ਮੁੱਖ ਮੰਤਰੀ ਨੂੰ ਕਿਹਾ ਕਿ ਵੀਡਿਓ ਸੁਨੇਹਿਆਂ ਰਾਹੀਂ ਪ੍ਰਚਾਰ ਕਰਨ ਦੀ ਬਜਾਇ ਆਪਣੀ ਪਾਰਟੀ ਨੂੰ ਪੂਰੀ ਦੁਨੀਆਂ ਵਿਚ ਸਿੱਖਾਂ ਦਾ ਅਕਸ ਖਰਾਬ ਕਰਨ ਤੋਂ ਰੋਕੋ
ਚੰਡੀਗੜ੍ਹ/04 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖਾਂ ਖਾਸ ਕਰਕੇ ਸ਼ਰਧਾਵਾਨ ਅਤੇ ਨਿਰਦੋਸ਼ ਸਿੱਖ ਸ਼ਰਧਾਲੂਆਂ ਨੂੰ ਕੋਰੋਨਾਵਾਇਰਸ ਫੈਲਾਉਣ ਦੇ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਲਈ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ ਸਖ਼ਤ ਝਾੜ ਪਾਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕੋਰੋਨਾਵਾਇਰਸ ਇੱਕ ਗਲੋਬਲ ਬੀਮਾਰੀ ਹੈ ਅਤੇ ਦਿਗਵਿਜੈ ਦਾ ਬਿਆਨ ਸਿੱਖਾਂ ਨੂੰ ਕੋਰੋਨਾਵਾਇਰਸ ਫੈਲਾਉਣ ਵਾਲਿਆਂ ਵਜੋਂ ਪੂਰੀ ਦੁਨੀਆਂ ਵਿਚ ਬਦਨਾਮ ਕਰੇਗਾ। ਉਹਨਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਹਿੱਸਾ ਹੈ, ਜਿਹੜੀ ਦੁਨੀਆਂ ਵਿਚ ਵਾਪਰਨ ਵਾਲੀ ਹਰ ਕੁਦਰਤੀ ਬਿਪਤਾ ਅਤੇ ਬੁਰਾਈ ਪਿੱਛੇ ਇੱਕ ਸਿੱਖ ਨੂੰ ਦੋਸ਼ੀ ਵਜੋਂ ਵੇਖਦੀ ਹੈ। ਉਹਨਾਂ ਕਿਹਾ ਕਿ ਇਸੇ ਮਾਨਸਿਕਤਾ ਨਾਲ ਕਾਂਗਰਸ ਨੇ ਇੱਕ ਵਾਰ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਪੂਰੀ ਦੁਨੀਆਂ ਅੰਦਰ ਨਫਰਤ ਦੇ ਪਾਤਰ ਬਣਾਇਆ ਸੀ। ਹੁਣ ਜਿਵੇਂਕਿ ਕੋਰੋਨਾਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਦਹਿਸ਼ਤ ਫੈਲੀ ਹੈ ਤਾਂ ਕਾਂਗਰਸ ਨੇ ਇੱਕ ਵਾਰ ਫਿਰ ਸਿੱਖਾਂ ਨੂੰ ਪੂਰੀਆਂ ਸਾਹਮਣੇ ਸ਼ੱਕੀਆਂ ਦੀ ਸੂਚੀ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਵੀਡਿਓ ਸੁਨੇਹਿਆਂ ਰਾਹੀਂ ਸ਼ਰਧਾਲੂਆਂ ਦੀਆਂ ਤਕਲੀਫਾਂ ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਧਾਲੂਆਂ ਵਿਰੁੱਧ ਦਿਗਵਿਜੈ ਅਤੇ ਕਈ ਪੰਜਾਬ ਦੇ ਮੰਤਰੀਆਂ ਦੁਆਰਾ ਬਿਆਨ ਜਾਰੀ ਕਰਕੇ ਪੂਰੀ ਸਿੱਖ ਕੌਮ ਦਾ ਅਕਸ ਖਰਾਬ ਕਰਨ ਲਈ ਪੰਜਾਬੀਆਂ ਅਤੇ ਖਾਸ ਕਰਕੇ ਖਾਲਸਾ ਪੰਥ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਾਂਦੇੜ ਤੋਂ ਸਿੱਖ ਸ਼ਰਧਾਲੂਆਂ ਦਾ ਸੰਬੰਧ ਪੰਜਾਬ ਵਿਚ ਕੋਰੋਨਾਵਾਇਰਸ ਦੇ ਫੈਲਾਅ ਨਾਲ ਜੋੜਣਾ ਸਿਰੇ ਦਾ ਪਾਗਲਪਣ ਹੋਵੇਗਾ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਵਾਇਰਸ ਇੱਕ ਗਲੋਬਲ ਬੀਮਾਰੀ ਹੈ ਅਤੇ ਇਹ ਵਾਇਰਸ ਸ਼ਰਧਾਲੂਆਂ ਦੀ ਪੰਜਾਬ ਵੱਲ ਵਾਪਸੀ ਸ਼ੁਰੂ ਕਰਨ ਤੋਂ ਵੀ ਇੱਕ ਮਹੀਨਾ ਸੂਬੇ ਅੰਦਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਸੀ।
ਸਰਦਾਰ ਬਾਦਲ ਦਾ ਇਹ ਪ੍ਰਤੀਕਰਮ ਦਿਗਵਿਜੈ ਸਿੰਘ ਵੱਲੋਂ ਟਵਿੱਟਰ ਉੱਤੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਵਿਚ ਕੋਰੋਨਾਵਾਇਰਸ ਦੇ ਫੈਲਾਅ ਨਾਲ ਜੋੜਣ ਵਾਲੀਆਂ ਟਿੱਪਣੀਆਂ ਮਗਰੋਂ ਸਾਹਮਣੇ ਆਇਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇੱਥੇ ਸਰਕਾਰ ਬਦਮਾਸ਼ ਹੈ ਜਦਕਿ ਸ਼ਰਧਾਲੂ ਇਸ ਦੀ ਬਦਮਾਸ਼ੀ ਦਾ ਸ਼ਿਕਾਰ ਹਨ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਦੀ ਸਰਕਾਰ ਅਤੇ ਪਾਰਟੀ ਪੰਜਾਬ ਵਿਚ ਕੋਰੋਨਾਵਾਇਰਸ ਦੇ ਫੈਲਾਅ ਲਈ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰਨਾ ਬੰਦ ਕਰੇ।
ਸਰਦਾਰ ਬਾਦਲ ਨੇ ਉਹਨਾਂ ਦੀ ਪਾਰਟੀ ਵੱਲੋਂ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਵਾਪਸ ਲਿਆਉਣ ਲਈ ਕੀਤੇ ਯਤਨਾਂ ਨੂੰ ਸਹੀ ਠਹਿਰਾਇਆ। ਉਹਨਾਂ ਕਿਹਾ ਕਿ ਮੈਂ ਨਿੱਜੀ ਤੌਰ ਅਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਨ ਦੇ ਫੈਸਲੇ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਉਹਨਾਂ ਕਿਹਾ ਕਿ ਸਿਰਫ ਸ਼ਰਧਾਲੂਆਂ ਨੂੰ ਹੀ ਨਹੀਂ, ਮੈਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਫਸੇ ਹਰ ਪੰਜਾਬੀ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਹਾਂ। ਪੂਰੀ ਦੁਨੀਆਂ ਵਿਚ ਇਹੀ ਕੁੱਝ ਹੋ ਰਿਹਾ ਹੈ। ਸਰਕਾਰ ਨੇ ਸਿਰਫ ਇੱਕ ਕੰਮ ਕਰਨਾ ਹੈ ਕਿ ਵਾਪਸ ਆ ਰਹੇ ਲੋਕਾਂ ਨੂੰ ਮੈਡੀਕਲ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਐਸਜੀਪੀਸੀ ਕਿੰਨੀ ਵਾਰ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਸ਼ਰਧਾਲੂਆਂ ਅਤੇ ਹਰ ਇੱਕ ਪੰਜਾਬੀ ਦੀ ਇਸ ਸੰਕਟ ਦੀ ਘੜੀ ਵਿਚ ਉੁਹਨਾਂ ਨੂੰ ਏਕਾਂਤਵਾਸ ਦੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਗੇ। ਪਰ ਸਾਡੀ ਬੇਨਤੀ ਨੂੰ ਸਵੀਕਾਰ ਕਰਨ ਦੀ ਬਜਾਇ ਸਰਕਾਰ ਇਹਨਾਂ ਸ਼ਰਧਾਲੂਆਂ ਅਤੇ ਬਾਕੀ ਪੰਜਾਬੀਆਂ ਨੂੰ ਗੰਦੀਆਂ ਇਮਾਰਤਾਂ ਅੰਦਰ ਏਕਾਂਤਵਾਸ ਵਿਚ ਪਾ ਕੇ ਉਹਨਾਂ ਉੱਤੇ ਅੱਤਿਆਚਾਰ ਕਰ ਰਹੀ ਹੈ।
ਸਰਦਾਰ ਬਾਦਲ ਨੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਵਾਪਸੀ ਯਾਤਰਾ ਦੌਰਾਨ ਜਾਂ ਇੱਥੇ ਪਹੁੰਚਣ ਉੱਤੇ ਵਾਇਰਸ ਦੀ ਲਾਗ ਲਾਉਣ ਦੀ ਸੰਬੰਧੀ ਰਚੀ ਇੱਕ ਸਾਜ਼ਿਸ਼ ਬਾਰੇ ਆਈਆਂ ਰਿਪੋਰਟਾਂ ਉੱਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ, ਕਿਉਂਕਿ ਚੱਲਣ ਤੋਂ ਪਹਿਲਾਂ ਉੱਥੇ ਕੀਤੇ ਗਏ ਸਾਰੇ ਟੈਸਟ ਨੈਗੇਟਿਵ ਆਏ ਸਨ। ਉਹਨਾਂ ਨੇ ਸ਼ਰਧਾਲੂਆਂ ਦੀ ਵਾਪਸੀ ਦੌਰਾਨ ਨਿਯਮਾਂ ਦੀ ਪਾਲਣਾ ਸੰਬੰਧੀ ਮੁੱਖ ਮੰਤਰੀ ਉੱੇਤੇ ਸੁਆਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਭੇਜਣ ਤੋਂ ਪਹਿਲਾਂ ਉਹਨਾਂ ਦੇ ਟੈਸਟ ਨਾ ਕਰਕੇ ਜਾਂ ਉਹਨਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਆਉਣ ਤਕ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਥਾਵਾਂ ਉਤੇ ਏਕਾਂਤਵਾਸ ਵਿਚ ਨਾ ਪਾ ਕੇ ਆਪਣੇ ਨਿਯਮਾਂ ਦੀ ਖੁਦ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਬੱਸਾਂ ਵਿਚ ਸ਼ਰਧਾਲੂਆਂ ਨੂੰ ਬਿਠਾਉਂਦੇ ਸਮੇਂ ਸਮਾਜਿਕ ਦੂਰੀ ਸੰਬੰਧੀ ਸਰਕਾਰ ਦੇ ਆਪਣੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਉਹਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਲਿਆਉਣ ਲਈ ਸਿਰਫ ਇੰਨੀ ਘੱਟ ਬੱਸਾਂ ਕਿਉਂ ਭੇਜੀਆਂ ਗਈਆਂ ਜਦਕਿ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇੱਕ ਬੱਸ ਵਿਚ ਸਿਰਫ 25 ਯਾਤਰੀਆਂ ਨੂੰ ਹੀ ਸਫ਼ਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਸਾਰਿਆਂ ਨੂੰ ਵਾਇਰਸ ਫੈਲਣ ਦੇ ਖਤਰੇ ਬਾਰੇ ਪਤਾ ਸੀ ਤਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਨਾਲ ਡਾਕਟਰ ਕਿਉਂ ਨਹੀਂ ਭੇਜੇ ਗਏ? ਉਹਨਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀ ਬਜਾਇ ਪੁਲਿਸ ਕਰਮੀ ਭੇਜਣ ਨੂੰ ਕਿਉਂ ਪਹਿਲ ਦਿੱਤੀ? ਉਹਨਾਂ ਕਿਹਾ ਕਿ ਕੀ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੇ ਪੁਲਿਸ ਕਰਮੀਆਂ ਅਤੇ ਡਰਾਇਵਰਾਂ ਸਮੇਤ ਸਾਰੇ ਸਟਾਫ ਦੇ ਕੋਰੋਨਾਵਾਇਰਸ ਸੰਬੰਧੀ ਟੈਸਟ ਨੈਗੇਟਿਵ ਆਏ ਸਨ? ਉਹਨਾਂ ਕਿਹਾ ਕਿ ਵਾਪਸ ਆਉਣ ਉੁੱਤੇ ਸ਼ਰਧਾਲੂਆਂ ਦੇ ਟੈਸਟ ਅਤੇ ਉਹਨਾਂ ਨੂੰ ਏਕਾਂਤਵਾਸ ਵਿਚ ਕਿਉਂ ਨਹੀਂ ਪਾਇਆ ਗਿਆ?
ਸਰਦਾਰ ਬਾਦਲ ਨੇ ਕਿਹਾ ਕਿ ਇਹ ਸੁਆਲ ਤੁਰੰਤ ਜੁਆਬ ਮੰਗਦੇ ਹਨ। ਅਕਾਲੀ ਦਲ ਨੇ ਇਸ ਸਮੁੱਚੀ ਘਟਨਾ ਦੀ ਇੱਕ ਉੱਚ ਪੱਧਰੀ, ਸੁਤੰਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਇਹ ਮਾਮਲਾ ਕਾਫੀ ਸ਼ੱਕੀ ਅਤੇ ਰਹੱਸਮਈ ਜਾਪਦਾ ਹੈ।