ਸ੍ਰੀ ਐਨਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਰਚ ਰਹੀ ਹੈ
ਚੰਡੀਗੜ੍ਹ/27 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਵਿਖੇ ਹੋਏ ਗਊ ਹੱਤਿਆ ਕਾਂਡ ਨੂੰ ਸੂਬੇ ਦੀ ਅਮਨ-ਸ਼ਾਤੀ ਅੱਗ ਲਾਉਣ ਦੀ ਸਾਜਿਸ਼ ਕਰਾਰ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਰਿੰਕੂ ਗੁਮਤਾਲ ਨੂੰ ਤੁਰੰਤ ਗਿਰਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਇੱਕ ਕਾਂਗਰਸੀ ਆਗੂ ਦੀ ਇੱਕ ਜੀਉਂਦੇ ਵਛੜੇ ਨੂੰ ਕੱਟਣ ਵਰਗੀ ਬੇਰਹਿਮੀ ਭਰੀ ਘਟਨਾ ਵਿਚ ਸ਼ਮੂਲੀਅਤ ਤੋਂ ਬਾਅਦ ਵੀ ਇਸ ਮਾਮਲੇ ਨੂੰ ਰਫਾ ਦਫਾ ਕਰਨ ਅਤੇ ਦੋਸ਼ੀ ਆਗੂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ।
ਇਸ ਘਟਨਾ ਬਾਰੇ ਸਖ਼ਤ ਪ੍ਰਤੀਕਰਮ ਜ਼ਾਹਿਰ ਕਰਦਿਆਂ ਸੀਨੀਅਰ ਅਕਾਲੀ ਆਗੂ ਸ੍ਰੀ ਐਨਕੇ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਉਹਨਾਂ ਕਾਲੇ ਦਿਨਾਂ ਦੀ ਯਾਦ ਤਾਜ਼ਾ ਕਰਵਾਉਂਦੀ ਹੈ, ਜਦੋਂ ਕੁੱਝ ਕਾਂਗਰਸੀਆਂ ਨੇ ਮੰਦਿਰਾਂ ਵਿਚ ਗਊਆਂ ਦੀਆ ਪੂਛਾਂ ਅਤੇ ਗੁਰਦੁਆਰਿਆਂ ਵਿਚ ਬੀੜੀਆਂ ਸੁਟਵਾ ਕੇ ਪੰਜਾਬ ਨੂੰ ਹਿੰਸਾ ਦੀ ਅੱਗ ਵਿਚ ਸੁੱਟਿਆ ਸੀ, ਜਿਸ ਦਾ ਸੰਤਾਪ ਪੰਜਾਬੀਆਂ ਨੂੰ 15 ਸਾਲ ਤਕ ਭੋਗਣਾ ਪਿਆ ਸੀ। ਉਹਨਾਂ ਕਿਹਾ ਕਿ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਸਕੱਤਰ ਥਾਪੇ ਰਿੰਕੂ ਗੁਮਤਾਲ ਦਾ ਪੰਜਾਬ ਅੰਦਰ ਬੇਅਦਬੀ ਦੀ ਅਜਿਹੀ ਸਾਜ਼ਿਸ ਰਚਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਦੁਬਾਰਾ ਫਿਰਕੂ ਅੱਗ ਭੜਕਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਦੇ ਇਹਨਾਂ ਮਾੜੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਇੱਕ ਜੀਉਂਦੇ ਗਊ ਦੇ ਵਛੜੇ ਦੀ ਖੱਲ ਲਾਹੁੰਦੇ ਫੜੇ ਗਏ ਰਿੰਕੂ ਗੁਮਤਾਲ ਅਤੇ ਉਸ ਦੇ ਦੋ ਸਾਂਥੀ ਕੁੱਕੂ ਸੈਮਸੰਗ ਅਤੇ ਫਕੀਰ ਮਸੀਹ ਖ਼ਿਲਾਫ ਨਾ ਸਿਰਫ ਮਾਮੂਲੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਹੈ, ਸਗੋਂ ਇਸ ਕੇਸ ਵਿਚੋਂ ਬਾਹਰ ਕੱਢ ਕੇ ਗੁੰਮਤਾਲ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਪਰਸ਼ੂ ਰਾਮ ਦੀ ਜਯੰਤੀ ਮੌਕੇ ਇੱਕ ਜੀਉਂਦੇ ਵਛੜੇ ਨੂੰ ਵੱਢ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਇਹਨਾਂ ਦੋਸ਼ੀਆ ਖ਼ਿæਲਾਫ ਤੁਰੰਤ ਧਾਰਾ 302 ਅਤੇ 295 ਏ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਰਿੰਕੂ ਗੁਮਤਾਲ ਦੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਮੇਤ ਵੱਡੇ ਆਗੂਆਂ ਨਾਲ ਸਿਆਸੀ ਨੇੜਤਾ ਬਾਰੇ ਦੱਸਦਿਆਂ ਅਕਾਲੀ ਆਗੂ ਨੇ ਕੁੱਝ ਤਸਵੀਰਾਂ ਵਿਖਾਈਆਂ, ਜਿਹਨਾਂ ਵਿਚ ਗੁਮਤਾਲ ਰਾਹੁਲ ਅਤੇ ਕੈਪਟਨ ਨਾਲ ਵੱਖ ਵੱਖ ਮੌਕਿਆਂ ਉੱਤੇ ਖੜ੍ਹਿਆ ਨਜ਼ਰ ਆ ਰਿਹਾ ਹੈ। ਉਹਨਾਂ ਦੱਸਿਆ ਕਿ ਗੁਮਤਾਲ ਦੀ ਅੰਮ੍ਰਿਸਤਰ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨਾਲ ਵੀ ਕਾਫੀ ਨੇੜਤਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇੰਨੇ ਸੀਨੀਅਰ ਆਗੂ ਵੱਲੋਂ ਸਿਰਫ ਮੀਟ ਵੇਚਣ ਲਈ ਵਛੜੇ ਨੂੰ ਵੱਢਣਾ ਸੰਭਵ ਨਹੀਂ ਹੈ। ਇਹ ਘਟਨਾ ਹਿੰਦੂਆਂ ਦੀਆਂ ਭਾਵਨਾਵਾਂ ਭੜਕਾ ਦੇ ਸੂਬਾ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਜਾਪਦੀ ਹੈ। ਉਹਨਾਂ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਅਤੇ ਇਸ ਸਮੁੱਚੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਰਾਜ ਭਰ ਵਿਚ ਇੱਕ ਵੱਡਾ ਅੰਦੋਲਨ ਚਲਾਇਆ ਜਾਵੇਗਾ।