ਚੰਡੀਗੜ੍ਹ/18 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਵਿਚ ਅੱਜ ਪੁਰਨ ਭਰੋਸਾ ਜਤਾਇਆ ਅਤੇ ਨਾਲ ਹੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਅਪੀਲ ਕੀਤੀ ਕਿ ਜਿਸ ਮਾਂ-ਪਾਰਟੀ ਨੇ ਉਹਨਾਂ ਨੂੰ ਇੰਨਾ ਕੁੱਝ ਦਿੱਤਾ ਹੈ, ਉਸ ਖ਼ਿਲਾਫ ਝੂਠੇ ਦੋਸ਼ ਲਗਾ ਕੇ ਉਹ ਪਾਰਟੀ ਦਾ ਨੁਕਸਾਨ ਕਰਨ ਤੋਂ ਪਰਹੇਜ਼ ਕਰਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਦਾਰ ਢੀਂਡਸਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੌਰਾਨ ਲਏ ਸਾਰੇ ਫੈਸਲਿਆਂ ਦਾ ਉਹ ਹਿੱਸਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਰਦਾਰ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਨੇ ਸਾਨੂੰ ਸਾਰਿਆਂ ਨੂੰ ਕਿੰਨੀ ਅਹਿਮੀਅਤ ਦਿੱਤੀ ਹੈ। ਸਾਡੀ ਸਹਿਮਤੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਲਿਆ ਗਿਆ। ਇਹਨਾਂ ਸਾਰੀਆਂ ਗੱਲਾਂ ਦੀ ਰੋਸ਼ਨੀ ਵਿਚ ਤੁਹਾਡੇ ਵਰਗੇ ਇੱੱਕ ਸੀਨੀਅਰ ਆਗੂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਪਾਰਟੀ ਪ੍ਰਧਾਨ ਖ਼ਿਲਾਫ ਕੋਈ ਵੀ ਦੋਸ਼ ਲਾਵੇ ਅਤੇ ਅਜਿਹੀਆਂ ਗਤੀਵਿਧੀਆਂ ਵਿਚ ਭਾਗ ਲਵੇ, ਜਿਹੜੀ ਸਿਰਫ ਪਾਰਟੀ ਦਾ ਹੀ ਨੁਕਸਾਨ ਕਰਨਗੀਆਂ।
ਅਕਾਲੀ ਆਗੂਆਂ ਨੇ ਕਿਹਾ ਕਿ ਉਹ ਹੁਣ ਮਹਿਸੂਸ ਕਰਦੇ ਹਨ ਕਿ ਸੀਨੀਅਰ ਲੀਡਰਸ਼ਿਪ ਨੂੰ ਉਹਨਾਂ ਸਾਰੀਆਂ ਨਿਆਮਤਾਂ ਦਾ ਮੁੱਲ ਮੋੜਣਾ ਚਾਹੀਦਾ ਹੈ, ਜਿਹੜੀਆਂ ਪਾਰਟੀ ਦਹਾਕਿਆਂ ਤੋਂ ਉਹਨਾਂ ਨੂੰ ਦਿੰਦੀ ਆਈ ਹੈ, ਜਿਹਨਾਂ ਵਿਚ ਪਾਰਟੀ ਦੀ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ ਲਈਆਂ ਮਿਹਰਬਾਨੀਆਂ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਤੁਸੀਂ ਅਖੌਤੀ ਟਕਸਾਲੀਆਂ ਨਾਲ ਮਿਲ ਕੇ ਅਕਾਲੀ ਵਰਕਰਾਂ ਅੰਦਰ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਕਿਹਾ ਕਿ ਅਕਾਲੀ ਵਰਕਰ ਇਸ ਨੂੰ ਪਸੰਦ ਨਹੀਂ ਕਰਨਗੇ, ਕਿਉਂਕਿ ਉਹਨਾਂ ਲਈ ਪਾਰਟੀ ਸਭ ਤੋਂ ਉੱਪਰ ਹੈ, ਨਿੱਜੀ ਵਫਾਦਾਰੀਆਂ ਤੋਂ ਵੀ। ਅਕਾਲੀ ਵਰਕਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਅਕਾਲੀ ਆਗੂਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਤੀਜੀ ਵਾਰ ਇੱਕ ਲੋਕਤੰਤਰੀ ਪ੍ਰਕਿਰਿਆ ਰਾਹੀਂ ਅਕਾਲੀ ਦਲ ਦੇ ਪ੍ਰਧਾਨ ਚੁਣਿਆ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਪ੍ਰਧਾਨ ਦੇ ਅਹੁਦੇ ਲਈ ਇਸੇ ਤਰ੍ਹਾਂ ਚੋਣਾਂ ਹੋਈਆਂ ਸਨ ਅਤੇ ਸਰਦਾਰ ਢੀਂਡਸਾ ਨੇ ਇਸੇ ਵਿਧੀ ਦਾ ਸਮਰਥਨ ਕੀਤਾ ਸੀ।
ਸਰਦਾਰ ਢੀਂਡਸਾ ਨੂੰ ਅਜਿਹਾ ਕੁੱਝ ਨਾ ਕਰਨ ਦੀ ਅਪੀਲ ਕਰਦਿਆਂ, ਜਿਸ ਨਾਲ ਕਾਂਗਰਸ ਪਾਰਟੀ ਦੀ ਅਕਾਲੀ ਦਲ ਅਤੇ ਸਿੱਖ ਸੰਸਥਾਂਵਾਂ ਖਾਸ ਕਰਕੇ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਸੱਧਰ ਪੂਰੀ ਹੁੰਦੀ ਹੋਵੇ, ਅਕਾਲੀ ਆਗੂਆਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਪੰਜਾਬੀ ਸੂਬੇ, ਸਾਡੇ ਪਾਣੀਆਂ ਦੀ ਰਾਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੰਸੀ ਦੌਰਾਨ ਸਿਵਲ ਅਧਿਕਾਰਾਂ ਦੀ ਰਾਖੀ ਲਈ ਡਟ ਕੇ ਮੋਰਚੇ ਲਾਏ ਹਨ। ਅਸੀਂ ਹਰ ਚੰਗੇ ਅਤੇ ਮਾੜੇ ਸਮੇਂ ਵਿਚ ਸਰਦਾਰ ਪਰਕਾਸ਼ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਾਂ ਅਤੇ ਕਾਂਗਰਸ ਪਾਰਟੀ ਵੱਲੋਂ ਸਾਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ। ਅੱਜ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਨੂੰ ਇੱਕ ਮਜ਼ਬੂਤ ਅਕਾਲੀ ਦਲ ਦੀ ਲੋੜ ਹੈ, ਇਹ ਚਾਹੇ ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫੀ ਤੋਂ ਮੁਕਰਨ ਕਰਕੇ ਪੈਦਾ ਹੋਇਆ ਕਿਸਾਨੀ ਸੰਕਟ ਹੋਵੇ, ਘਰ ਘਰ ਨੌਕਰੀ ਦੇ ਵਾਅਦੇ ਤੋਂ ਮੁਕਰਨ ਕਰਕੇ ਨੌਜਵਾਨਾਂ ਅੰਦਰ ਪਸਰੀ ਨਿਰਾਸ਼ਾ ਹੋਵੇ ਅਤੇ ਲੋਕ ਭਲਾਈ ਸਕੀਮਾਂ ਨੂੰ ਬੰਦ ਹੋਣ ਕਰਕੇ ਦਲਿਤਾਂ ਤੇ ਗਰੀਬਾਂ ਤਬਕਿਆਂ ਦੀ ਹੋ ਰਹੀ ਦੁਰਦਸ਼ਾ ਹੋਵੇ। ਕਾਂਗਰਸ ਦੀ ਗੁੰਡਾਗਰਦੀ ਨੂੰ ਰੋਕਣ ਅਤੇ ਕਾਂਗਰਸੀ ਧੱਕੇਸ਼ਾਹੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਮੋਰਚਾ ਲਾਉਣ ਦੀ ਲੋੜ ਹੈ। ਕਿਰਪਾ ਕਰਕੇ ਇਹਨਾਂ ਔਖੇ ਸਮਿਆਂ ਵਿਚ ਪੰਜਾਬ ਅਤੇ ਪੰਜਾਬੀਆਂ ਦਾ ਸਾਥ ਦੇਵੋ ਅਤੇ ਅਜਿਹਾ ਕੋਈ ਕਦਮ ਨਾ ਚੁੱਕੋ, ਜਿਹੜਾ ਪੰਜਾਬ-ਵਿਰੋਧੀ ਤਾਕਤਾਂ ਦੇ ਹੱਕ ਵਿਚ ਭੁਗਤੇਗਾ।