਦੇ ਉੁੱਤੇ ਪਾਕਿਸਤਾਨ ਵੱਲੋਂ ਵੀ ਬੇਲੋੜਾ ਭੰਬਲਭੂਸਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਐਲਾਨ ਕਰ ਚੁੱਕਿਆ ਹੈ ਕਿ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ ਜਦਕਿ ਫੌਜੀ ਪ੍ਰਸਾਸ਼ਨ ਦਾ ਇਹ ਕਹਿਣਾ ਹੈ ਕਿ ਇਹ ਇੱਕ ਅਗਾਂਊ-ਸ਼ਰਤ ਹੈ ਅਤੇ ਉਹਨਾਂ ਵੱਲੋਂ ਸਿਰਫ ਪਾਸਪੋਰਟ ਵਾਲੇ ਸ਼ਰਧਾਲੂਆਂ ਨੂੰ ਹੀ ਇਹ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਵੱਲੋਂ ਉਹਨਾਂ ਨੂੰ ਮਿਲ ਕੇ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਲੋਕੀਂ ਖਾਸ ਕਰਕੇ ਬਜ਼ੁਰਗ ਇਹ ਮਹਿਸੂਸ ਕਰਦੇ ਹਨ ਕਿ ਪਾਸਪੋਰਟ ਬਣਾਉਣਾ ਇੱਕ ਵਾਧੂ ਦਾ ਖਰਚਾ ਹੈ, ਕਿਉਂਕਿ ਉਹਨਾਂ ਵੱਲੋਂ ਵਿਦੇਸ਼ ਯਾਤਰਾ ਲਈ ਇਸ ਦਾ ਇਸਤੇਮਾਲ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਾਸਪੋਰਟ ਬਣਾਉਣ ਵਿਚ ਬਹੁਤ ਸਾਰਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ,ਕਿਉਂਕਿ ਇੱਕ ਵਿਅਕਤੀ ਦੇ ਪਾਸਪੋਰਟ ਉੱਤੇ ਕਰੀਬ ਦੋ ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਓ ਤਾਂ ਕਿ ਦੋਹਾਂ ਦੇਸ਼ਾਂ ਵਿਚ ਹੋਏ ਸਮਝੌਤੇ ਵਿਚ ਸੋਧ ਕੀਤੀ ਜਾ ਸਕੇ ਅਤੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ।
ਸਰਦਾਰ ਬਾਦਲ ਨੇ ਇਹ ਵੀ ਬੇਨਤੀ ਕੀਤੀ ਕਿ ਸ਼ਰਧਾਲੂਆਂ ਨੂੰ ਪਹਿਚਾਣ ਪੱਤਰ ਵਜੋਂ ਪਾਸਪੋਰਟਾਂ ਦੀ ਬਜਾਇ ਆਧਾਰ ਕਾਰਡ ਵਰਗੇ ਸਬੂਤ ਲਿਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਯਾਤਰਾ ਲਈ ਰਜਿਸਟਰੇਸ਼ਨ ਕਰਾਉਣ ਦੀ ਪ੍ਰਕਿਰਿਆ ਵੀ ਸੌਖੀ ਬਣਾਈ ਜਾ ਸਕਦੀ ਹੈ। ਇਸ ਵਾਸਤੇ ਇਕ ਮੋਬਾਇਲ ਐਪ ਤਿਆਰ ਕੀਤਾ ਜਾ ਸਕਦਾ ਹੈ ਅਤੇ ਸਪੈਸ਼ਲ ਕਾਊਂਟਰ ਬਣਾਏ ਜਾ ਸਕਦੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਪੁਲਿਸ ਜਾਂਚ-ਪੜਤਾਲ ਵੀ 10 ਤੋ ਵੱਧ ਦਿਨ ਲੈ ਰਹੀ ਹੈ। ਜਮ੍ਹਾਂ ਕਰਵਾਏ ਜਾਣ ਤੋਂ ਪਹਿਲਾਂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਦੀ ਅਥਾਰਟੀ ਪਿੰਡ ਦੀ ਪੰਚਾਇਤ/ਵਾਰਡ ਕੌਂਸਲਰ ਨੂੰ ਦੇ ਕੇ ਇਸ ਪ੍ਰਕਿਰਿਆ ਨੂੰ ਵੀ ਸੌਖਾ ਬਣਾਇਆ ਜਾ ਸਕਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਪੱਕਾ ਭਰੋਸਾ ਹੈ ਕਿ ਜੇਕਰ ਇਹ ਸਾਰੇ ਕਦਮ ਚੁੱਕੇ ਜਾਂਦੇ ਹਨ ਤਾਂ ਲੱਖਾਂ ਸ਼ਰਧਾਲੂ ਇਸ ਪਾਵਨ ਅਸਥਾਨ ਦੀ ਯਾਤਰਾ ਕਰਨਗੇ। ਉਹਨਾਂ ਕਿਹਾ ਕਿ ਲੋਕਾਂ ਵਿਚ ਇਸ ਤੀਰਥ ਅਸਥਾਨ ਦੀ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਅਤੇ ਕਰਤਾਰਪੁਰ ਲਾਂਘੇ ਦਾ ਇਸਤੇਮਾਲ ਕਰਨ ਦੀ ਉਮੀਦ ਨਾਲ ਪਿਛਲੇ ਕੁੱਝ ਦਿਨਾਂ ਦੌਰਾਨ ਹਜ਼ਾਰਾਂ ਲੋਕੀਂ ਡੇਰਾ ਬਾਬਾ ਨਾਨਕ ਜਾ ਚੁੱਕੇ ਹਨ।
ਸਰਦਾਰ ਬਾਦਲ ਨੇ ਸ੍ਰੀ ਮੋਦੀ ਦੀ ਲੀਡਰਸ਼ਿਪ ਅਧੀਨ ਭਾਰਤ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਲ ਜੋੜਣ ਲਈ ਕਰਤਾਰਪੁਰ ਲਾਂਘਾ ਬਣਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਹ ਸਿੱਖਾਂ ਦੀ ਇੱਕ ਚਿਰੋਕਣੀ ਮੰਗ ਸੀ ਅਤੇ ਇਸ ਲਾਂਘੇ ਨਾਲ ਸਿੱਖਾਂ ਦੀ ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਕੋਲੋਂ ਵਿਛੋੜੇ ਗਏ ਸਾਰੇ ਗੁਰਧਾਮਾਂ ਦੇ ਖੁੱæਲ੍ਹੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਮਿਹਰ ਨਾਲ ਐਨਡੀਏ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦਾ ਪਾਕਿਸਤਾਨ ਦੀ ਸਰਕਾਰ ਨੇ ਵੀ ਉਸੇ ਉਤਸ਼ਾਹ ਨਾਲ ਸਾਥ ਦਿੱਤਾ ਹੈ।