ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਮੁੱਕੇਬਾਜ਼ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ
ਚੰਡੀਗੜ੍ਹ/11ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਅਕਾਲੀ ਦਲ ਇਸ ਖਿਡਾਰਨ ਦਾ ਸਨਮਾਨ ਕਰੇਗਾ ਅਤੇ ਉਸ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਦੇਵੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿਮਰਨਜੀਤ ਨੇ ਟੋਕਿਓ ਉਲੰਪਿਕ ਲਈ ਕੁਆਈਫਾਈ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਦੇ ਯਤਨਾਂ ਕਰਕੇ ਹੀ ਪੰਜਾਬ ਵਿਚ ਮਹਿਲਾ ਬਾਕਸਿੰਗ ਦੀ ਚਰਚਾ ਹੋਣ ਲੱਗੀ ਹੈ ਅਤੇ ਮੈਨੂੰ ਉਮੀਦ ਹੈ ਕਿ ਹੁਣ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਇਸ ਖੇਡ ਵੱਲ ਪ੍ਰੇਰਿਤ ਹੋਣਗੀਆਂ।
ਸਰਦਾਰ ਬਾਦਲ ਨੇ ਸਿਮਰਨਜੀਤ ਦੇ ਹੌਂਸਲੇ ਅਤੇ ਮਿਹਨਤ ਦੀ ਦਾਦ ਦਿੱਤੀ, ਜਿਸ ਨੇ ਸਹੂਲਤਾਂ ਦੀ ਘਾਟ ਦੇ ਬਾਵਜੂਦ ਲੁਧਿਆਣਾ ਦੇ ਪਿੰਡ ਚਕਰ ਤੋਂ ਉੱਠ ਕੇ ਪੂਰੀ ਦੁਨੀਆਂ ਅੰਦਰ ਆਪਣੀ ਪਹਿਚਾਣ ਬਣਾਈ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਨੂੰ ਇਸ ਪ੍ਰਾਪਤੀ ਲਈ ਸੰਘਰਸ਼ ਕਰਦਿਆਂ ਉਸ ਸਮੇਂ ਇੱਕ ਵੱਡੇ ਸਦਮੇ ਦਾ ਵੀ ਸਾਹਮਣਾ ਕਰਨਾ ਪਿਆ ਸੀ, ਜਦੋਂ ਪਿਛਲੇ ਸਾਲ ਉਸ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਮਰਨਜੀਤ ਨੇ ਏਆਈਬੀਏ ਮਹਿਲਾ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਵਿਚ ਸੂਬੇ ਲਈ ਤਗਮੇਂ ਜਿੱਤੇ ਹਨ। ਮੈਨੂੰ ਯਕੀਨ ਹੈ ਕਿ ਉਹ ਟੋਕਿਓ ਉਲੰਪਿਕ ਵਿਚ ਵੀ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕਰੇਗੀ।