ਕਿਹਾ ਕਿ ਇਹ ਅੰਨਦਾਤਾ ਲਈ ਨਿਆਂ ਹਾਸਲ ਕਰਨ ਵਾਸਤੇ ਲੜਾਈ ਦੀ ਸ਼ੁਰੂਆਤ ਹੈ ਤੇ ਪਾਰਟੀ ਆਉਂਦੇ ਦਿਨਾਂ 'ਚ ਇਸ ਸੰਘਰਸ਼ ਦਾ ਦਾਇਰਾ ਹੋਰ ਵਧਾਏਗੀ
ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ 'ਭਾਈਚਾਰਜਕ ਸਾਂਝ' ਬਣਾਈ ਰੱਖਣ ਲਈ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਏਗਾ
ਚੰਡੀਗੜ•, 2 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਤਿੰਨ ਤਖ਼ਤਾਂ ਤੋਂ ਸ਼ੁਰੂ ਹੋ ਕੇ ਸੂਬੇ ਦੀ ਰਾਜਧਾਨੀ ਵਿਚ ਕੱਲ• ਪੁੱਜੇ ਕਿਸਾਨ ਮਾਰਚ ਵਿਚ ਸ਼ਾਮਲ ਹੋਣ ਤੇ ਇਸਦੀ ਪੂਰਨ ਹਮਾਇਤ ਕਰਨ ਵਾਲੇ ਅਕਾਲੀ ਵਰਕਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ ਤੇ ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਦੇ ਵੀ ਸੂਬੇ ਦੇ ਇਤਿਹਾਸ ਵਿਚ ਇਕ ਪਾਰਟੀ ਦੇ ਪ੍ਰੋਗਰਾਮ ਦਾ ਇਸ ਤਰੀਕੇ ਸਵਾਗਤ ਨਹੀਂ ਕੀਤਾ ਗਿਆ, ਜਿਸ ਤਰੀਕੇ ਇਸ ਕਿਸਾਨ ਮਾਰਚ ਦਾ ਕੀਤਾ ਗਿਆ। ਉਹਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਲਵੰਡੀ ਸਾਬੋ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਏ ਮਾਰਚ ਵਿਚ ਸੂਬੇ ਦੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਤੋਂ ਦੋ ਲੱਖ ਤੋਂ ਵੱਧ ਲੋਕਾਂ ਨੇ ਭਾਗ ਲਿਆ ਤੇ ਮਾਰਚ ਵਿਚ ਚਲ ਰਹੇ ਕਾਫਲਿਆਂ ਦਾ ਸੜਕ ਕੰਢੇ ਖੜ• ਕੇ ਦਿਲੋਂ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਆੜ•ਤੀਆਂ ਦੇ ਹੱਕ ਵਿਚ ਇਸ ਮਾਰਚ ਦੀ ਡਟਵੀਂ ਹਮਾਇਤ ਲਈ ਉਮੜਿਆ ਸੈਲਾਬ ਹੀ ਸੀ ਜਿਸ ਕਾਰਨ ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੂਬੇ ਦੀ ਰਾਜਧਾਨੀ ਵਿਚ ਪੁੱਜਣ ਵਿਚ 13 ਘੰਟੇ ਲੱਗ ਗਏ।
ਸ੍ਰੀ ਬਾਦਲ ਕਿਹਾ ਕਿ ਅਕਾਲੀ ਵਰਕਰਾਂ ਨੇ ਕਿਸਾਨਾਂ ਤੇ ਗਰੀਬਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਅਮੀਰ ਤੇ ਗੌਰਮਵਈ ਪੰਥਕ ਰਵਾਇਤਾਂ 'ਤੇ ਚਲਦਿਆਂ ਇਸ ਮਾਰਚ ਨੂੰ ਡਟਵੀਂ ਹਮਾਇਤ ਦਿੱਤੀ ਹੈ। ਉਹਨਾਂ ਐਲਾਨ ਕੀਤਾ ਕਿ ਇਹ ਅੰਨਦਾਤਾ ਲਈ ਨਿਆਂ ਲੈਣ ਵਾਸਤੇ ਇਹ ਸਾਡੇ ਸੰਘਰਸ਼ ਦੀ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨਾ ਸੁਣੀ ਅਤੇ ਹਾਲ ਹੀ ਵਿਚ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰ ਕੇ ਨਿਆਂ ਨਾ ਦਿੱਤਾ ਤਾਂ ਅਸੀਂ ਇਸ ਲੜਾਈ ਨੂੰ ਹੋਰ ਅੱਗੇ ਵਧਾ ਕੇ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਜਾਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਵੱਲੋਂ ਕਿਸਾਨ ਮਾਰਚ ਨੂੰ ਦਿੱਤੀ ਗੱਡਵੀਂ ਹਮਾਇਤ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਪ੍ਰਚਾਰੇ ਪੰਜਾਬੀਅਤ ਦੇ ਫਲਸਫੇ 'ਤੇ ਡੱਟਿਆ ਰਹੇਗਾ ਜਿਸਦੀ ਬਦੌਲਤ ਦਹਾਕਿਆਂ ਦੀ ਗੜਬੜ ਮਗਰੋਂ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਹੋਈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਸਭ ਕੁਝ ਕਰੇਗਾ ਤੇ ਉਸ ਲਈ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੈ।