ਚੰਡੀਗੜ/13 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਵੇਰੇ ਕਸੌਲੀ ਵਿਖੇ ਲਿਟਰੇਰੀ ਫੈਸਟ ਦੁਆਰਾ ਕੀਤੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਦੇਸ਼ ਦੇ ਸੱਭਿਆਚਾਰ ਅਤੇ ਵਿਰਸੇ ਖ਼ਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਲਈ ਸਿੱਧੂ ਦੀ ਤੁਰੰਤ ਕੈਬਨਿਟ ਵਿਚੋ ਛੁੱਟੀ ਕਰਨ।
ਪਾਰਟੀ ਦਾ ਕਹਿਣਾ ਹੈ ਕਿ ਸਿੱਧੂ ਨੇ ਆਪਣੀ ਪਾਕਿਸਤਾਨੀ ਫੇਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿਚ ਯਾਤਰਾ ਕਰਨਾ ਬਹੁਤ ਹੀ ਸ਼ਾਨਦਾਰ ਲੱਗਦਾ ਹੈ, ਕਿਉਂਕਿ ਉੱਥੇ ਇੱਕ ਭਾਸ਼ਾ ਹੈ,ਇੱਕੋ ਤਰ•ਾਂ ਦਾ ਖਾਣ-ਪੀਣ ਅਤੇ ਇੱਕੋ ਕਿਸਮ ਦੇ ਲੋਕ ਹਨ। ਇਸ ਦੇ ਉਲਟ ਸਾਡੇ ਇੱਥੇ ਦੱਖਣੀ ਭਾਰਤ ਵਿਚ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਕਰਕੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਵਿਅਕਤੀ ਨੂੰ ਤੇਲਗੂ ਸਿੱਖਣੀ ਪੈਂਦੀ ਹੈ। ਇਸ ਤੋਂ ਇਲਾਵਾ ਵੱਖਰੀ ਕਿਸਮ ਦਾ ਭੋਜਨ ਕਰਨਾ ਪੈਂਦਾ ਹੈ। ਸਿੱਧੂ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਪਾਕਿਸਤਾਨ ਜਾਣਾ ਇੱਕ ਸੁਫਨਿਆਂ ਦੇ ਦੇਸ਼ ਜਾਣ ਵਾਂਗ ਲੱਗਦਾ ਹੈ ਜਦਕਿ ਭਾਰਤ ਵਿਚ ਯਾਤਰਾ ਕਰਨਾ ਇੱਕ ਡਰਾਉਣਾ ਅਨੁਭਵ ਹੁੰਦਾ ਹੈ।
ਭਾਰਤ ਦੀ ਵੰਨ-ਸੁਵੰਨਤਾ, ਜਿਸ ਵਿਚ ਇਸ ਦੇ ਵੱਖ ਵੱਖ ਧਰਮ, ਪਹਿਰਾਵੇ, ਸੰਗੀਤ, ਖਾਣੇ, ਸੱਭਿਆਚਾਰ ਅਤੇ ਭਾਸ਼ਾਵਾਂ ਸ਼ਾਮਿਲ ਹਨ, ਦਾ ਅਪਮਾਨ ਕਰਨ ਲਈ ਸਿੱਧੂ ਦੀ ਝਾੜਝੰਬ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤ ਬੁਲਾਰੇ ਸਰਦਾਰ ਮਹੇਸ਼ਇੰਦਰ ਨੇ ਕਿਹਾ ਹੈ ਕਿ ਦੇਸ਼ ਦਾ ਨਿਰਾਦਰ ਕਰਨ ਲਈ ਸਿੱਧੂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਵੈ-ਘੋਸ਼ਿਤ ਬੁਲਾਰਾ ਅਤੇ ਨੁੰਮਾਇਦਾ ਬਣ ਚੁੱਕਿਆ ਹੈ ਜੋ ਕਿ ਲਗਾਤਾਰ ਇਮਰਾਨ ਅਤੇ ਪਾਕਿਸਤਾਨ ਦੀ ਤਾਰੀਫ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਇਹ ਭੁੱਲ ਗਿਆ ਹੈ ਕਿ ਵੰਨ-ਸੁਵੰਨਤਾ ਭਾਰਤ ਦੀ ਸਭ ਤੋਂ ਵੱਡੀ ਖਾਸੀਅਤ ਹੈ, ਜਿੱਥੇ ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖ ਵੱਖ ਖੇਤਰਾਂ, ਜਲਵਾਯੂਆਂ ਅਤੇ ਸੱਭਿਆਚਾਰਾਂ ਵਾਲੇ ਲੋਕ ਖੁਦ ਨੂੰ ਇੱੱਕ ਰਾਸ਼ਟਰ ਵਜੋਂ ਵੇਖਦੇ ਹਨ।
ਅਕਾਲੀ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਧੂ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਉਸ ਦੀ ਛੁੱਟੀ ਕਰਕੇ ਵਿਖਾ ਦੇਣ ਕਿ ਉਹ ਇੱਕ ਦੇਸ਼ਭਗਤ ਸਿਪਾਹੀ ਹਨ, ਜੋ ਕਿ ਸਿੱਧੂ ਦੀਆਂ ਅਜਿਹੀਆਂ ਬੇਵਕੂਫੀਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
ਇਸ ਦੌਰਾਨ ਸਰਦਾਰ ਗਰੇਵਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਮ ਆਦਮੀ ਨੂੰ ਰਾਹਤ ਦੇਣ ਲਈ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਵਾਪਸ ਲੈ ਲੈਣ , ਕਿਉਂਕਿ ਉਹਨਾਂ ਦੀ ਸਰਕਾਰ ਸੱਤਾ ਵਿਚ ਆਉਣ ਮਗਰੋਂ ਬਿਜਲੀ ਦਰਾਂ ਵਿਚ 11 ਵਾਰ ਵਾਧਾ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਬਿਜਲੀ ਸਭ ਤੋਂ ਮਹਿੰਗੀ ਹੈ। ਇਹ ਫਰਕ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਹੈ।