ਕਿਹਾ ਕਿ ਉਹ ਮੁੱਖ ਮੰਤਰੀ ਦੀ ਪਰੇਸ਼ਾਨੀ ਸਮਝ ਸਕਦੇ ਹਨ ਕਿ ਉਸ ਦੇ ਚਹੇਤੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਰਹੇ ਹਨ ਅਤੇ ਉਸ ਦੀ ਕੁਰਸੀ ਖ਼ਤਰੇ 'ਚ ਹੈ
ਅਮਰਿੰਦਰ ਨੂੰ ਉਸ ਵੱਲੋਂ ਕੀਤਾ ਇੱਕ ਵੀ ਵਿਕਾਸ ਕਾਰਜ ਗਿਣਾਉਣ ਦੀ ਚੁਣੌਤੀ ਦਿੱਤੀ
ਚੰਡੀਗੜ੍ਹ/20 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਦੁਹਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਉਹ ਪੰਜਾਬ ਵਿਚ ਚਾਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਉਸ ਦੀ ਸਰਕਾਰ ਉੱਤੇ ਰੈਫਰੰਡਮ ਕਰਾਰ ਦੇਣ ਤੋਂ ਡਰਦਾ ਹੈ, ਕਿਉਂਕਿ ਉਸ ਨੂੰ ਸਾਹਮਣੇ ਹਾਰ ਦਿਸਦੀ ਹੈ।
ਮੁੱਖ ਮੰਤਰੀ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੈਂ ਤੁਹਾਡੀ ਪਰੇਸ਼ਾਨੀ ਨੂੰ ਸਮਝ ਸਕਦਾ ਹਾਂ। ਦਾਖਾ ਦੇ ਅਖੌਤੀ ਜੂਨੀਅਰ ਕੈਪਟਨ ਸਮੇਤ ਤੁਹਾਡੇ ਸਾਰੇ ਚਹੇਤੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਰਹੇ ਹਨ। ਤੁਹਾਡੇ ਵੱਲੋਂ ਕੱਢੇ ਤਿੰਨੇ ਰੋਡ ਸ਼ੋਆਂ 'ਚ ਸ਼ਾਮਿਲ ਨਾ ਹੋ ਕੇ ਪੰਜਾਬੀਆਂ ਨੇ ਤੁਹਾਡੇ ਵੱਲ ਪਿੱਠ ਘੁਮਾ ਲਈ ਹੈ। ਤੁਸੀਂ ਜਾਣਦੇ ਹੋ ਕਿ ਚੋਣ ਨਤੀਜੇ ਆਉਂਦੇ ਹੀ ਤੁਹਾਡੀ ਲੀਡਰਸ਼ਿਪ ਲਈ ਖਤਰਾ ਖੜ੍ਹਾ ਹੋ ਜਾਵੇਗਾ। ਤੁਹਾਨੂੰ ਵਿਕਾਸ ਸੰਬੰਧੀ ਕੀਤੇ ਦਾਅਵਿਆਂ ਦਾ ਤਰਕਸੰਗਤ ਜੁਆਬ ਦੇਣਾ ਪੈਣਾ ਹੈ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਤੁਸੀਂ ਇੱਕ ਵੀ ਵਿਕਾਸ ਕਾਰਜ ਨਹੀਂ ਕੀਤਾ ਹੈ।
ਕੈਪਟਨ ਅਮਰਿੰਦਰ ਨੂੰ ਝੂਠ ਦੇ ਰੌਲੇ ਦੀ ਆੜ 'ਚ ਲੁਕਣ ਤੋਂ ਵਰਜਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਪਿਛਲੇ ਤਿੰਨ ਸਾਲ ਵਿਚ ਤਾਹਡੇ ਦੁਆਰਾ ਕੀਤਾ ਇੱਕ ਵੀ ਵਿਕਾਸ ਕਾਰਜ ਗਿਣਾਓ। ਜੇਕਰ ਤੁਸੀਂ ਕੁੱਝ ਕੀਤਾ ਹੁੰਦਾ ਤਾਂ ਤੁਸੀਂ ਅੱਜ ਉਸ ਦਾ ਜ਼ਿਕਰ ਕਰਨਾ ਸੀ। ਇਸ ਦੀ ਬਜਾਇ ਤੁਸੀਂ ਆਪਣੀ ਆਦਤ ਅਨੁਸਾਰ ਝੂਠ ਅਤੇ ਫਰੇਬ ਨਾਲ ਸੱਚ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਹਥਕੰਡਾ ਤੁਹਾਡਾ ਬੇੜਾ ਪਾਰ ਨਹੀਂ ਲਾਵੇਗਾ।ਤੁਸੀਂ ਸ੍ਰੀ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਝੂਠੀ ਸਹੁੰ ਖਾ ਕੇ ਇੱਕ ਵਾਰ ਪੰਜਾਬੀਆਂ ਨੂੰ ਮੂਰਖ ਬਣਾ ਚੁੱਕੇ ਹੋ। ਲੋਕ ਦੁਬਾਰਾ ਨਹੀਂ ਠੱਗੇ ਜਾਣਗੇ।ਉਹ ਤੁਹਾਡੀ ਕਾਰਗੁਜ਼ਾਰੀ ਨੂੰ ਵੇਖਣਗੇ ਅਤੇ ਕੱਲ੍ਹ ਨੂੰ ਤੁਹਾਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਗੇ।
ਵਿਕਾਸ ਦੇ ਮੁੱਦੇ ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਤੁਹਾਨੂੰ ਜ਼ਮੀਨੀ ਹਕੀਕਤ ਬਾਰੇ ਕੁੱਝ ਨਹੀਂ ਪਤਾ ਅਤੇ ਹਾਲ ਹੀ ਵਿਚ ਤੁਸੀਂ ਸਿਰਫ ਚੋਣ ਪ੍ਰਚਾਰ ਵਾਸਤੇ ਪੰਜਾਬ 'ਚ ਗੇੜੇ ਮਾਰੇ ਹਨ। ਤੁਸੀਂ ਸਮਾਂ ਕੱਢ ਕੇ ਚਾਹੇ ਹੈਲੀਕਾਪਟਰ ਉੱਤੇ ਸਵਾਰ ਹੋ ਕੇ ਹੀ ਸਹੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਵੇਖ ਸਕਦੇ ਹੋ। ਤੁਹਾਨੂੰ ਬਠਿੰਡਾ ਰੀਫਾਈਨਰੀ, ਨਵੇਂ ਥਰਮਲ ਪਲਾਂਟ, ਚਾਰ ਨਵੇਂ ਹਵਾਈ ਅੱਡੇ ਅਤੇ ਮੁਲਾਇਮ ਸੜਕਾਂ ਦਾ ਜਾਲ ਵਿਛਿਆ ਨਜ਼ਰ ਆਵੇਗਾ। ਤੁਹਾਨੂੰ ਪੰਜਾਬ ਵਿਚ ਥਾਂ ਥਾਂ ਬਣਾਏ ਸੇਵਾ ਕੇਂਦਰ ਵੀ ਨਜ਼ਰ ਆਉਣਗੇ, ਜਿਹਨਾਂ ਨੂੰ ਤੁਸੀੰ ਬੰਦ ਕਰ ਚੁੱਕੇ ਹੋ। ਤੁਹਾਨੂੰ ਵਿਰਾਸਤੇ-ਖਾਲਸਾ, ਜੰਗੇ-ਆਜ਼ਾਦੀ ਅਤੇ ਵਾਰ ਮੈਮੋਰੀਅਲ ਵਰਗੀਆਂ ਯਾਦਗਾਰਾਂ ਨਜ਼ਰ ਆਉਣਗੀਆਂ, ਜਿਹਨਾਂ ਨੂੰ ਤੁਸੀਂ ਖੁਦ ਸ਼ਾਨਦਾਰ ਸਮਾਰਕ ਕਹਿ ਚੁੱਕੇ ਹੋ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਸਰਕਾਰ ਵੱਲੋਂ ਕੀਤਾ ਇੱਕ ਵੀ ਵਿਕਾਸ ਕਾਰਜ ਨਜ਼ਰ ਨਹੀਂ ਆਵੇਗਾ।
ਇਹ ਟਿੱਪਣੀ ਕਰਦਿਆਂ ਕਿ ਕੈਪਟਨ ਅਮਰਿੰਦਰ ਬਤੌਰ ਮੁੱਖ ਮੰਤਰੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ, ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਹਰ ਖੇਤਰ ਵਿਚ ਥੱਲੇ ਵੱਲ ਨੂੰ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵਿਸ਼ਵ ਬੈਂਕ ਮੁਤਾਬਿਕ ਕਾਰੋਬਾਰ ਕਰਨ ਦੀ ਸੌਖ ਕੈਟਾਗਰੀ ਵਿਚ ਪਹਿਲੀ ਪੁਜ਼ੀਸ਼ਨਾਂ ਤੋ ਖਿਸਕ ਕੇ 20ਵੇਂ ਸਥਾਨ ਉਤੇ ਪਹੁੰਚ ਚੁੱਕਿਆ ਹੈ, ਅਤੇ ਹੁਣ ਨੀਤੀ ਆਯੋਗ ਦੀ ਤਾਜ਼ਾ ਸੂਚੀ ਅਨੁਸਾਰ ਇਹ ਹੋਰ ਥੱਲੇ ਖਿਸਕ ਕੇ ਝਾਰਖੰਡ ਵਰਗੇ ਸੂਬਿਆਂ ਦੇ ਬਰਾਬਰ ਪੁੱਜ ਗਿਆ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਲੋਕ ਦੁਖੀ ਹੈ ਅਤੇ ਕੈਪਟਨ ਅਮਰਿੰਦਰ ਇੱਕ ਹੋਰ ਚੋਣ ਰਾਹੀਂ ਉਹਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਰਪਾ ਕਰਕੇ ਪੰਜਾਬੀਆਂ ਦੀ ਪੀੜ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੇ ਵੱਲੋਂ ਵਾਅਦਾ ਕਰਕੇ ਵੀ ਕਰਜ਼ੇ ਨਾ ਮੁਆਫ ਕਰਨ ਸਦਕਾ 1400ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਪੰਜਾਬ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਜਿਸ ਕਰਕੇ 500 ਤੋਂ ਵੱਧ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਚੁੱਕੇ ਹਨ। ਤੁਸੀਂ ਲਗਭਗ ਸਾਰੀਆਂ ਸਮਾਜ ਭਲਾਈ ਸਹੂਲਤਾਂ ਬੰਦ ਕਰ ਚੁੱਕੇ ਹੋ। ਤੁਸੀਂ ਸਾਡੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਮਿਡ ਡੇਅ ਮੀਲ ਨਹੀਂ ਦੇ ਰਹੇ ਹੋ। ਤੁਹਾਡੀ ਖੇਡ ਖ਼ਤਮ ਹੋ ਗਈ ਹੈ। ਤੁਸੀਂ ਲੋਕਾਂ ਨੂੰ ਹੁਣ ਹੋਰ ਮੂਰਖ ਨਹੀਂ ਬਣਾ ਸਕਦੇ। ਉਹ ਕੱਲ੍ਹ ਨੂੰ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੌਰਾਨ ਤੁਹਾਨੂੰ ਨਕਾਰ ਦੇਣਗੇ ਅਤੇ ਪੰਜਾਬ ਵਿਚ ਅਗਲੀ ਅਕਾਲੀ-ਭਾਜਪਾ ਸਰਕਾਰ ਨਾਲ ਵਿਕਾਸ ਅਤੇ ਭਾਈਚਾਰਕ ਸਾਂਝ ਦੇ ਦੌਰ ਨੂੰ ਦੁਬਾਰਾ ਸ਼ੁਰੂ ਕਰਨਗੇ।